ਨੂੰਹ ਹਿੰਸਾ ਮਾਮਲੇ ‘ਚ ਵੱਡੀ ਕਾਰਵਾਈ, ਅਜਮੇਰ ਤੋਂ ਕਾਂਗਰਸੀ ਵਿਧਾਇਕ ਮਾਮਨ ਖਾਨ ਗ੍ਰਿਫਤਾਰ
ਆਖਿਰਕਾਰ ਨੂੰਹ ਹਿੰਸਾ ਮਾਮਲੇ 'ਚ ਕਾਂਗਰਸੀ ਵਿਧਾਇਕ ਮਾਮਨ ਖਾਨ 'ਤੇ ਕਾਰਵਾਈ ਕੀਤੀ ਗਈ। ਹਰਿਆਣਾ ਐਸਆਈਟੀ ਨੇ ਮਾਮਨ ਖਾਨ ਨੂੰ ਵੀਰਵਾਰ ਰਾਤ ਅਜਮੇਰ ਤੋਂ ਗ੍ਰਿਫ਼ਤਾਰ ਕੀਤਾ। ਦਰਅਸਲ, SIT ਨੇ ਮਾਮਨ ਖਾਨ ਨੂੰ ਦੋ ਵਾਰ ਪੁੱਛਗਿੱਛ ਲਈ ਬੁਲਾਇਆ ਪਰ ਉਹ ਪੇਸ਼ ਨਹੀਂ ਹੋਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਨੂੰਹ ਹਿੰਸਾ ਮਾਮਲੇ ‘ਚ ਹਰਿਆਣਾ ਪੁਲਿਸ ਦੀ SIT ਨੇ ਰਾਜਸਥਾਨ ਦੇ ਅਜਮੇਰ ਤੋਂ ਕਾਂਗਰਸੀ ਵਿਧਾਇਕ ਮਮਨ ਖਾਨ ਨੂੰ ਗ੍ਰਿਫਤਾਰ ਕੀਤਾ ਹੈ। ਮਮਨ ਖ਼ਾਨ ਫ਼ਿਰੋਜ਼ਪੁਰ ਝਿਰਕਾ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। ਮੋਨੂੰ ਮਾਨੇਸਰ ਦੀ ਗ੍ਰਿਫਤਾਰੀ ਤੋਂ ਬਾਅਦ ਨੂੰਹ ਹਿੰਸਾ ‘ਚ ਇਹ ਸਭ ਤੋਂ ਵੱਡੀ ਗ੍ਰਿਫਤਾਰੀ ਹੈ। ਸੂਤਰਾਂ ਮੁਤਾਬਕ ਹਿੰਸਾ ਦੀ ਜਾਂਚ ਲਈ ਵਿਧਾਇਕ ਮਮਨ ਖਾਨ ਨੂੰ ਸੰਮਨ ਕੀਤਾ ਗਿਆ ਸੀ, ਪਰ ਵਿਧਾਇਕ ਪੇਸ਼ ਨਹੀਂ ਹੋਏ, ਜਿਸ ਤੋਂ ਬਾਅਦ ਵੀਰਵਾਰ ਰਾਤ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮਮਨ ਖਾਨ ‘ਤੇ ਹਿੰਸਾ ਭੜਕਾਉਣ ਦਾ ਦੋਸ਼ ਹੈ। ਇਸ ਕਾਰਨ ਉਹ ਜਾਂਚ ਏਜੰਸੀਆਂ ਦੇ ਰਡਾਰ ‘ਤੇ ਸੀ।
ਦੱਸ ਦਈਏ ਕਿ ਮਾਮਨ ਖਾਨ ਨੂੰ ਪੰਜਾਬ-ਹਰਿਆਣਾ ਹਾਈਕੋਰਟ ਤੋਂ ਗ੍ਰਿਫਤਾਰੀ ਤੋਂ ਕੋਈ ਰਾਹਤ ਨਹੀਂ ਮਿਲੀ ਅਤੇ ਉਨ੍ਹਾਂ ਨੂੰ ਹੇਠਲੀ ਅਦਾਲਤ ‘ਚ ਜਾ ਕੇ ਪ੍ਰਕਿਰਿਆ ਦੇ ਮੁਤਾਬਕ ਜ਼ਮਾਨਤ ਦੀ ਅਰਜ਼ੀ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ ਪਰ ਇਸ ਤੋਂ ਪਹਿਲਾਂ ਹੀ ਹਰਿਆਣਾ ਦੀ ਐੱਸ.ਆਈ.ਟੀ. ਪੁਲਿਸ ਨੇ ਮਾਮਨ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਦੋ ਵਾਰ ਨੋਟਿਸ ਦਿੱਤੇ ਜਾਣ ਦੇ ਬਾਵਜੂਦ ਮਾਮਨ ਖਾਨ ਹਰਿਆਣਾ ਪੁਲਿਸ ਦੀ ਐਸਆਈਟੀ ਸਾਹਮਣੇ ਪੇਸ਼ ਨਹੀਂ ਹੋਏ ਸਨ।
ਕੀ ਪੁਲਿਸ ਕੋਲ ਮਾਮਨ ਖਾਨ ਖਿਲਾਫ ਠੋਸ ਸਬੂਤ?
ਮਾਮਨ ਖਾਨ ਨੂੰ ਸ਼ੁੱਕਰਵਾਰ ਨੂੰਹ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਸੂਤਰਾਂ ਅਨੁਸਾਰ ਹਰਿਆਣਾ ਪੁਲਿਸ ਕੋਲ ਨੂੰਹ ਹਿੰਸਾ ਦੀ ਸਾਜ਼ਿਸ਼ ‘ਚ ਮਾਮਨ ਖਾਨ ਦੇ ਸ਼ਾਮਲ ਹੋਣ ਦੇ ਪੁਖਤਾ ਸਬੂਤ ਹਨ ਅਤੇ ਇਸ ਦੀ ਜਾਂਚ ਲਈ ਮਾਮਨ ਖਾਨ ਨੂੰ ਦੋ ਵਾਰ ਜਾਂਚ ਵਿਚ ਸ਼ਾਮਲ ਹੋਣ ਲਈ ਬੁਲਾਇਆ ਗਿਆ ਸੀ, ਪਰ ਦੋਵੇਂ ਵਾਰ ਮਾਮਨ ਖਾਨ ਜਾਂਚ ਵਿਚ ਸ਼ਾਮਲ ਨਹੀਂ ਹੋਏ ਸੀ ਅਤੇ ਗ੍ਰਿਫਤਾਰੀ ਤੋਂ ਬਚਣ ਲਈ ਪੰਜਾਬ-ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ।
ਇਸ ਮਾਮਲੇ ‘ਚ ਪੰਜਾਬ-ਹਰਿਆਣਾ ਹਾਈਕੋਰਟ ‘ਚ ਸੁਣਵਾਈ ਦੀ ਅਗਲੀ ਤਰੀਕ 19 ਅਕਤੂਬਰ ਸੀ ਅਤੇ ਉਸ ਤੋਂ ਪਹਿਲਾਂ ਗ੍ਰਿਫਤਾਰੀ ਤੋਂ ਬਚਣ ਲਈ ਮਮਨ ਖਾਨ ਕੋਲ ਹੇਠਲੀ ਅਦਾਲਤ ‘ਚ ਜਾ ਕੇ ਅਗਾਊਂ ਜ਼ਮਾਨਤ ਲੈਣ ਦਾ ਵਿਕਲਪ ਸੀ, ਪਰ ਹਰਿਆਣਾ ਪੁਲਿਸ ਨੇ ਇਹ ਮੌਕਾ ਨਹੀਂ ਦਿੱਤਾ ਅਤੇ ਇਸਤੋਂ ਪਹਿਲਾਂ ਹੀ ਮਾਮਨ ਨੂੰ ਗ੍ਰਿਫਤਾਰ ਕਰ ਲਿਆ।
ਨੂੰਹ ਹਿੰਸਾ ‘ਚ 61 FIR ਦਰਜ, 280 ਲੋਕ ਗ੍ਰਿਫਤਾਰ
31 ਜੁਲਾਈ ਨੂੰ ਹਰਿਆਣਾ ਦੇ ਨੂੰਹ ਵਿੱਚ ਸ਼ੋਭਾਯਾਤਰਾ ਦੌਰਾਨ ਹਿੰਸਾ ਭੜਕ ਗਈ, ਜਿਸ ਵਿੱਚ ਦੰਗਾਕਾਰੀਆਂ ਨੇ ਕਈ ਦੁਕਾਨਾਂ ਅਤੇ ਨਾਗਰਿਕਾਂ ‘ਤੇ ਹਮਲਾ ਕੀਤਾ। ਹੁਣ ਪੁਲਿਸ ਵੀਡੀਓ ਦੀ ਮਦਦ ਨਾਲ ਇਸ ਮਾਮਲੇ ਦੇ ਮੁਲਜ਼ਮਾਂ ਦੀ ਪਛਾਣ ਕਰ ਰਹੀ ਹੈ। ਪੁਲਿਸ ਨੇ ਹਿੰਸਾ ਵਿੱਚ ਹੁਣ ਤੱਕ 61 ਐਫਆਈਆਰ ਦਰਜ ਕੀਤੀਆਂ ਹਨ, ਜਦੋਂ ਕਿ 280 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹੋਰ ਦੋਸ਼ੀਆਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ।