ਪੁਲਿਸ ਵੱਲੋਂ ਜੰਤਰ-ਮੰਤਰ ਖਾਲੀ ਕਰਨ ਦੀ ਅਪੀਲ, ਅਭਿਜੀਤ ਦੀਪਕੇ ਦਾ ਦਾਅਵਾ- ਮੈਨੂੰ ਹਿਰਾਸਤ ‘ਚ ਲਿਆ ਗਿਆ
ਦਿੱਲੀ ਪੁਲਿਸ ਨੇ 'ਕਾਕਰੋਚ ਜਨਤਾ ਪਾਰਟੀ' ਨਾਲ ਜੁੜੇ ਪ੍ਰਦਰਸ਼ਨਕਾਰੀਆਂ ਨੂੰ ਜਲਦੀ ਤੋਂ ਜਲਦੀ ਜੰਤਰ-ਮੰਤਰ ਖਾਲੀ ਕਰਨ ਦੀ ਅਪੀਲ ਕੀਤੀ ਹੈ। ਇਸ ਦੌਰਾਨ, ਸੀਜੇਪੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਇਲਜ਼ਾਮ ਲਗਾਇਆ ਹੈ ਕਿ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਕੁੱਟਿਆ ਤੇ ਹਿਰਾਸਤ 'ਚ ਲਿਆ। ਦੀਪਕੇ ਨੇ ਇਲਜ਼ਾਮ ਲਗਾਇਆ ਹੈ ਕਿ ਪੁਲਿਸ ਨੇ 20 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਇੱਕ 60 ਸਾਲਾ ਵਿਅਕਤੀ ਨੂੰ ਜ਼ਬਰਦਸਤੀ ਘਸੀਟ ਕੇ ਲੈ ਗਈ।
ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ 18 ਜੁਲਾਈ ਨੂੰ ਦਾਅਵਾ ਕੀਤਾ ਕਿ ਜਦੋਂ ਸੋਨਮ ਵਾਂਗਚੁਕ ਨੂੰ ਹਸਪਤਾਲ ਲਿਜਾਇਆ ਗਿਆ ਤੇ ਜੰਤਰ-ਮੰਤਰ ‘ਤੇ ਹਫੜਾ-ਦਫੜੀ ਮਚ ਗਈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਕੁੱਟਿਆ ਤੇ ਹਿਰਾਸਤ ‘ਚ ਲੈ ਲਿਆ। ਸੋਸ਼ਲ ਮੀਡੀਆ ਪਲੇਟਫਾਰਮ ‘X’ ‘ਤੇ ਇੱਕ ਪੋਸਟ ‘ਚ, ਦੀਪਕੇ ਨੇ ਇਲਜ਼ਾਮ ਲਗਾਇਆ ਕਿ ਦਿੱਲੀ ਪੁਲਿਸ ਜੰਤਰ-ਮੰਤਰ ‘ਤੇ ਕਾਰਵਾਈ ਕਰ ਰਹੀ ਹੈ ਤੇ ਲੋਕਾਂ ਨੂੰ ਕੁੱਟ ਰਹੀ ਹੈ।
ਜ਼ਿਕਰਯੋਗ ਹੈ ਕਿ ਅੱਜ NEET ਪ੍ਰੀਖਿਆ ‘ਚ ਬੇਨਿਯਮੀਆਂ ਤੇ ਪੇਪਰ ਲੀਕ ਮਾਮਲਿਆਂ ਦੀ ਵੱਧ ਰਹੀ ਗਿਣਤੀ ਵਿਰੁੱਧ ਸੋਨਮ ਵਾਂਗਚੁਕ ਦੀ ਭੁੱਖ ਹੜਤਾਲ ਦਾ 21ਵਾਂ ਦਿਨ ਹੈ। ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਤੇ ਪੁਲਿਸ ਉਨ੍ਹਾਂ ਨੂੰ ਹਸਪਤਾਲ ਲੈ ਗਈ ਹੈ।
ਅਭਿਜੀਤ ਦੀਪਕੇ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਜੰਤਰ-ਮੰਤਰ ‘ਤੇ ਭੁੱਖ ਹੜਤਾਲ ਦੌਰਾਨ ਕੁਝ ਗੁੰਡਿਆਂ ਨੇ ਸੋਨਮ ਵਾਂਗਚੁਕ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਦੇ ਹੋਏ, ਦੀਪਕੇ ਨੇ ਕਿਹਾ ਕਿ ਸੋਨਮ ਵਾਂਗਚੁਕ ‘ਤੇ ਕੋਈ ਚੀਜ਼ ਸੁੱਟੀ ਗਈ ਸੀ। ਹਾਲਾਂਕਿ, ਉਹ ਸੁਰੱਖਿਅਤ ਬਚ ਗਏ ਤੇ ਕੋਈ ਸੱਟ ਨਹੀਂ ਲੱਗੀ। ਦੀਪਕੇ ਨੇ ਕਿਹਾ ਕਿ ਕੁਝ ਦਿਨ ਪਹਿਲਾਂ, ਮੈਨੂੰ ਇੱਕ ਪੁਲਿਸ ਦੇ ਅੰਦਰੂਨੀ ਸੂਤਰ ਤੋਂ ਜਾਣਕਾਰੀ ਮਿਲੀ ਸੀ ਕਿ ਕੁਝ ਵਿਅਕਤੀਆਂ ਨੂੰ ਵਿਰੋਧ ਪ੍ਰਦਰਸ਼ਨ ਨੂੰ ਤੋੜਨ ਲਈ ਜੰਤਰ-ਮੰਤਰ ਭੇਜਿਆ ਜਾਵੇਗਾ। ਮੈਂ ਇਸ ਬਾਰੇ ਚੇਤਾਵਨੀ ਦਿੱਤੀ ਸੀ।
ਜੰਤਰ-ਮੰਤਰ ਖਾਲੀ ਕਰਨ ਦੀ ਅਪੀਲ
ਦਿੱਲੀ ਡੀਸੀਪੀ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਪੋਸਟ ਰਾਹੀਂ ਜਾਣਕਾਰੀ ਦਿੱਤੀ ਗਈ। ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ‘ਚ ਤੇ ਡਾਕਟਰੀ ਮਾਹਿਰਾਂ ਦੀ ਸਲਾਹ ਦੇ ਆਧਾਰ ‘ਤੇ ਸੋਨਮ ਵਾਂਗਚੁਕ ਨੂੰ ਉਨ੍ਹਾਂ ਦੀ ਵਿਗੜਦੀ ਸਿਹਤ ਕਾਰਨ ਜ਼ਰੂਰੀ ਡਾਕਟਰੀ ਦੇਖਭਾਲ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਪੋਸਟ’ਚ ਕਿਹਾ ਗਿਆ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਹਾਈ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ ‘ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਕੁਝ ਹੰਗਾਮਾ ਹੋਇਆ। ਹਾਲਾਂਕਿ, ਪੁਲਿਸ ਨੇ ਸੰਜਮ ਵਰਤਿਆ ਤੇ ਪੂਰੀ ਪ੍ਰਕਿਰਿਆ ਨੂੰ ਸੁਰੱਖਿਅਤ ਢੰਗ ਨਾਲ ਪੂਰਾ ਕੀਤਾ। ਅਸੀਂ ਜੰਤਰ-ਮੰਤਰ ‘ਤੇ ਮੌਜੂਦ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀਪੂਰਵਕ ਤੇ ਜਲਦੀ ਤੋਂ ਜਲਦੀ ਜਗ੍ਹਾ ਖਾਲੀ ਕਰਨ ਦੀ ਅਪੀਲ ਕਰਦੇ ਹਾਂ।


