ਬੀ.ਆਰ. ਅੰਬੇਡਕਰ ਮੂਰਤੀ ਛੇੜਛਾੜ ਮਾਮਲੇ ਦੀ ਜਾਂਚ ਕਰੇਗੀ BJP, 6 ਮੈਂਬਰੀ ਕਮੇਟੀ ਬਣਾਈ
ਭਾਜਪਾ ਨੇ ਪੰਜਾਬ ਦੇ ਅੰਮ੍ਰਿਤਸਰ ਵਿੱਚ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਬੇਅਦਬੀ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਹੈ। ਛੇ ਮੈਂਬਰੀ ਕਮੇਟੀ ਘਟਨਾ ਦੀ ਜਾਂਚ ਕਰੇਗੀ ਅਤੇ ਆਪਣੀ ਰਿਪੋਰਟ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੂੰ ਸੌਂਪੇਗੀ।

ਭਾਰਤੀ ਜਨਤਾ ਪਾਰਟੀ ਨੇ 26 ਜਨਵਰੀ ਨੂੰ ਪੰਜਾਬ ਦੇ ਅੰਮ੍ਰਿਤਸਰ ਵਿੱਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਭੰਨਤੋੜ ਦੀ ਘਟਨਾ ਦੀ ਜਾਂਚ ਲਈ ਛੇ ਮੈਂਬਰੀ ਕਮੇਟੀ ਬਣਾਈ ਹੈ। ਇਹ ਕਮੇਟੀ ਘਟਨਾ ਦੀ ਜਾਂਚ ਕਰੇਗੀ ਅਤੇ ਆਪਣੀ ਰਿਪੋਰਟ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੂੰ ਸੌਂਪੇਗੀ। ਇਸ ਕਮੇਟੀ ਵਿੱਚ ਯੂਪੀ ਰਾਜ ਸਭਾ ਮੈਂਬਰ ਅਤੇ ਸਾਬਕਾ ਡੀਜੀਪੀ, ਅਨੁਸੂਚਿਤ ਜਾਤੀ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਲਾਲ ਸਿੰਘ ਆਰੀਆ, ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਪਾਰਟੀ ਦੇ ਰਾਸ਼ਟਰੀ ਬੁਲਾਰੇ ਗੁਰਪ੍ਰਕਾਸ਼ ਪਾਸਵਾਨ, ਯੂਪੀ ਮੰਤਰੀ ਅਸੀਮ ਅਰੁਣ ਅਤੇ ਅੰਬਾਲਾ ਤੋਂ ਭਾਜਪਾ ਮਹਿਲਾ ਨੇਤਾ ਬੰਤੋ ਕਟਾਰੀਆ ਸ਼ਾਮਲ ਹਨ।
ਇਹ ਕਮੇਟੀ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਬਣਾਈ ਹੈ। ਕਮੇਟੀ ਦੇ ਮੈਂਬਰ ਅੰਮ੍ਰਿਤਸਰ ਆਉਣਗੇ ਅਤੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਹਥੌੜਾ ਮਾਰਨ ਦੀ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਨਗੇ। ਉਨ੍ਹਾਂ ਕਿਹਾ ਕਿ ਅਸੀਂ ਬਾਬਾ ਸਾਹਿਬ ਦੇ ਬੁੱਤ ‘ਤੇ ਚੜ੍ਹਨ ਅਤੇ ਹਥੌੜੇ ਨਾਲ ਇਸ ਨੂੰ ਨੁਕਸਾਨ ਪਹੁੰਚਾਉਣ ਅਤੇ ਅਪਵਿੱਤਰ ਕਰਨ ਦੀ ਘਟਨਾ ਦੀ ਸਖ਼ਤ ਨਿੰਦਾ ਕਰਦੇ ਹਾਂ। ਆਮ ਆਦਮੀ ਪਾਰਟੀ ਨੇ ਵੀ ਇਸ ਮਾਮਲੇ ਵਿੱਚ ਸੂਬਾ ਸਰਕਾਰ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
26 ਜਨਵਰੀ ਤੇ ਵਾਪਰੀ ਸੀ ਘਟਨਾ
26 ਜਨਵਰੀ ਨੂੰ ਜਦੋਂ ਦੇਸ਼ ਭਰ ਵਿੱਚ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਸੀ, ਤਾਂ ਅੰਮ੍ਰਿਤਸਰ ਵਿੱਚ ਇੱਕ ਸ਼ਰਮਨਾਕ ਘਟਨਾ ਵਾਪਰੀ। ਸ਼ਹਿਰ ਦੀ ਹੈਰੀਟੇਜ ਸਟਰੀਟ ‘ਤੇ ਸਥਾਪਿਤ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਇੱਕ ਵਿਅਕਤੀ ਨੇ ਨੁਕਸਾਨ ਪਹੁੰਚਾਇਆ। ਉਹ ਮੂਰਤੀ ‘ਤੇ ਚੜ੍ਹ ਗਿਆ ਅਤੇ ਹਥੌੜੇ ਨਾਲ ਕਈ ਵਾਰ ਕੀਤੇ। ਇਸ ਵਿਅਕਤੀ ਦੀ ਪਛਾਣ ਆਕਾਸ਼ਦੀਪ ਸਿੰਘ ਵਜੋਂ ਹੋਈ ਹੈ, ਜੋ ਕਿ ਮੋਗਾ ਦਾ ਰਹਿਣ ਵਾਲਾ ਹੈ, ਜਿਸਨੂੰ ਲੋਕਾਂ ਨੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਆਕਾਸ਼ਦੀਪ ਨੇ ਅਜਿਹਾ ਕਿਉਂ ਕੀਤਾ।