Bathinda Military Station Firing: ਰੱਖਿਆ ਮੰਤਰੀ ਨੂੰ ਜਾਣਕਾਰੀ ਦੇਣਗੇ ਆਰਮੀ ਚੀਫ਼ , ਸਾਰੇ ਗੇਟ ਸੀਲ; ਘਰ ਵਿੱਚ ਰਹਿਣ ਦੇ ਨਿਰਦੇਸ਼
Bathinda Military Station firing: ਬਠਿੰਡਾ ਮਿਲਟਰੀ ਸਟੇਸ਼ਨ 'ਤੇ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਸਟੇਸ਼ਨ ਦੇ ਸਾਰੇ ਗੇਟ ਬੰਦ ਕਰ ਦਿੱਤੇ ਗਏ ਹਨ ਅਤੇ ਕੈਂਪ ਦੇ ਅੰਦਰ ਰਹਿ ਰਹੇ ਫੌਜੀ ਪਰਿਵਾਰਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।
ਨਵੀਂ ਦਿੱਲੀ: ਪੰਜਾਬ ਦੇ ਬਠਿੰਡਾ ਮਿਲਟਰੀ ਕੈਂਪ ‘ਤੇ ਗੋਲੀਬਾਰੀ (Bathinda Amry Camp Firing) ਦੀ ਘਟਨਾ ‘ਤੇ ਫੌਜ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ । ਇਸ ਘਟਨਾ ਨੂੰ ਮੰਦਭਾਗਾ ਦੱਸਦੇ ਹੋਏ ਫੌਜ ਦੇ ਦੱਖਣੀ ਪੱਛਮੀ ਕਮਾਂਡ ਹੈੱਡਕੁਆਰਟਰ ਨੇ ਆਰਟਲਰੀ ਯੂਨਿਟ ਦੇ ਚਾਰ ਜਵਾਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ । ਫੌਜ ਨੇ ਕਿਹਾ ਹੈ ਕਿ ਬੇਸ ਦੇ ਅੰਦਰ ਰਿਹਾਇਸ਼ੀ ਖੇਤਰ ਵਿੱਚ ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ ।
ਇੱਥੇ ਦੱਸ ਦੇਈਏ ਕਿ ਰਾਜਧਾਨੀ ਦਿੱਲੀ ‘ਚ ਥੋੜ੍ਹੀ ਦੇਰ ‘ਚ ਫੌਜ ਮੁਖੀ ਜਨਰਲ ਮਨੋਜ ਪਾਂਡੇ (Army Chief General Manoj Pandey) ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ (Rajnath Singh) ਨੂੰ ਮਿਲ ਕੇ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਦੇਣਗੇ। ਘਟਨਾ ਤੋਂ ਬਾਅਦ ਆਰਮੀ ਕੈਂਟ ਦੇ ਸਾਰੇ ਐਂਟਰੀ ਗੇਟ ਬੰਦ ਕਰ ਦਿੱਤੇ ਗਏ ਹਨ। ਛਾਉਣੀ ਦਾ ਉਹ ਹਿੱਸਾ ਜਿੱਥੇ ਫੌਜੀ ਜਵਾਨਾਂ ਅਤੇ ਅਫਸਰਾਂ ਦੇ ਪਰਿਵਾਰ ਰਹਿੰਦੇ ਹਨ, ਵੀ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ।
ਫੌਜ ਨੇ ਕਿਹਾ ਕਿ ਕੀ ਇਸ ਘਟਨਾ ਦਾ ਕੈਂਪ ਤੋਂ ਦੋ ਦਿਨ ਪਹਿਲਾਂ ਗਾਇਬ ਹੋਈ ਇੰਸਾਸ ਰਾਈਫਲ ਅਤੇ 28 ਕਾਰਤੂਸ ਨਾਲ ਕੋਈ ਸਬੰਧ ਹੈ ਜਾਂ ਨਹੀਂ, ਪੰਜਾਬ ਪੁਲਿਸ ਦੇ ਨਾਲ ਮਿਲ ਕੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਫੌਜ ਨੇ ਮੀਡੀਆ ਨੂੰ ਸੰਵੇਦਨਸ਼ੀਲਤਾ ਦਿਖਾਉਣ ਦੀ ਅਪੀਲ ਕੀਤੀ ਹੈ। ਫੌਜ ਨੇ ਕਿਹਾ ਕਿ ਮੀਡੀਆ ਨੂੰ ਅਫਵਾਹਾਂ ਤੋਂ ਬਚੇ ਅਤੇ ਅਟਕਲਾਂ ਤੋਂ ਦੂਰ ਰਹੇ।