ਬਿਨਾਂ ਕਿਸੇ ਕਾਰਨ ਭਾਰ ਘੱਟ ਹੋਣਾ , ਭੁੱਖ ਨਾ ਲਗਣਾ… ਕਿਤੇ ਕੈਂਸਰ ਦੇ ਲੱਛਣ ਤਾਂ ਨਹੀਂ? ਡਾਕਟਰ ਤੋਂ ਜਾਣੋ

Published: 

04 Aug 2026 16:14 PM IST

Weight Loss: ਅਚਾਨਕ ਤੇਜ਼ੀ ਨਾਲ ਭਾਰ ਘਟਣਾ ਜਾਂ ਭੁੱਖ ਨਾ ਲੱਗਣਾ ਕੀ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ? ਕਈ ਲੋਕ ਇਸ ਨੂੰ ਆਮ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਆਓ ਡਾਕਟਰ ਤੋਂ ਜਾਣਦੇ ਹਾਂ ਇਸ ਨਾਲ ਜੁੜੀਆਂ ਜ਼ਰੂਰੀ ਗੱਲਾਂ...

ਬਿਨਾਂ ਕਿਸੇ ਕਾਰਨ ਭਾਰ ਘੱਟ ਹੋਣਾ , ਭੁੱਖ ਨਾ ਲਗਣਾ... ਕਿਤੇ ਕੈਂਸਰ ਦੇ ਲੱਛਣ ਤਾਂ ਨਹੀਂ? ਡਾਕਟਰ ਤੋਂ ਜਾਣੋ

ਇਹ ਲੱਛਣ ਹੋ ਸਕਦੇ ਹਨ ਕੈਂਸਰ ਦੀ ਨਿਸ਼ਾਨੀ

ਤੇਜ਼ੀ ਨਾਲ ਭਾਰ ਘਟਣਾ ਅਤੇ ਲਗਾਤਾਰ ਭੁੱਖ ਨਾ ਲੱਗਣਾ ਕਿਸੇ ਗੰਭੀਰ ਸਿਹਤ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਡਾਕਟਰ ਜਾਂ ਮਾਹਰ ਤੁਰੰਤ ਜਾਂਚ ਕਰਵਾਉਣ ਦੀ ਸਲਾਹ ਦਿੰਦੇ ਹਨ। ਡਾਕਟਰੀ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਇਹ ਕੈਂਸਰ ਵਰਗੀ ਗੰਭੀਰ ਬਿਮਾਰੀ ਦੇ ਲੱਛਣ ਵੀ ਹੋ ਸਕਦੇ ਹਨ। ਇਸੇ ਤਰ੍ਹਾਂ ਖੰਘ, ਹਲਕਾ ਬੁਖਾਰ, ਛਾਤੀ ਵਿੱਚ ਜਕੜਨ ਜਾਂ ਸਾਹ ਫੁੱਲਣਾ ਵਰਗੇ ਲੱਛਣਾਂ ਨੂੰ ਜ਼ਿਆਦਾਤਰ ਲੋਕ ਆਮ ਵਾਇਰਲ ਇਨਫੈਕਸ਼ਨ, ਐਲਰਜੀ ਜਾਂ ਮੌਸਮ ਬਦਲਣ ਦਾ ਅਸਰ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਉਹ ਕੁਝ ਦਿਨ ਦਵਾਈ ਲੈਂਦੇ ਹਨ, ਆਰਾਮ ਕਰਦੇ ਹਨ ਅਤੇ ਉਮੀਦ ਕਰਦੇ ਹਨ ਕਿ ਸਭ ਕੁਝ ਆਪਣੇ ਆਪ ਠੀਕ ਹੋ ਜਾਵੇਗਾ।

ਪਰ ਜੇਕਰ ਇਹੀ ਸਮੱਸਿਆ ਵਾਰ-ਵਾਰ ਹੋ ਰਹੀ ਹੋਵੇ ਜਾਂ ਕਈ ਹਫ਼ਤਿਆਂ ਤੱਕ ਬਣੀ ਰਹੇ, ਤਾਂ ਇਹ ਸਿਰਫ਼ ਇਨਫੈਕਸ਼ਨ ਹੀ ਨਹੀਂ, ਸਗੋਂ ਫੇਫੜਿਆਂ ਦੇ ਕੈਂਸਰ ਦਾ ਸ਼ੁਰੂਆਤੀ ਸੰਕੇਤ ਵੀ ਹੋ ਸਕਦਾ ਹੈ। Max Super Speciality Hospital Patparganj ਦੇ ਮੈਡੀਕਲ ਓਂਕੋਲੋਜੀ ਵਿਭਾਗ ਦੇ ਡਾ. ਸਮੀਰ ਖਤਰੀ ਨੇ ਇਸ ਸਬੰਧੀ ਕਈ ਮਹੱਤਵਪੂਰਨ ਗੱਲਾਂ ਦੱਸੀਆਂ।

ਮਾਹਰ ਨੇ ਕੀ ਕਿਹਾ

ਮਾਹਰਾਂ ਦਾ ਕਹਿਣਾ ਹੈ ਕਿ ਫੇਫੜਿਆਂ ਦੇ ਕੈਂਸਰ ਦੀ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਇਸ ਦੇ ਸ਼ੁਰੂਆਤੀ ਲੱਛਣ ਆਮ ਸਾਹ ਨਾਲ ਜੁੜੇ ਇਨਫੈਕਸ਼ਨ ਵਰਗੇ ਹੀ ਲੱਗਦੇ ਹਨ। ਇਸ ਕਰਕੇ ਕਈ ਮਰੀਜ਼ ਉਦੋਂ ਤੱਕ ਡਾਕਟਰ ਕੋਲ ਨਹੀਂ ਪਹੁੰਚਦੇ, ਜਦੋਂ ਤੱਕ ਬਿਮਾਰੀ ਕਾਫ਼ੀ ਅੱਗੇ ਨਹੀਂ ਵੱਧ ਜਾਂਦੀ।

ਇਨ੍ਹਾਂ ਸੰਕੇਤਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ

  • ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਰਹਿਣ ਵਾਲੀ ਖੰਘ
  • ਪੁਰਾਣੀ ਖੰਘ ਦਾ ਅਚਾਨਕ ਵੱਧ ਜਾਣਾ ਜਾਂ ਉਸ ਦੇ ਸੁਭਾਅ ਵਿੱਚ ਬਦਲਾਅ ਆ ਜਾਣਾ
  • ਖੰਘ ਦੇ ਨਾਲ ਖੂਨ ਆਉਣਾ, ਭਾਵੇਂ ਇਸ ਦੀ ਮਾਤਰਾ ਬਹੁਤ ਘੱਟ ਹੀ ਕਿਉਂ ਨਾ ਹੋਵੇ
  • ਵਾਰ-ਵਾਰ ਨਿਮੋਨੀਆ ਜਾਂ ਛਾਤੀ ਦਾ ਇਨਫੈਕਸ਼ਨ ਹੋਣਾ
  • ਸਾਹ ਫੁੱਲਣਾ ਜਾਂ ਪਹਿਲਾਂ ਦੇ ਮੁਕਾਬਲੇ ਜਲਦੀ ਥਕਾਵਟ ਮਹਿਸੂਸ ਹੋਣਾ
  • ਛਾਤੀ ਵਿੱਚ ਲਗਾਤਾਰ ਦਰਦ ਜਾਂ ਭਾਰਾਪਣ ਮਹਿਸੂਸ ਹੋਣਾ
  • ਆਵਾਜ਼ ਬੈਠ ਜਾਣਾ ਜਾਂ ਭਾਰੀ ਹੋ ਜਾਣਾ
  • ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਤੇਜ਼ੀ ਨਾਲ ਭਾਰ ਘਟਣਾ ਜਾਂ ਭੁੱਖ ਘੱਟ ਲੱਗਣਾ

ਸਿਗਰਟ ਨਾ ਪੀਣ ਵਾਲਿਆਂ ਨੂੰ ਵੀ ਹੈ ਖ਼ਤਰਾ

ਇੱਕ ਹੋਰ ਮਹੱਤਵਪੂਰਨ ਗੱਲ ਇਹ ਹੈ ਕਿ ਫੇਫੜਿਆਂ ਦਾ ਕੈਂਸਰ ਸਿਰਫ਼ ਸਿਗਰਟ ਪੀਣ ਵਾਲਿਆਂ ਦੀ ਬਿਮਾਰੀ ਨਹੀਂ ਹੈ। ਹਾਲਾਂਕਿ ਧੂਮਰਪਾਨ ਇਸ ਦਾ ਸਭ ਤੋਂ ਵੱਡਾ ਜੋਖਮ ਕਾਰਕ ਹੈ, ਪਰ ਪੈਸਿਵ ਸਮੋਕਿੰਗ (ਦੂਜਿਆਂ ਦੇ ਧੂੰਏਂ ਦਾ ਅਸਰ), ਹਵਾ ਪ੍ਰਦੂਸ਼ਣ, ਕੁਝ ਉਦਯੋਗਿਕ ਰਸਾਇਣਾਂ ਨਾਲ ਲੰਬੇ ਸਮੇਂ ਤੱਕ ਸੰਪਰਕ ਅਤੇ ਪਰਿਵਾਰਕ ਇਤਿਹਾਸ ਵੀ ਇਸ ਬਿਮਾਰੀ ਦਾ ਖ਼ਤਰਾ ਵਧਾ ਸਕਦੇ ਹਨ। ਅੱਜ ਸਾਡੇ ਦੇਸ਼ ਵਿੱਚ ਅਜਿਹੇ ਮਰੀਜ਼ਾਂ ਦੀ ਗਿਣਤੀ ਵੀ ਵੱਧ ਰਹੀ ਹੈ, ਜਿਨ੍ਹਾਂ ਨੇ ਕਦੇ ਧੂਮਰਪਾਨ ਨਹੀਂ ਕੀਤਾ।

ਕੈਂਸਰ ਦੇ ਡਰ ਕਰਕੇ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼

ਮਾਹਰਾਂ ਦਾ ਕਹਿਣਾ ਹੈ ਕਿ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਹਰ ਲੰਬੇ ਸਮੇਂ ਤੱਕ ਰਹਿਣ ਵਾਲੀ ਖੰਘ ਦਾ ਮਤਲਬ ਕੈਂਸਰ ਨਹੀਂ ਹੁੰਦਾ। ਪਰ ਜੇਕਰ ਲੱਛਣ 2 ਤੋਂ 3 ਹਫ਼ਤਿਆਂ ਤੋਂ ਵੱਧ ਸਮੇਂ ਤੱਕ ਬਣੇ ਰਹਿਣ, ਇਲਾਜ ਦੇ ਬਾਵਜੂਦ ਠੀਕ ਨਾ ਹੋਣ ਜਾਂ ਵਾਰ-ਵਾਰ ਵਾਪਸ ਆ ਜਾਣ, ਤਾਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਵੀ ਠੀਕ ਨਹੀਂ। ਅਜਿਹੇ ਵਿੱਚ ਮਾਹਰ ਡਾਕਟਰ ਨਾਲ ਸਲਾਹ ਲੈਣੀ ਚਾਹੀਦੀ ਹੈ। ਲੋੜ ਪੈਣ ‘ਤੇ ਐਕਸ-ਰੇ, ਸੀਟੀ ਸਕੈਨ ਜਾਂ ਹੋਰ ਜਾਂਚਾਂ ਸਮੇਂ ਸਿਰ ਅਸਲ ਕਾਰਨ ਦਾ ਪਤਾ ਲਗਾਉਣ ਵਿੱਚ ਮਦਦ ਕਰ ਸਕਦੀਆਂ ਹਨ।

ਅੱਜ ਆਧੁਨਿਕ ਮੈਡੀਕਲ ਵਿਗਿਆਨ ਨੇ ਫੇਫੜਿਆਂ ਦੇ ਕੈਂਸਰ ਦੇ ਇਲਾਜ ਵਿੱਚ ਕਾਫ਼ੀ ਤਰੱਕੀ ਕੀਤੀ ਹੈ। ਜੇਕਰ ਬਿਮਾਰੀ ਦੀ ਸ਼ੁਰੂਆਤੀ ਅਵਸਥਾ ਵਿੱਚ ਹੀ ਪਛਾਣ ਹੋ ਜਾਵੇ, ਤਾਂ ਇਲਾਜ ਦੇ ਨਤੀਜੇ ਕਾਫ਼ੀ ਚੰਗੇ ਹੋ ਸਕਦੇ ਹਨ ਅਤੇ ਕਈ ਮਰੀਜ਼ ਲੰਬੇ ਸਮੇਂ ਤੱਕ ਆਮ ਅਤੇ ਐਕਟਿਵ ਜੀਵਨ ਬਤੀਤ ਕਰ ਸਕਦੇ ਹਨ।

Source:TV9Hindi.com

Follow Us