ਪੰਜਾਬ ਵਿੱਚ ਨਸ਼ਿਆਂ ਦਾ ਵਧਦਾ ਕਹਿਰ! AIIMS ਬਠਿੰਡਾ ਦੀ ਰਿਪੋਰਟ ‘ਚ ਹੈਰਾਨ ਕਰਨ ਵਾਲਾ ਖੁਲਾਸਾ, ਪੁਰਸ਼ਾਂ ਦੇ ਸ਼ੁਕਰਾਣੂਆਂ ਦੀ ਬਣਤਰ ਵਿੱਚ ਬਦਲਾਅ

Updated On: 

27 Oct 2026 13:49 PM IST

Punjab Drug Crisis: ਪੰਜਾਬ ਵਿੱਚ ਹੈਰੋਇਨ, ਅਫੀਮ, ਭੁੱਕੀ ਅਤੇ ਸਿੰਥੈਟਿਕ ਨਸ਼ਿਆਂ ਦੀ ਵਧਦੀ ਵਰਤੋਂ ਨੇ ਆਉਣ ਵਾਲੀਆਂ ਪੀੜ੍ਹੀਆਂ ਦੀ ਸਿਹਤ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ।

ਪੰਜਾਬ ਵਿੱਚ ਨਸ਼ਿਆਂ ਦਾ ਵਧਦਾ ਕਹਿਰ! AIIMS ਬਠਿੰਡਾ ਦੀ ਰਿਪੋਰਟ ਚ ਹੈਰਾਨ ਕਰਨ ਵਾਲਾ ਖੁਲਾਸਾ, ਪੁਰਸ਼ਾਂ ਦੇ ਸ਼ੁਕਰਾਣੂਆਂ ਦੀ ਬਣਤਰ ਵਿੱਚ ਬਦਲਾਅ

ਪੰਜਾਬ 'ਚ ਨਸ਼ਿਆਂ ਦਾ ਕਹਿਰ,

ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (AIIMS) ਬਠਿੰਡਾ ਅਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਦੇ ਯੂਰੋਲੋਜੀ ਵਿਭਾਗ ਦੇ ਮਾਹਰਾਂ ਨੇ ਪੰਜਾਬ ਵਿੱਚ ਪੁਰਸ਼ਾਂ ਦੇ ਵੀਰਜ (ਸ਼ੁਕਰਾਣੂਆਂ) ਦੀ ਬਣਤਰ ਵਿੱਚ ਬਦਲਾਅ ਹੋਣ ਦੀ ਪੁਸ਼ਟੀ ਕੀਤੀ ਹੈ।

ਮਾਹਰਾਂ ਮੁਤਾਬਕ, ਇਸ ਦਾ ਅਸਰ ਅਗਲੀ ਪੀੜ੍ਹੀ ਵਿੱਚ ਜਨਮ ਲੈਣ ਵਾਲੇ ਬੱਚਿਆਂ ਦੀ ਸਿਹਤ ‘ਤੇ ਵੀ ਪੈ ਸਕਦਾ ਹੈ ਅਤੇ ਉਨ੍ਹਾਂ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇਖਣ ਨੂੰ ਮਿਲ ਸਕਦੀਆਂ ਹਨ। AIIMS ਬਠਿੰਡਾ ਦੇ ਯੂਰੋਲੋਜੀ ਅਤੇ ਐਂਡੋਕ੍ਰਾਈਨੋਲੋਜੀ ਵਿਭਾਗ ਦੇ ਮੁਖੀ ਡਾ. ਕਵਲਜੀਤ ਸਿੰਘ ਕੌੜਾ ਮੁਤਾਬਕ, ਪੰਜਾਬ ਵਿੱਚ ਵੀਰਜ ਦੀ ਬਣਤਰ ਵਿੱਚ ਗੜਬੜ ਵਾਲੇ ਪੁਰਸ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।

ਸਾਲ 2020 ਤੋਂ 2025 ਤੱਕ ਵਿਭਾਗ ਵੱਲੋਂ ਕਲੀਨਿਕਲ ਪੱਧਰ ‘ਤੇ ਅੰਕੜੇ ਇਕੱਠੇ ਕੀਤੇ ਗਏ। ਕੁੱਲ 1,42,732 ਮਰੀਜ਼ਾਂ ਵਿੱਚੋਂ 12 ਹਜ਼ਾਰ ਮਰੀਜ਼ਾਂ ਦੇ ਵੀਰਜ ਦੀ ਬਣਤਰ ਵਿੱਚ ਬਦਲਾਅ ਦੇਖਿਆ ਗਿਆ। ਦੂਜੇ ਪਾਸੇ, ਅੰਮ੍ਰਿਤਸਰ ਮੈਡੀਕਲ ਕਾਲਜ ਦੇ ਯੂਰੋ ਸਰਜਨ ਡਾ. ਹਰਦੀਪ ਦੱਸਦੇ ਹਨ ਕਿ ਰੋਜ਼ਾਨਾ OPD ਵਿੱਚ ਆਉਣ ਵਾਲੇ 40 ਮਰੀਜ਼ਾਂ ਵਿੱਚੋਂ 5 ਤੋਂ 7 ਮਰੀਜ਼ ਅਜਿਹੇ ਹੁੰਦੇ ਹਨ, ਜਿਨ੍ਹਾਂ ਦੇ ਵੀਰਜ ਵਿੱਚ ਗੜਬੜ ਪਾਈ ਜਾਂਦੀ ਹੈ। ਮਾਹਰ ਇਸ ਨੂੰ ਵਿਗਿਆਨਕ ਭਾਸ਼ਾ ਵਿੱਚ ਸੀਮਨ ਮੋਰਫੋਲੋਜੀ (Semen Morphology) ਕਹਿੰਦੇ ਹਨ। ਇਨ੍ਹਾਂ ਵਿੱਚੋਂ ਲਗਭਗ ਸਾਰੇ ਮਰੀਜ਼ਾਂ ਦਾ ਜਾਂ ਤਾਂ ਪਹਿਲਾਂ ਨਸ਼ਾ ਕਰਨ ਦਾ ਇਤਿਹਾਸ ਰਿਹਾ ਹੈ ਜਾਂ ਉਹ ਮੌਜੂਦਾ ਸਮੇਂ ਵਿੱਚ ਨਸ਼ਿਆਂ ਦਾ ਸੇਵਨ ਕਰ ਰਹੇ ਹਨ।

ਵਧ ਰਹੀ ਬਾਂਝਪਨ ਦੀ ਸਮੱਸਿਆ, ਆਬਾਦੀ ‘ਤੇ ਪੈ ਸਕਦਾ ਹੈ ਅਸਰ

AIIMS ਬਠਿੰਡਾ ਦੇ ਯੂਰੋ ਸਰਜਨ ਡਾ. ਕਵਲਜੀਤ ਸਿੰਘ ਕੌੜਾ ਅਨੁਸਾਰ, ਨਸ਼ਿਆਂ ਦੇ ਸੇਵਨ ਨਾਲ ਸ਼ੁਕਰਾਣੂਆਂ ਦੀ ਗਤੀਸ਼ੀਲਤਾ ਅਤੇ ਉਨ੍ਹਾਂ ਦੀ ਗਿਣਤੀ ‘ਤੇ ਡੂੰਘਾ ਅਸਰ ਪੈ ਰਿਹਾ ਹੈ। ਇਹ ਅਸਰ ਨਸ਼ੇ ਦੀ ਕਿਸਮ ਅਤੇ ਇਸ ਦੇ ਸੇਵਨ ਦੀ ਮਿਆਦ ‘ਤੇ ਵੀ ਨਿਰਭਰ ਕਰਦਾ ਹੈ। ਡਾ. ਕੌੜਾ ਨੇ DNA ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਬਾਰੇ ਵੀ ਗੱਲ ਕੀਤੀ ਹੈ ਅਤੇ ਭਵਿੱਖ ਲਈ ਚਿੰਤਾਜਨਕ ਸੰਕੇਤ ਦਿੱਤੇ ਹਨ।

ਡਾਕਟਰ ਦਾ ਦਾਅਵਾ ਹੈ ਕਿ ਨਸ਼ਿਆਂ ਕਾਰਨ ਪੁਰਸ਼ਾਂ ਵਿੱਚ ਬਾਂਝਪਨ ਦੀ ਸਮੱਸਿਆ ਵੀ ਪੈਦਾ ਹੋ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਇਸ ਦਾ ਅਸਰ ਆਬਾਦੀ ‘ਤੇ ਵੀ ਪੈ ਸਕਦਾ ਹੈ। ਕਈ ਪਰਿਵਾਰਾਂ ਵਿੱਚ ਅਗਲੀ ਪੀੜ੍ਹੀ ਦੇ ਜਨਮ ਨਾ ਲੈਣ ਦੀ ਸਥਿਤੀ ਪੈਦਾ ਹੋਣ ਦਾ ਖ਼ਦਸ਼ਾ ਵੀ ਜਤਾਇਆ ਗਿਆ ਹੈ।

ਬੱਚੇ ਦੇ ਸ਼ੁਰੂਆਤੀ ਵਿਕਾਸ ‘ਤੇ ਪੈਂਦਾ ਹੈ ਅਸਰ

ਡਾ. ਹਰਦੀਪ ਦੱਸਦੇ ਹਨ ਕਿ ਨਸ਼ਿਆਂ ਕਾਰਨ ਪ੍ਰਭਾਵਿਤ ਹੋਏ ਸ਼ੁਕਰਾਣੂਆਂ ਦੇ DNA ‘ਤੇ ਮੌਜੂਦ ਰਸਾਇਣਕ ਸੰਕੇਤਾਂ ਅਤੇ ਪ੍ਰੋਟੀਨ ਵਿੱਚ ਬਦਲਾਅ ਦੇਖਣ ਨੂੰ ਮਿਲਦੇ ਹਨ। ਇਸ ਨੂੰ ਐਪੀਜੈਨੇਟਿਕ ਬਦਲਾਅ (Epigenetic Changes) ਕਿਹਾ ਜਾਂਦਾ ਹੈ।

ਇਹ ਸੰਕੇਤ ਬੱਚੇ ਦੇ ਸ਼ੁਰੂਆਤੀ ਵਿਕਾਸ ਦੌਰਾਨ ਜੀਨਾਂ ਦੇ ਕੰਮ ਕਰਨ ਦੇ ਤਰੀਕੇ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸ ਕਾਰਨ ਬੱਚਿਆਂ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਦਾ ਖ਼ਦਸ਼ਾ ਰਹਿੰਦਾ ਹੈ।

ਨਸ਼ਿਆਂ ਬਾਰੇ ਗੱਲ ਕਰਨ ਤੋਂ ਡਰ ਰਹੇ ਹਨ ਲੋਕ

ਪੰਜਾਬ ਵਿੱਚ ਨਸ਼ਿਆਂ ਦਾ ਵਿਰੋਧ ਕਰਨ ਵਾਲੇ ਲੋਕਾਂ ਦੇ ਕਤਲ ਦੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਲੋਕ ਇਸ ਮੁੱਦੇ ‘ਤੇ ਗੱਲ ਕਰਨ ਤੋਂ ਵੀ ਡਰ ਰਹੇ ਹਨ। ਅਕਤੂਬਰ ਮਹੀਨੇ ਵਿੱਚ ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਲੋਕਾਂ ਦੇ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਕਾਰਨ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।

Loading...
Unable to load recommendations.
Follow Us