ਸਟ੍ਰੋਕ ਕਾਰਨ ਬੋਲਣ ਦੀ ਸਮਰੱਥਾ ਗੁਆ ਚੁੱਕੇ ਲੋਕਾਂ ਲਈ ਰਾਹਤ, ਇਹ ਮਿਊਜ਼ਿਕ ਥੈਰੇਪੀ ਬਣੇਗੀ ਮਦਦਗਾਰ
Stroke Therapy: ਕੁਝ ਲੋਕ ਸਟ੍ਰੋਕ ਕਾਰਨ ਆਪਣੀ ਬੋਲਣ ਦੀ ਸਮਰੱਥਾ ਗੁਆ ਬੈਠਦੇ ਹਨ। ਹੁਣ IIT ਦਿੱਲੀ, AIIMS ਨਵੀਂ ਦਿੱਲੀ ਅਤੇ IHBAS ਨੇ ਇੱਕ ਅਜਿਹੀ ਥੈਰੇਪੀ ਵਿਕਸਿਤ ਕੀਤੀ ਹੈ, ਜਿਸ ਦੀ ਮਦਦ ਨਾਲ ਬੋਲਣ ਦੀ ਸਮਰੱਥਾ ਮੁੜ ਹਾਸਲ ਕੀਤੀ ਜਾ ਸਕਦੀ ਹੈ। ਆਓ ਜਾਣਦੇ ਹਾਂ ਇਸ ਨਵੀਂ ਥੈਰੇਪੀ ਬਾਰੇ।
ਸਟ੍ਰੋਕ ਮਰੀਜ਼ਾਂ ਲਈ ਉਮੀਦ ਬਣੀ ਮਿਊਜ਼ਿਕ ਥੈਰੇਪੀ
ਸਟ੍ਰੋਕ ਕਾਰਨ ਆਪਣੀ ਬੋਲਣ ਦੀ ਸਮਰੱਥਾ ਗੁਆ ਚੁੱਕੇ ਲੋਕਾਂ ਲਈ ਇੱਕ ਨਵੀਂ ਮਿਊਜ਼ਿਕ ਥੈਰੇਪੀ ਉਮੀਦ ਦੀ ਕਿਰਨ ਬਣ ਸਕਦੀ ਹੈ। ਦਰਅਸਲ, IIT ਦਿੱਲੀ, AIIMS ਨਵੀਂ ਦਿੱਲੀ ਅਤੇ IHBAS (Institute of Human Behaviour and Allied Sciences) ਨੇ ਮਿਲ ਕੇ ਪੋਸਟ-ਸਟ੍ਰੋਕ ਅਫੇਜ਼ੀਆ ਦੇ ਇਲਾਜ ਲਈ ਪਹਿਲੀ ਹਿੰਦੀ Melodic Intonation Therapy (MIT) ਵਿਕਸਿਤ ਕੀਤੀ ਹੈ। ਮਾਹਿਰਾਂ ਦੇ ਅਨੁਸਾਰ, ਇਹ ਇੱਕ ਸੰਗੀਤ-ਆਧਾਰਿਤ ਥੈਰੇਪੀ ਹੈ, ਜਿਸ ਵਿੱਚ ਧੁਨ (Melody) ਅਤੇ ਲੈਅ (Rhythm) ਦੀ ਮਦਦ ਲਈ ਜਾਂਦੀ ਹੈ। ਇਸ ਦਾ ਮਕਸਦ ਸਟ੍ਰੋਕ ਕਾਰਨ ਬੋਲਣ ਦੀ ਸਮਰੱਥਾ ਗੁਆ ਬੈਠੇ ਲੋਕਾਂ ਨੂੰ ਦੁਬਾਰਾ ਬੋਲਣ ਵਿੱਚ ਮਦਦ ਕਰਨਾ ਹੈ।
ਬੋਲਣ ਦੀ ਸਮਰੱਥਾ ਮੁੜ ਹਾਸਲ ਕਰਨਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਮੰਨਿਆ ਜਾਂਦਾ। ਸਟ੍ਰੋਕ ਤੋਂ ਬਾਅਦ ਬੋਲਣ ਵਿੱਚ ਆਉਣ ਵਾਲੀ ਇਸ ਗੰਭੀਰ ਸਮੱਸਿਆ ਨੂੰ ਦੂਰ ਕਰਨ ਲਈ ਕੀਤੀ ਗਈ ਇਹ ਨਵੀਂ ਪਹਿਲ ਕਾਫ਼ੀ ਪ੍ਰਭਾਵਸ਼ਾਲੀ ਸਾਬਤ ਹੋ ਸਕਦੀ ਹੈ। ਆਓ ਜਾਣਦੇ ਹਾਂ ਇਸ ਥੈਰੇਪੀ ਨਾਲ ਜੁੜੀ ਹਰ ਅਹਿਮ ਜਾਣਕਾਰੀ
ਕੀ ਕਹਿੰਦੀ ਹੈ ਰਿਸਰਚ?
ਇਹ ਖੋਜ ਅੰਤਰਰਾਸ਼ਟਰੀ ਜਰਨਲ Aphasiology ਵਿੱਚ ਪ੍ਰਕਾਸ਼ਿਤ ਹੋਈ ਹੈ। ਸਟ੍ਰੋਕ ਤੋਂ ਬਾਅਦ ਕਈ ਮਰੀਜ਼ ਬੋਲਣ ਵਿੱਚ ਅਸਮਰੱਥ ਹੋ ਜਾਂਦੇ ਹਨ, ਪਰ ਉਹ ਭਾਸ਼ਾ ਨੂੰ ਸਮਝ ਸਕਦੇ ਹਨ ਅਤੇ ਪੁਰਾਣੇ ਗੀਤ ਵੀ ਗਾ ਸਕਦੇ ਹਨ। Melodic Intonation Therapy (MIT) ਇਸੇ ਸਮਰੱਥਾ ਦਾ ਇਸਤੇਮਾਲ ਕਰਕੇ ਮਰੀਜ਼ਾਂ ਦੀ ਬੋਲਣ ਦੀ ਯੋਗਤਾ ਨੂੰ ਮੁੜ ਵਿਕਸਿਤ ਕਰਨ ਵਿੱਚ ਮਦਦ ਕਰਦੀ ਹੈ। ਹੁਣ ਤੱਕ ਇਹ ਥੈਰੇਪੀ ਸਿਰਫ਼ ਅੰਗਰੇਜ਼ੀ ਅਤੇ ਕੁਝ ਪੱਛਮੀ ਭਾਸ਼ਾਵਾਂ ਵਿੱਚ ਹੀ ਉਪਲਬਧ ਸੀ, ਪਰ ਹੁਣ ਪਹਿਲੀ ਵਾਰ ਹਿੰਦੀ ਲਈ ਇਸ ਦਾ ਪ੍ਰਮਾਣਿਤ (Validated) ਸੰਸਕਰਣ ਤਿਆਰ ਕੀਤਾ ਗਿਆ ਹੈ।
ਖੋਜਕਰਤਾਵਾਂ ਨੇ ਸਿਰਫ਼ ਅੰਗਰੇਜ਼ੀ ਸ਼ਬਦਾਂ ਦਾ ਹਿੰਦੀ ਵਿੱਚ ਅਨੁਵਾਦ ਨਹੀਂ ਕੀਤਾ, ਸਗੋਂ ਹਿੰਦੀ ਭਾਸ਼ਾ ਦੀ ਲੈਅ, ਉਚਾਰਣ ਅਤੇ ਬੋਲਣ ਦੇ ਕੁਦਰਤੀ ਢੰਗ ਨੂੰ ਧਿਆਨ ਵਿੱਚ ਰੱਖਦਿਆਂ ਪੂਰੀ ਥੈਰੇਪੀ ਤਿਆਰ ਕੀਤੀ। ਪਾਇਲਟ ਸਟਡੀ ਵਿੱਚ 6 ਹਿੰਦੀ ਭਾਸ਼ੀ ਸਟ੍ਰੋਕ ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ। ਸਾਰੇ ਮਰੀਜ਼ਾਂ ਨੂੰ 40 ਸੈਸ਼ਨ ਦਿੱਤੇ ਗਏ, ਜਿਨ੍ਹਾਂ ਵਿੱਚ ਹਰ ਸੈਸ਼ਨ 45 ਤੋਂ 60 ਮਿੰਟ ਦਾ ਸੀ। ਸਟਡੀ ਦੇ ਨਤੀਜਿਆਂ ਵਿੱਚ ਸਾਰੇ 6 ਮਰੀਜ਼ਾਂ ਦੀ ਬੋਲਣ ਦੀ ਸਮਰੱਥਾ ਵਿੱਚ Clinically Meaningful ਸੁਧਾਰ ਦੇਖਿਆ ਗਿਆ। ਮਰੀਜ਼ ਪਹਿਲਾਂ ਨਾਲੋਂ ਲੰਬੇ ਵਾਕ ਬੋਲਣ ਲੱਗੇ, ਵਧੇਰੇ ਸਹਿਜਤਾ ਨਾਲ ਗੱਲਬਾਤ ਕਰਨ ਲੱਗੇ ਅਤੇ ਉਨ੍ਹਾਂ ਦੀ ਜੀਵਨ ਗੁਣਵੱਤਾ (Quality of Life) ਵਿੱਚ ਵੀ ਸਪੱਸ਼ਟ ਸੁਧਾਰ ਦਰਜ ਕੀਤਾ ਗਿਆ।
ਕੋਈ ਵੱਡੇ ਸਾਈਡ ਇਫੈਕਟ ਦਾ ਖਤਰਾ ਨਹੀਂ
ਇਲਾਜ ਦੌਰਾਨ ਕੋਈ ਵੀ ਵੱਡਾ ਸਾਈਡ ਇਫੈਕਟ ਸਾਹਮਣੇ ਨਹੀਂ ਆਇਆ। ਹਾਲਾਂਕਿ, ਖੋਜਕਰਤਾਵਾਂ ਨੇ ਕਿਹਾ ਕਿ ਇਹ ਅਜੇ ਸ਼ੁਰੂਆਤੀ ਅਧਿਐਨ ਹੈ, ਕਿਉਂਕਿ ਇਸ ਵਿੱਚ ਸਿਰਫ਼ 6 ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਲਈ ਇਸ ਦੀ ਪ੍ਰਭਾਵਸ਼ੀਲਤਾ ਨੂੰ ਹੋਰ ਮਜ਼ਬੂਤੀ ਨਾਲ ਸਾਬਤ ਕਰਨ ਲਈ ਵੱਡੇ ਪੱਧਰ ‘ਤੇ ਹੋਰ ਅਧਿਐਨਾਂ ਦੀ ਲੋੜ ਹੈ। ਖੋਜ ਟੀਮ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਉਹ ਡਿਜ਼ਿਟਲ ਟੂਲ ਵੀ ਵਿਕਸਿਤ ਕਰਨਾ ਚਾਹੁੰਦੀ ਹੈ, ਤਾਂ ਜੋ ਇਹ ਥੈਰੇਪੀ ਸਿਰਫ਼ ਵੱਡੇ ਸ਼ਹਿਰਾਂ ਦੇ ਹਸਪਤਾਲਾਂ ਤੱਕ ਹੀ ਸੀਮਿਤ ਨਾ ਰਹੇ, ਸਗੋਂ ਵੱਧ ਤੋਂ ਵੱਧ ਮਰੀਜ਼ਾਂ ਤੱਕ ਆਸਾਨੀ ਨਾਲ ਪਹੁੰਚ ਸਕੇ। ਇਸ ਖੋਜ ਦੀ ਅਗਵਾਈ IIT ਦਿੱਲੀ ਦੇ ਪ੍ਰੋ. ਐਨ. ਐਮ. ਅਨੂਪ ਕ੍ਰਿਸ਼ਨਨ, ਪ੍ਰੋ. ਰਾਹੁਲ ਗਰਗ ਅਤੇ AIIMS ਨਵੀਂ ਦਿੱਲੀ ਦੀ ਪ੍ਰੋ. ਦੀਪਤੀ ਵਿਭਾ ਨੇ ਕੀਤੀ।
