10 ਵਿੱਚੋਂ 9 ਭਾਰਤੀਆਂ ਨੂੰ ਹਾਈ ਕੋਲੇਸਟ੍ਰੋਲ ਦਾ ਖ਼ਤਰਾ, ICMR ਦੀ ਰਿਪੋਰਟ ਨੇ ਵਧਾਈ ਚਿੰਤਾ
ਜੇਕਰ ਤੁਹਾਡਾ ਭਾਰ ਆਮ ਹੈ, ਤਾਂ ਵੀ ਤੁਹਾਨੂੰ ਹਾਈ ਕੋਲੇਸਟਰੋਲ ਦਾ ਖ਼ਤਰਾ ਹੋ ਸਕਦਾ ਹੈ। ICMR ਦੀ ਰਿਪੋਰਟ ਮੁਤਾਬਕ, ਅਸਧਾਰਨ ਕੋਲੇਸਟਰੋਲ ਦੀ ਸਮੱਸਿਆ ਹੁਣ ਵੱਡੀ ਗਿਣਤੀ ਵਿੱਚ ਭਾਰਤੀਆਂ ਨੂੰ ਪ੍ਰਭਾਵਿਤ ਕਰ ਰਹੀ ਹੈ।
ਜੇਕਰ ਤੁਹਾਨੂੰ ਲੱਗਦਾ ਹੈ ਕਿ ਹਾਈ ਕੋਲੇਸਟਰੋਲ ਸਿਰਫ਼ ਮੋਟਾਪੇ ਜਾਂ ਵਧਦੀ ਉਮਰ ਨਾਲ ਜੁੜੀ ਸਮੱਸਿਆ ਹੈ, ਤਾਂ ਇਹ ਖ਼ਬਰ ਤੁਹਾਨੂੰ ਹੈਰਾਨ ਕਰ ਸਕਦੀ ਹੈ। ਭਾਰਤੀ ਆਯੁਰਵਿਗਿਆਨ ਅਨੁਸੰਧਾਨ ਪਰਿਸ਼ਦ (ICMR) ਦੀ ਇੱਕ ਨਵੀਂ ਰਿਪੋਰਟ ਮੁਤਾਬਕ ਦੇਸ਼ ਦੇ ਲਗਭਗ 87% ਬਾਲਗ ਕਿਸੇ ਨਾ ਕਿਸੇ ਕਿਸਮ ਦੀ ਅਸਧਾਰਨ ਕੋਲੇਸਟਰੋਲ (ਡਿਸਲਿਪਿਡੀਮੀਆ) ਦੀ ਸਮੱਸਿਆ ਨਾਲ ਜੂਝ ਰਹੇ ਹਨ। ਭਾਵ ਹਰ 10 ਵਿੱਚੋਂ ਕਰੀਬ 9 ਲੋਕਾਂ ਦੇ ਸਰੀਰ ਵਿੱਚ ਚੰਗੇ ਅਤੇ ਮਾੜੇ ਕੋਲੇਸਟਰੋਲ ਦਾ ਸੰਤੁਲਨ ਵਿਗੜਿਆ ਹੋਇਆ ਹੈ। ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਇਸ ਬਾਰੇ ਪਤਾ ਹੀ ਨਹੀਂ ਹੁੰਦਾ, ਕਿਉਂਕਿ ਸ਼ੁਰੂਆਤੀ ਪੜਾਅ ਵਿੱਚ ਇਸ ਦੇ ਕੋਈ ਖ਼ਾਸ ਲੱਛਣ ਨਜ਼ਰ ਨਹੀਂ ਆਉਂਦੇ।
ICMR-INDIAB ਅਧਿਐਨ ਮੁਤਾਬਕ, ਇਹ ਸਮੱਸਿਆ ਔਰਤਾਂ, ਸ਼ਹਿਰੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਅਤੇ ਮੱਧ ਭਾਰਤ ਦੇ ਵਸਨੀਕਾਂ ਵਿੱਚ ਤੁਲਨਾਤਮਕ ਤੌਰ ‘ਤੇ ਵੱਧ ਦੇਖੀ ਗਈ ਹੈ। ਇਸ ਤੋਂ ਇਲਾਵਾ ਸ਼ੂਗਰ, ਪ੍ਰੀ-ਡਾਇਬਟੀਜ਼, ਮੋਟਾਪੇ ਅਤੇ ਹਾਈ ਬਲੱਡ ਪ੍ਰੈਸ਼ਰ ਨਾਲ ਪੀੜਤ ਲੋਕਾਂ ਵਿੱਚ ਹਾਈ ਕੋਲੇਸਟਰੋਲ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਲੰਬੇ ਸਮੇਂ ਤੱਕ ਕੋਲੇਸਟਰੋਲ ਵੱਧਿਆ ਰਹੇ, ਤਾਂ ਦਿਲ ਦੀਆਂ ਧਮਨੀਆਂ ਵਿੱਚ ਚਰਬੀ ਜਮ੍ਹਾ ਹੋਣ ਲੱਗਦੀ ਹੈ, ਜਿਸ ਨਾਲ ਹਾਰਟ ਅਟੈਕ ਅਤੇ ਸਟ੍ਰੋਕ ਵਰਗੀਆਂ ਗੰਭੀਰ ਬਿਮਾਰੀਆਂ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ।
ਸਿਰਫ਼ ਵਜ਼ਨ ਦੇਖ ਕੇ ਨਹੀਂ ਲੱਗਦਾ ਅੰਦਾਜ਼ਾ
ਰਿਪੋਰਟ ਮੁਤਾਬਕ, ਡਿਸਲਿਪਿਡੀਮੀਆ ਦਾ ਮਤਲਬ ਸਿਰਫ਼ ਖ਼ਰਾਬ (LDL) ਕੋਲੇਸਟਰੋਲ ਦਾ ਵੱਧਣਾ ਹੀ ਨਹੀਂ ਹੁੰਦਾ। ਕਈ ਲੋਕਾਂ ਵਿੱਚ ਚੰਗੇ (HDL) ਕੋਲੇਸਟਰੋਲ ਦੀ ਮਾਤਰਾ ਘੱਟ ਹੁੰਦੀ ਹੈ, ਜਦਕਿ ਕੁਝ ਵਿੱਚ ਟ੍ਰਾਈਗਲਿਸਰਾਈਡਜ਼ ਦਾ ਪੱਧਰ ਵੱਧ ਪਾਇਆ ਜਾਂਦਾ ਹੈ। ਇਹ ਸਾਰੀਆਂ ਸਥਿਤੀਆਂ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਵਧਾਉਂਦੀਆਂ ਹਨ। ਚਿੰਤਾ ਦੀ ਗੱਲ ਇਹ ਹੈ ਕਿ ਦੇਖਣ ਵਿੱਚ ਪੂਰੀ ਤਰ੍ਹਾਂ ਤੰਦਰੁਸਤ ਅਤੇ ਆਮ ਵਜ਼ਨ ਵਾਲੇ ਲੋਕਾਂ ਨੂੰ ਵੀ ਇਹ ਸਮੱਸਿਆ ਹੋ ਸਕਦੀ ਹੈ। ਇਸ ਲਈ ਸਿਰਫ਼ ਵਜ਼ਨ ਦੇਖ ਕੇ ਇਹ ਮੰਨ ਲੈਣਾ ਕਿ ਕੋਲੇਸਟਰੋਲ ਆਮ ਹੋਵੇਗਾ, ਸਹੀ ਨਹੀਂ ਹੈ।
ਕਿਹੜੀਆਂ ਚੀਜ਼ਾਂ ਤੋਂ ਰਹਿਣਾ ਚਾਹੀਦਾ ਹੈ ਦੂਰ
ਮਾਹਿਰਾਂ ਦਾ ਕਹਿਣਾ ਹੈ ਕਿ 30 ਸਾਲ ਦੀ ਉਮਰ ਤੋਂ ਬਾਅਦ ਨਿਯਮਿਤ ਤੌਰ ‘ਤੇ ਲਿਪਿਡ ਪ੍ਰੋਫ਼ਾਈਲ ਦੀ ਜਾਂਚ ਕਰਵਾਉਣੀ ਚਾਹੀਦੀ ਹੈ, ਖ਼ਾਸ ਕਰਕੇ ਜੇਕਰ ਪਰਿਵਾਰ ਵਿੱਚ ਦਿਲ ਦੀ ਬਿਮਾਰੀ, ਸ਼ੂਗਰ ਜਾਂ ਹਾਈ ਬਲੱਡ ਪ੍ਰੈਸ਼ਰ ਦਾ ਇਤਿਹਾਸ ਰਿਹਾ ਹੋਵੇ। ਨਿਯਮਿਤ ਕਸਰਤ, ਸੰਤੁਲਿਤ ਖੁਰਾਕ, ਤਲੀਆਂ-ਭੁੰਨੀਆਂ ਅਤੇ ਪ੍ਰੋਸੈਸਡ ਚੀਜ਼ਾਂ ਤੋਂ ਦੂਰੀ, ਸਿਗਰਟਨੋਸ਼ੀ ਅਤੇ ਸ਼ਰਾਬ ਤੋਂ ਪਰਹੇਜ਼, ਨਾਲ ਹੀ ਪੂਰੀ ਨੀਂਦ ਲੈਣ ਵਰਗੀਆਂ ਚੰਗੀਆਂ ਆਦਤਾਂ ਕੋਲੇਸਟਰੋਲ ਨੂੰ ਕੰਟਰੋਲ ਵਿੱਚ ਰੱਖਣ ਵਿੱਚ ਮਦਦ ਕਰਦੀਆਂ ਹਨ। ਸਮੇਂ ਸਿਰ ਜਾਂਚ ਅਤੇ ਜੀਵਨਸ਼ੈਲੀ ਵਿੱਚ ਬਦਲਾਅ ਕਰਕੇ ਦਿਲ ਦੀਆਂ ਕਈ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਕਿਸ ਉਮਰ ਦੇ ਲੋਕਾਂ ਵਿੱਚ ਵੱਧ ਖ਼ਤਰਾ?
ਅਧਿਐਨ ਦੌਰਾਨ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 23,665 ਲੋਕਾਂ ਦੀ ਲਿਪਿਡ ਪ੍ਰੋਫ਼ਾਈਲ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ਅਧਿਐਨ ਤੋਂ ਪਤਾ ਲੱਗਿਆ ਕਿ 30 ਤੋਂ 39 ਸਾਲ ਦੀ ਉਮਰ ਦੇ ਲੋਕਾਂ ਵਿੱਚ ਡਿਸਲਿਪਿਡੀਮੀਆ, ਯਾਨੀ ਅਸਧਾਰਨ ਕੋਲੇਸਟਰੋਲ ਦਾ ਖ਼ਤਰਾ ਸਭ ਤੋਂ ਵੱਧ ਹੁੰਦਾ ਹੈ ਅਤੇ ਇਸ ਦੀ ਸ਼ੁਰੂਆਤ ਅਕਸਰ 30 ਸਾਲ ਦੀ ਉਮਰ ਦੇ ਆਸ-ਪਾਸ ਹੀ ਹੋ ਜਾਂਦੀ ਹੈ। ਡਾਇਬਟੀਜ਼ ਮਾਹਿਰ ਡਾ. ਆਰ. ਐਮ. ਅੰਜਨਾ ਦੇ ਅਨੁਸਾਰ, ਅੱਜ ਦੇ ਸਮੇਂ ਵਿੱਚ ਅਸਧਾਰਨ ਕੋਲੇਸਟਰੋਲ ਜ਼ਿਆਦਾਤਰ ਭਾਰਤੀ ਬਾਲਗਾਂ ਵਿੱਚ ਇੱਕ ਆਮ ਸਮੱਸਿਆ ਬਣ ਚੁੱਕੀ ਹੈ।
ਇਹ ਵੀ ਪੜ੍ਹੋ
ਸ਼ਹਿਰੀ ਔਰਤਾਂ ਵਿੱਚ ਵੱਧ ਖ਼ਤਰਾ
ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਪਿੰਡਾਂ ਦੀਆਂ ਔਰਤਾਂ ਦੇ ਮੁਕਾਬਲੇ ਸ਼ਹਿਰੀ ਔਰਤਾਂ ਵਿੱਚ ਇਹ ਖ਼ਤਰਾ ਵੱਧ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰੋਸੈਸਡ ਫੂਡ, ਲੰਬੇ ਸਮੇਂ ਤੱਕ ਬੈਠ ਕੇ ਕੰਮ ਕਰਨਾ ਅਤੇ ਸਰੀਰਕ ਗਤੀਵਿਧੀਆਂ ਦੀ ਕਮੀ ਇਸ ਦੇ ਵੱਡੇ ਕਾਰਨ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸਿਰਫ਼ ਸ਼ੂਗਰ, ਮੋਟਾਪੇ ਜਾਂ ਹਾਈ ਬਲੱਡ ਪ੍ਰੈਸ਼ਰ ਨਾਲ ਜੂਝ ਰਹੇ ਲੋਕਾਂ ਨੂੰ ਹੀ ਨਹੀਂ, ਸਗੋਂ ਵੱਡੇ ਪੱਧਰ ‘ਤੇ ਨਿਯਮਿਤ ਕੋਲੇਸਟਰੋਲ ਜਾਂਚ ਅਤੇ ਸਮੇਂ ਸਿਰ ਜੀਵਨਸ਼ੈਲੀ ਵਿੱਚ ਬਦਲਾਅ ਕਰਨ ਦੀ ਲੋੜ ਹੈ, ਤਾਂ ਜੋ ਭਵਿੱਖ ਵਿੱਚ ਹਾਰਟ ਅਟੈਕ ਅਤੇ ਸਟ੍ਰੋਕ ਵਰਗੇ ਗੰਭੀਰ ਖ਼ਤਰਿਆਂ ਨੂੰ ਘੱਟ ਕੀਤਾ ਜਾ ਸਕੇ।


