ਪੰਜਾਬੀ ਸੋਸ਼ਲ ਮੀਡੀਆ ਇਨਫਲੂਐਂਸਰ ਮਨਜੀਤ ਕੌਰ ਦੇ ਕਤਲ ਦਾ ਆਰੋਪੀ ਗ੍ਰਿਫ਼ਤਾਰ, ਪੁੱਛਗਿੱਛ ‘ਚ ਖੁਲਾਸਾ- ਗਰਭ ਵਿੱਚ ਪਲ ਰਹੇ ਬੱਚੇ ਨੂੰ ਲੈ ਕੇ ਕੀਤੀ ਸੀ ਹੱਤਿਆ
Manjeet Kaur murder case: ਪੰਜਾਬੀ ਸੋਸ਼ਲ ਮੀਡੀਆ ਇਨਫਲੂਐਂਸਰ ਦੀ ਹੱਤਿਆ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਪੁੱਛਗਿੱਛ ਦੌਰਾਨ ਆਰੋਪੀ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। 3 ਅਤੇ 4 ਜੁਲਾਈ ਦੀ ਦਰਮਿਆਨੀ ਰਾਤ ਆਰੋਪੀਆਂ ਨੇ ਇਨਫਲੂਐਂਸਰ ਮਨਜੀਤ ਕੌਰ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਗੱਡੀ ਵਿੱਚ ਅਗਵਾ ਕਰਕੇ ਜੰਗਲ ਵਿੱਚ ਲੈ ਗਏ। ਉੱਥੇ ਉਸ ਨੂੰ ਦਰੱਖਤ ਨਾਲ ਬੰਨ੍ਹ ਕੇ ਅੱਗ ਲਗਾ ਦਿੱਤੀ ਗਈ। ਗੰਭੀਰ ਹਾਲਤ ਵਿੱਚ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। 26 ਅਗਸਤ ਨੂੰ ਇਲਾਜ ਦੌਰਾਨ ਮਨਜੀਤ ਦੀ ਮੌਤ ਹੋ ਗਈ।
ਮਨਜੀਤ ਕੌਰ ਕਤਲ ਮਾਮਲੇ 'ਚ ਵੱਡਾ ਖੁਲਾਸਾ Photo Credit : Social Media
ਪੰਜਾਬ ਦੀ ਸੋਸ਼ਲ ਮੀਡੀਆ ਇਨਫਲੂਐਂਸਰ ਮਨਜੀਤ ਕੌਰ ਦੇ ਅਗਵਾ ਕਰਕੇ ਕਤਲ ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਨੇ ਕਪੂਰਥਲਾ ਦੇ ਰਹਿਣ ਵਾਲੇ ਆਰੋਪੀ ਪਰਮਿੰਦਰ ਸਿੰਘ ਉਰਫ਼ ਪਿੰਦਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ, ਫੜੇ ਗਏ ਆਰੋਪੀ ਨੇ ਮਨਜੀਤ ਦੇ ਗਰਭ ਵਿੱਚ ਪਲ ਰਹੇ ਬੱਚੇ ਨੂੰ ਲੈ ਕੇ ਉਸ ਦਾ ਕਤਲ ਕੀਤਾ। ਆਰੋਪੀ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਮਨਜੀਤ ਕੌਰ ਕਹਿੰਦੀ ਸੀ ਕਿ ਉਸ ਦੇ ਗਰਭ ਵਿੱਚ ਪਲ ਰਿਹਾ ਬੱਚਾ ਉਸ ਦਾ ਹੈ ਅਤੇ ਉਹ ਵਿਆਹ ਲਈ ਦਬਾਅ ਬਣਾ ਰਹੀ ਸੀ। ਜਦਕਿ ਆਰੋਪੀ ਨੂੰ ਮਨਜੀਤ ਦੇ ਚਰਿੱਤਰ ਤੇ ਸ਼ੱਕ ਸੀ ਅਤੇ ਉਹ ਲਗਾਤਾਰ ਕਹਿੰਦਾ ਸੀ ਕਿ ਬੱਚਾ ਕਿਸੇ ਹੋਰ ਦਾ ਹੈ।
ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਕਈ ਵਾਰ ਤਿੱਖੀ ਨੋਕ-ਝੋਕ ਅਤੇ ਇੱਥੋਂ ਤੱਕ ਕਿ ਕੁੱਟਮਾਰ ਵੀ ਹੋਈ। ਇਸ ਤੋਂ ਬਾਅਦ ਆਰੋਪੀ ਨੇ ਪੂਰੀ ਯੋਜਨਾ ਤਹਿਤ ਮਨਜੀਤ ਕੌਰ ਨੂੰ ਅਗਵਾ ਕਰਕੇ ਉਸ ਦਾ ਕਤਲ ਕਰ ਦਿੱਤਾ।
ਕਾਮਨ ਫ੍ਰੈਂਡ ਰਾਹੀਂ ਮਨਜੀਤ ਨੂੰ ਮਿਲਣ ਲਈ ਬੁਲਾਇਆ ਸੀ
ਸੂਤਰਾਂ ਮੁਤਾਬਕ, ਫੜੇ ਗਏ ਆਰੋਪੀ ਨੇ ਦੋਵਾਂ ਦੀ ਕਾਮਨ ਫ੍ਰੈਂਡ ਸ਼ੁਭੀ ਰਾਹੀਂ ਮਨਜੀਤ ਨੂੰ ਫੋਨ ਕਰਕੇ ਮਿਲਣ ਲਈ ਸੈਕਟਰ-34 ਵਿੱਚ ਬੁਲਾਇਆ ਸੀ। ਜਿੱਥੇ ਆਰੋਪੀ ਨੇ ਆਪਣੇ ਇੱਕ ਸਾਥੀ ਨਾਲ ਮਿਲ ਕੇ ਮਨਜੀਤ ਨੂੰ ਅਗਵਾ ਕਰ ਲਿਆ ਅਤੇ ਉਸ ਨੂੰ ਖਰੜ ਲੈ ਗਿਆ। ਉੱਥੇ ਉਸ ਨਾਲ ਕੁੱਟਮਾਰ ਕਰਨ ਤੋਂ ਬਾਅਦ ਸ਼ਹਿਤੂਤ ਦੇ ਦਰੱਖਤ ਨਾਲ ਬੰਨ੍ਹ ਕੇ ਜ਼ਿੰਦਾ ਸਾੜ ਦਿੱਤਾ।
ਮਾਂ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਮਾਮਲਾ
ਮ੍ਰਿਤਕਾ ਦੀ ਮਾਂ ਨੇ ਕਥਿਤ ਤੌਰ ਤੇ ਆਰੋਪ ਲਗਾਇਆ ਕਿ ਸ਼ੁਭੀ ਅਤੇ ਪਿੰਦਾ ਨੇ ਫੋਨ ਕਰਕੇ ਉਨ੍ਹਾਂ ਦੀ ਧੀ ਨੂੰ ਸੈਕਟਰ-34 ਵਿੱਚ ਬੁਲਾਇਆ ਸੀ। ਇਸ ਤੋਂ ਬਾਅਦ 3 ਅਤੇ 4 ਜੁਲਾਈ ਦੀ ਦਰਮਿਆਨੀ ਰਾਤ ਦੋਵਾਂ ਨੇ ਉਨ੍ਹਾਂ ਦੀ ਧੀ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਗੱਡੀ ਵਿੱਚ ਅਗਵਾ ਕਰਕੇ ਮੋਰਿੰਡਾ ਦੇ ਜੰਗਲੀ ਇਲਾਕੇ ਵਿੱਚ ਲੈ ਗਏ। ਉੱਥੇ ਉਸ ਨੂੰ ਸ਼ਹਿਤੂਤ ਦੇ ਦਰੱਖਤ ਨਾਲ ਬੰਨ੍ਹ ਕੇ ਅੱਗ ਲਗਾ ਦਿੱਤੀ। ਸ਼ਿਕਾਇਤਕਰਤਾ ਮਾਂ ਮੁਤਾਬਕ, ਅੱਗ ਲਗਾਉਣ ਤੋਂ ਬਾਅਦ ਆਰੋਪੀ ਫਰਾਰ ਹੋ ਗਏ। ਇਸੇ ਦੌਰਾਨ ਧੀ ਦਾ ਇੱਕ ਜਾਣਕਾਰ ਅਚਾਨਕ ਉੱਥੇ ਪਹੁੰਚਿਆ ਅਤੇ ਕੰਬਲ ਪਾ ਕੇ ਅੱਗ ਬੁਝਾਈ। ਇਸ ਤੋਂ ਬਾਅਦ ਉਸ ਨੂੰ ਮੋਰਿੰਡਾ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਉਸ ਨੂੰ PGI ਰੈਫਰ ਕਰ ਦਿੱਤਾ ਗਿਆ।
ਜਿੱਥੇ ਉਸ ਦੀ ਮੌਤ ਹੋ ਗਈ। ਆਰੋਪ ਹੈ ਕਿ ਘਟਨਾ ਤੋਂ ਬਾਅਦ ਖਰੜ ਪੁਲਿਸ ਨੇ ਨਾ ਤਾਂ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਅਤੇ ਨਾ ਹੀ ਇਨਫਲੂਐਂਸਰ ਦੇ ਹੋਸ਼ ਵਿੱਚ ਆਉਣ ਤੋਂ ਬਾਅਦ ਉਸ ਦੇ ਬਿਆਨ ਦਰਜ ਕੀਤੇ।
ਇਹ ਵੀ ਪੜ੍ਹੋ
ਕਰੀਬ ਦੋ ਮਹੀਨੇ ਤੱਕ ਗੰਭੀਰ ਹਾਲਤ ਵਿੱਚ ਰਹਿਣ ਤੋਂ ਬਾਅਦ 26 ਅਗਸਤ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਉਸ ਦੀ ਮਾਂ ਦੇ ਬਿਆਨ ਤੇ ਤੁਰੰਤ ਅਗਵਾ ਕਰਕੇ ਕਤਲ ਕਰਨ ਦਾ ਮਾਮਲਾ ਦਰਜ ਕਰ ਲਿਆ।
