ਦਲੇਰ ਮਹਿੰਦੀ ਵਿਵਾਦ: ਮੀਕਾ ਸਿੰਘ ਨੇ CM ਧਾਮੀ ਅੱਗੇ ਰੱਖੀ ਵੱਡੀ ਮੰਗ, ਮੰਤਰੀ ਸੁਬੋਧ ਉਨਿਆਲ ਵੀਡੀਓ ਜਾਰੀ ਕਰਕੇ ਮੰਗਣ ਮੁਆਫ਼ੀ

Published: 

23 Oct 2026 18:47 PM IST

ਉੱਤਰਾਖੰਡ ਵਿਖੇ ਪ੍ਰਸਿੱਧ ਪੰਜਾਬੀ ਗਾਇਕ ਦਲੇਰ ਮਹਿੰਦੀ ਅਤੇ ਸੂਬੇ ਦੇ ਕੈਬਨਿਟ ਮੰਤਰੀ ਸੁਬੋਧ ਉਨਿਆਲ ਦਰਮਿਆਨ ਸਟੇਜ 'ਤੇ ਹੋਏ ਤਿੱਖੇ ਵਿਵਾਦ ਨੇ ਹੁਣ ਹੋਰ ਵੱਡਾ ਰੂਪ ਧਾਰਨ ਕਰ ਲਿਆ ਹੈ। ਇਸ ਮਾਮਲੇ ਵਿੱਚ ਹੁਣ ਦਲੇਰ ਮਹਿੰਦੀ ਦੇ ਭਰਾ ਅਤੇ ਪ੍ਰਸਿੱਧ ਬਾਲੀਵੁੱਡ ਗਾਇਕ ਮੀਕਾ ਸਿੰਘ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਸਿੱਧੀ ਅਪੀਲ ਕੀਤੀ ਹੈ।

ਦਲੇਰ ਮਹਿੰਦੀ ਵਿਵਾਦ: ਮੀਕਾ ਸਿੰਘ ਨੇ CM ਧਾਮੀ ਅੱਗੇ ਰੱਖੀ ਵੱਡੀ ਮੰਗ, ਮੰਤਰੀ ਸੁਬੋਧ ਉਨਿਆਲ ਵੀਡੀਓ ਜਾਰੀ ਕਰਕੇ ਮੰਗਣ ਮੁਆਫ਼ੀ

ਉੱਤਰਾਖੰਡ ਵਿਖੇ ਪ੍ਰਸਿੱਧ ਪੰਜਾਬੀ ਗਾਇਕ ਦਲੇਰ ਮਹਿੰਦੀ ਅਤੇ ਸੂਬੇ ਦੇ ਕੈਬਨਿਟ ਮੰਤਰੀ ਸੁਬੋਧ ਉਨਿਆਲ ਦਰਮਿਆਨ ਸਟੇਜ ‘ਤੇ ਹੋਏ ਤਿੱਖੇ ਵਿਵਾਦ ਨੇ ਹੁਣ ਹੋਰ ਵੱਡਾ ਰੂਪ ਧਾਰਨ ਕਰ ਲਿਆ ਹੈ। ਇਸ ਮਾਮਲੇ ਵਿੱਚ ਹੁਣ ਦਲੇਰ ਮਹਿੰਦੀ ਦੇ ਭਰਾ ਅਤੇ ਪ੍ਰਸਿੱਧ ਬਾਲੀਵੁੱਡ ਗਾਇਕ ਮੀਕਾ ਸਿੰਘ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਸਿੱਧੀ ਅਪੀਲ ਕੀਤੀ ਹੈ। ਮੀਕਾ ਸਿੰਘ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਮੰਚ ‘ਐਕਸ’ (ਪਹਿਲਾਂ ਟਵਿੱਟਰ) ‘ਤੇ ਪੋਸਟ ਸਾਂਝੀ ਕਰਦਿਆਂ ਮੁੱਖ ਮੰਤਰੀ ਧਾਮੀ ਨੂੰ ਬੇਨਤੀ ਕੀਤੀ ਕਿ ਉਹ ਮੰਤਰੀ ਸੁਬੋਧ ਉਨਿਆਲ ਨੂੰ ਇੱਕ ਸਪੱਸ਼ਟੀਕਰਨ ਵਾਲੀ ਵੀਡੀਓ ਜਾਰੀ ਕਰਕੇ ਦਲੇਰ ਮਹਿੰਦੀ ਤੋਂ ਜਨਤਕ ਮੁਆਫ਼ੀ ਮੰਗਣ ਦੇ ਨਿਰਦੇਸ਼ ਦੇਣ।

ਮੀਕਾ ਸਿੰਘ ਨੇ ਆਪਣੀ ਪੋਸਟ ਰਾਹੀਂ ਇਸ ਵਿਵਾਦ ‘ਤੇ ਨਿੱਜੀ ਦਖ਼ਲ ਦੇਣ ਅਤੇ ਫ਼ੋਨ ‘ਤੇ ਗੱਲਬਾਤ ਕਰਨ ਲਈ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦਾ ਤਹਿ ਦਿਲੋਂ ਧੰਨਵਾਦ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਧਾਮੀ ਇੱਕ ਬੇਹੱਦ ਨਿਮਰ, ਸੰਜੀਦਾ ਅਤੇ ਜ਼ਮੀਨ ਨਾਲ ਜੁੜੇ ਹੋਏ ਆਗੂ ਹਨ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਸੂਝਵਾਨ ਅਗਵਾਈ ‘ਤੇ ਪੂਰਾ ਭਰੋਸਾ ਹੈ।

ਮੰਤਰੀ ਦੀ ਭਾਸ਼ਾ ‘ਤੇ ਚੁੱਕੇ ਗੰਭੀਰ ਸਵਾਲ

ਇਸ ਦੇ ਨਾਲ ਹੀ ਮੀਕਾ ਸਿੰਘ ਨੇ ਇੱਕ ਹੋਰ ਪੋਸਟ ਰਾਹੀਂ ਮੰਤਰੀ ਸੁਬੋਧ ਉਨਿਆਲ ਵੱਲੋਂ ਸਟੇਜ ‘ਤੇ ਵਰਤੀ ਗਈ ਸ਼ਬਦਾਵਲੀ ਅਤੇ ਬੋਲਣ ਦੇ ਢੰਗ ਨੂੰ ਬੇਹੱਦ ਇਤਰਾਜ਼ਯੋਗ, ਅਸੱਭਿਅਕ ਅਤੇ ਘਟੀਆ ਕਰਾਰ ਦਿੱਤਾ। ਉਨ੍ਹਾਂ ਮੰਤਰੀ ਵੱਲੋਂ ਸਟੇਜ ਤੋਂ ਦਲੇਰ ਮਹਿੰਦੀ ਨੂੰ ਕਹੀ ਗਈ ਉਸ ਵਿਵਾਦਤ ਟਿੱਪਣੀ ਦਾ ਵੀ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ, ਜਿਸ ਵਿੱਚ ਸੁਬੋਧ ਉਨਿਆਲ ਨੇ ਕਿਹਾ ਸੀ ਕਿ “ਤੁਹਾਨੂੰ ਪਤਾ ਹੈ ਨਾ ਕਿ ਮਨਿੰਦਰ ਬੁੱਟਰ ਇੱਥੋਂ ਕੁੱਟ ਖਾ ਕੇ ਗਿਆ ਸੀ? ਇੰਨਾ ਕੁੱਟਿਆ ਸੀ ਕਿ ਉਸ ਦਾ ਬਾਪ ਵੀ ਹੁਣ ਇੱਥੇ ਪੈਰ ਨਹੀਂ ਪਾ ਸਕਦਾ।” ਮੀਕਾ ਨੇ ਸਖ਼ਤ ਇਤਰਾਜ਼ ਜਤਾਉਂਦਿਆਂ ਸਵਾਲ ਕੀਤਾ ਕਿ ਕੀ ਕਿਸੇ ਜ਼ਿੰਮੇਵਾਰ ਕੈਬਨਿਟ ਮੰਤਰੀ ਨੂੰ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਕਲਾਕਾਰਾਂ ਲਈ ਅਜਿਹੀ ਹੇਠਲੇ ਪੱਧਰ ਦੀ ਧਮਕੀ ਭਰੀ ਭਾਸ਼ਾ ਦੀ ਵਰਤੋਂ ਕਰਨੀ ਸ਼ੋਭਾ ਦਿੰਦੀ ਹੈ?

ਮੀਕਾ ਸਿੰਘ ਨੇ ਆਪਣੀ ਸੋਸ਼ਲ ਮੀਡੀਆ ਪੋਸਟ ‘ਚ ਕੀ ਲਿਖਿਆ…

“ਉੱਤਰਾਖੰਡ ਦੇ ਮਾਣਯੋਗ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਜੀ ਪ੍ਰਤੀ ਮੇਰੇ ਮਨ ਵਿੱਚ ਬਹੁਤ ਸਤਿਕਾਰ ਹੈ। ਉਨ੍ਹਾਂ ਨੇ ਦਲੇਰ ਭਾਈ ਨਾਲ ਵਾਪਰੀ ਘਟਨਾ ਨੂੰ ਲੈ ਕੇ ਮੈਨੂੰ ਨਿੱਜੀ ਤੌਰ ‘ਤੇ ਫ਼ੋਨ ਕੀਤਾ। ਮੈਂ ਉਨ੍ਹਾਂ ਦੀ ਇਸ ਨਿੱਘੀ ਪਹਿਲਕਦਮੀ ਦੀ ਦਿਲੋਂ ਸ਼ਲਾਘਾ ਕਰਦਾ ਹਾਂ।

ਮੈਂ ਧਾਮੀ ਸਾਹਿਬ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ। ਉਹ ਬੇਹੱਦ ਨਿਮਰ ਅਤੇ ਜ਼ਮੀਨ ਨਾਲ ਜੁੜੇ ਹੋਏ ਵਿਅਕਤੀ ਹਨ ਅਤੇ ਮੇਰੇ ਦਿਲ ਵਿੱਚ ਉਨ੍ਹਾਂ ਲਈ ਅਥਾਹ ਆਦਰ ਹੈ।

ਉਨ੍ਹਾਂ ਅੱਗੇ ਮੇਰੀ ਸਿਰਫ਼ ਇੰਨੀ ਕੁ ਨਿਮਰਤਾ ਸਹਿਤ ਅਪੀਲ ਹੈ ਕਿ ਉਹ ਸੁਬੋਧ ਉਨਿਆਲ ਜੀ ਨੂੰ ਇੱਕ ਸਾਧਾਰਨ ਜਿਹੀ ਵੀਡੀਓ ਜਾਰੀ ਕਰਨ ਲਈ ਕਹਿਣ, ਜਿਸ ਵਿੱਚ ਉਹ ਆਪਣੇ ਦਿੱਤੇ ਬਿਆਨ ਦੀ ਸੱਚਾਈ ਸਪੱਸ਼ਟ ਕਰਨ ਅਤੇ ਲਾਈਵ ਪਰਫ਼ਾਰਮੈਂਸ ਦੌਰਾਨ ਦਲੇਰ ਭਾਈ ਵੱਲੋਂ ਸ਼ਰਾਬ ਪੀਣ ਦੇ ਲਗਾਏ ਝੂਠੇ ਦੋਸ਼ਾਂ ‘ਤੇ ਉਨ੍ਹਾਂ ਤੋਂ ਮੁਆਫ਼ੀ ਮੰਗਣ।

ਮੇਰਾ ਮੰਨਣਾ ਹੈ ਕਿ ਗ਼ਲਤਫ਼ਹਿਮੀਆਂ ਕਿਸੇ ਵੀ ਕਾਰਨ ਹੋ ਸਕਦੀਆਂ ਹਨ, ਪ੍ਰੰਤੂ ਉਨ੍ਹਾਂ ਨੂੰ ਸ਼ਾਲੀਨਤਾ ਅਤੇ ਸਲੀਕੇ ਨਾਲ ਸੁਲਝਾਇਆ ਜਾ ਸਕਦਾ ਹੈ। ਮੈਨੂੰ ਪੂਰੀ ਉਮੀਦ ਹੈ ਕਿ ਇਸ ਛੋਟੇ ਜਿਹੇ ਕਦਮ ਨਾਲ ਇਹ ਵਿਵਾਦ ਸਦਾ ਲਈ ਖ਼ਤਮ ਹੋ ਜਾਵੇਗਾ ਅਤੇ ਦਲੇਰ ਭਾਈ ਦੇ ਵੱਕਾਰ, ਸ਼ਾਨ ਅਤੇ ਮਾਣ-ਸਨਮਾਨ ਨੂੰ ਕਾਇਮ ਰੱਖਿਆ ਜਾ ਸਕੇਗਾ।”

ਵਿਵਾਦ ਵਧਣ ਮਗਰੋਂ ਮੰਤਰੀ ਨੇ ਦਿੱਤੀ ਸੀ ਸਫ਼ਾਈ

ਦੱਸਣਯੋਗ ਹੈ ਕਿ ਦਲੇਰ ਮਹਿੰਦੀ ਅਤੇ ਕੈਬਨਿਟ ਮੰਤਰੀ ਸੁਬੋਧ ਉਨਿਆਲ ਦਰਮਿਆਨ ਸਟੇਜ ‘ਤੇ ਹੋਈ ਤਕਰਾਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਣ ਮਗਰੋਂ ਸਮੁੱਚੀ ਬਾਲੀਵੁੱਡ ਅਤੇ ਸੰਗੀਤ ਜਗਤ ਦਲੇਰ ਮਹਿੰਦੀ ਦੇ ਹੱਕ ਵਿੱਚ ਡਟ ਗਿਆ ਸੀ। ਮੀਕਾ ਸਿੰਘ ਨੇ ਇਹ ਦਾਅਵਾ ਵੀ ਕੀਤਾ ਸੀ ਕਿ ਦਲੇਰ ਮਹਿੰਦੀ ਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਕਦੇ ਸ਼ਰਾਬ ਨੂੰ ਹੱਥ ਤੱਕ ਨਹੀਂ ਲਗਾਇਆ। ਚੁਫ਼ੇਰਿਓਂ ਘਿਰਨ ਅਤੇ ਮਾਮਲਾ ਭਖਣ ਉਪਰੰਤ ਮੰਤਰੀ ਉਨਿਆਲ ਨੇ ਸਫ਼ਾਈ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਗਾਇਕ ਦੀ ਸਿਹਤ ਨਾਸਾਜ਼ ਸੀ।

ਮੁੱਖ ਮੰਤਰੀ ਧਾਮੀ ਵੱਲੋਂ ਮਾਮਲਾ ਸ਼ਾਂਤ ਕਰਨ ਦੇ ਯਤਨ

ਇਸ ਸਮੁੱਚੇ ਘਟਨਾਕ੍ਰਮ ਦੌਰਾਨ ਬੀਤੇ ਦਿਨ (22 ਅਕਤੂਬਰ) ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਮਾਮਲੇ ਵਿੱਚ ਵਿਚੋਲਗੀ ਕੀਤੀ ਸੀ। ਮੁੱਖ ਮੰਤਰੀ ਨੇ ਕਿਹਾ ਸੀ ਕਿ ਉਸ ਵੇਲੇ ਮੰਤਰੀ ‘ਤੇ ਇਕੱਠੀ ਹੋਈ ਜਨਤਾ ਦਾ ਦਬਾਅ ਰਿਹਾ ਹੋਵੇਗਾ। ਉਨ੍ਹਾਂ ਸਪੱਸ਼ਟ ਕੀਤਾ ਸੀ ਕਿ ਉੱਤਰਾਖੰਡ ਕਲਾਕਾਰਾਂ ਦਾ ਸਤਿਕਾਰ ਕਰਨ ਵਾਲੀ ਪਵਿੱਤਰ ਧਰਤੀ ਹੈ ਅਤੇ ਇੱਥੇ ਹਰੇਕ ਕਲਾਕਾਰ ਦਾ ਪੂਰਾ ਮਾਣ-ਸਨਮਾਨ ਬਹਾਲ ਰੱਖਿਆ ਜਾਂਦਾ ਹੈ।

ਸੀਐੱਮ ਧਾਮੀ ਨੇ ਮੀਕਾ ਸਿੰਘ ਅਤੇ ਦਲੇਰ ਮਹਿੰਦੀ ਨਾਲ ਗੱਲਬਾਤ ਕਰਨ ਦੀ ਗੱਲ ਕਹਿੰਦਿਆਂ ਸਾਰੀਆਂ ਧਿਰਾਂ ਨੂੰ ਇਸ ਵਿਵਾਦ ਨੂੰ ਇੱਥੇ ਹੀ ਖ਼ਤਮ ਕਰਨ ਦੀ ਅਪੀਲ ਕੀਤੀ ਸੀ। ਇਸ ਉਪਰੰਤ ਮੁੱਖ ਮੰਤਰੀ ਨੇ ਖ਼ੁਦ ਮੀਕਾ ਸਿੰਘ ਨਾਲ ਫ਼ੋਨ ‘ਤੇ ਰਾਬਤਾ ਕਾਇਮ ਕਰਕੇ ਕਿਹਾ ਸੀ ਕਿ ਗ਼ਲਤਫ਼ਹਿਮੀਆਂ ਨੂੰ ਆਪਸੀ ਸੰਵਾਦ ਅਤੇ ਭਾਈਚਾਰਕ ਸਾਂਝ ਨਾਲ ਸੁਲਝਾ ਲੈਣਾ ਚਾਹੀਦਾ ਹੈ। ਹਾਲਾਂਕਿ, ਮੁੱਖ ਮੰਤਰੀ ਨਾਲ ਗੱਲਬਾਤ ਹੋਣ ਦੇ ਇੱਕ ਦਿਨ ਬਾਅਦ ਹੁਣ ਮੀਕਾ ਸਿੰਘ ਨੇ ਮੰਤਰੀ ਵੱਲੋਂ ਰਸਮੀ ਵੀਡੀਓ ਜਾਰੀ ਕਰਵਾ ਕੇ ਮੁਆਫ਼ੀ ਮੰਗਵਾਉਣ ਦੀ ਮੰਗ ਰੱਖ ਦਿੱਤੀ ਹੈ, ਜਿਸ ਨਾਲ ਇਹ ਮਾਮਲਾ ਪ੍ਰਸ਼ਾਸਨਿਕ ਅਤੇ ਸਿਆਸੀ ਹਲਕਿਆਂ ਵਿੱਚ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਹੈ।

Loading...
Unable to load recommendations.
Follow Us
Related Stories
Diljit Dosanjh: ਦਿਲਜੀਤ ਦੋਸਾਂਝ ਦਾ ਦਿੱਲੀ ਕੰਸਰਟ ਨਹੀਂ ਹੋਵੇਗਾ ਕੈਂਸਲ, ਦਿੱਲੀ ਪੁਲਿਸ ਨੇ ਦਿੱਤੀ ਇਜਾਜ਼ਤ
ਮੁੰਬਈ ਵਿੱਚ ਬੰਬ ਦੀ ਧਮਕੀ ਤੋਂ ਬਾਅਦ ਹੜਕੰਪ, ਅਮਿਤਾਭ ਦਾ ਬੰਗਲਾ ਅਤੇ ਦਿਲਜੀਤ ਦਾ ਕੰਸਰਟ ਨਿਸ਼ਾਨੇ ਤੇ, ਜਾਂਚ ਚ ਜੁਟੀਆਂ ਏਜੰਸੀਆਂ
ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਲਈ Z+ ਸੁਰੱਖਿਆ ਦੀ ਮੰਗ, ਪਰਿਵਾਰ ਨੇ ਅਮਿਤ ਸ਼ਾਹ ਤੋਂ ਮੁਲਾਕਾਤ ਲਈ ਮੰਗਿਆ ਸਮਾਂ
ਵਿਵਾਦ ਨੂੰ ਖਤਮ ਕਰੋ.. ਦਲੇਰ ਮਹਿੰਦੀ ਮਾਮਲੇ ‘ਤੇ ਉੱਤਰਾਖੰਡ ਦੇ CM ਧਾਮੀ ਬੋਲੇ, “ਉਹ ਮੇਰੇ ਦੋਸਤ, ਮੈਂ ਗੱਲ ਕਰਾਂਗਾ”
ਦਿਲਜੀਤ ਦੋਸਾਂਝ ਦਾ ਦਿੱਲੀ ਕੌਂਸਰਟ ਹੋਇਆ ਰੱਦ, ਪੁਲਿਸ ਨੇ ਸੁਰੱਖਿਆ ਕਾਰਨਾਂ ਕਰਕੇ ਨਹੀਂ ਦਿੱਤੀ ਮਨਜ਼ੂਰੀ; ਪ੍ਰਸ਼ੰਸਕ ਨਿਰਾਸ਼
ਪਰਵਿੰਦਰ ਸਿੰਘ ਝੋਟਾ ਦੇ ਕਤਲ ‘ਤੇ ਭਾਵੁਕ ਹੋਏ ਦਿਲਜੀਤ ਦੋਸਾਂਝ, ਕਿਹਾ- ਇਹ ਕੋਈ ਨਿੱਜੀ ਲੜਾਈ ਨਹੀਂ ਸੀ, ਪਰਿਵਾਰ ਨੂੰ ਇਨਸਾਫ਼ ਮਿਲਣ ਲਈ ਕੀਤੀ ਅਰਦਾਸ