ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਲਈ Z+ ਸੁਰੱਖਿਆ ਦੀ ਮੰਗ, ਪਰਿਵਾਰ ਨੇ ਅਮਿਤ ਸ਼ਾਹ ਤੋਂ ਮੁਲਾਕਾਤ ਲਈ ਮੰਗਿਆ ਸਮਾਂ
Sidhu Moose Wala: ਵਕੀਲ ਵਾਸੂ ਰੰਜਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ, ਖ਼ਾਸ ਕਰਕੇ ਉਨ੍ਹਾਂ ਦੇ ਨਾਬਾਲਗ ਭਰਾ ਲਈ Z+ ਸੁਰੱਖਿਆ ਦੀ ਮੰਗ ਕੀਤੀ ਹੈ।
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਸੁਰੱਖਿਆ ਵਧਾਉਣ ਅਤੇ ਉਨ੍ਹਾਂ ਦੇ ਛੋਟੇ ਭਰਾ ਨੂੰ ਵਿਸ਼ੇਸ਼ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਉੱਠੀ ਹੈ। ਸੁਪਰੀਮ ਕੋਰਟ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਅਤੇ ਕੌਂਸਲ ਆਫ ਲਾਇਰਜ਼ ਦੇ ਚੇਅਰਮੈਨ ਵਾਸੂ ਰੰਜਨ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਮੂਸੇਵਾਲਾ ਦੇ ਮਾਤਾ-ਪਿਤਾ ਬਲਕੌਰ ਸਿੰਘ ਅਤੇ ਚਰਨ ਕੌਰ ਸਮੇਤ ਉਨ੍ਹਾਂ ਦੇ ਨਾਬਾਲਗ ਪੁੱਤਰ ਨੂੰ Z+ ਸ਼੍ਰੇਣੀ ਦੀ ਸੁਰੱਖਿਆ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਪਰਿਵਾਰ ਤੇ ਗੈਂਗਸਟਰਾਂ ਦੇ ਹਮਲੇ ਦਾ ਖ਼ਦਸ਼ਾ ਜਤਾਉਂਦਿਆਂ ਖੁਫੀਆ ਏਜੰਸੀਆਂ ਤੋਂ ਤੁਰੰਤ ਖ਼ਤਰੇ ਦਾ ਮੁਲਾਂਕਣ ਕਰਵਾਉਣ ਦੀ ਮੰਗ ਵੀ ਕੀਤੀ ਹੈ।
ਕੇਂਦਰੀ ਗ੍ਰਹਿ ਮੰਤਰੀ ਨੂੰ ਭੇਜੇ ਪੱਤਰ ਵਿੱਚ ਵਾਸੂ ਰੰਜਨ ਨੇ ਕਿਹਾ ਕਿ 29 ਮਈ 2022 ਨੂੰ ਗੈਂਗਸਟਰਾਂ ਨੇ ਸਿੱਧੂ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ ਸੀ। ਹਾਲ ਹੀ ਵਿੱਚ ਉਨ੍ਹਾਂ ਨੇ ਇੱਕ ਵੀਡੀਓ ਦੇਖੀ, ਜਿਸ ਵਿੱਚ ਕਥਿਤ ਤੌਰ ਤੇ ਮੂਸੇਵਾਲਾ ਦੇ ਨਾਬਾਲਗ ਛੋਟੇ ਭਰਾ ਨੂੰ ਕੈਨੇਡਾ ਵਿੱਚ ਇੱਕ ਮੰਚ ਤੇ ਦੇਖਿਆ ਗਿਆ ਸੀ।
ਪਰਿਵਾਰ ਨੂੰ ਬਣਾਇਆ ਜਾ ਸਕਦਾ ਹੈ ਨਿਸ਼ਾਨਾ
ਵਕੀਲ ਮੁਤਾਬਕ, ਬੱਚੇ ਦੇ ਹਾਵ-ਭਾਵ ਅਤੇ ਅੰਦਾਜ਼ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੀ ਯਾਦ ਦਿਵਾਉਂਦੇ ਹਨ। ਉਨ੍ਹਾਂ ਨੇ ਖ਼ਦਸ਼ਾ ਜਤਾਇਆ ਕਿ ਮੂਸੇਵਾਲਾ ਦੀ ਵਿਰਾਸਤ ਨਾਲ ਜੁੜੀ ਵਧਦੀ ਜਨਤਕ ਪਛਾਣ ਕਾਰਨ ਗੈਂਗਸਟਰ ਜਾਂ ਅਪਰਾਧਿਕ ਅਨਸਰ ਬੱਚੇ ਜਾਂ ਉਸ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਹਨ।
ਵਾਸੂ ਰੰਜਨ ਨੇ ਪੱਤਰ ਵਿੱਚ ਇਸ ਖ਼ਦਸ਼ੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਸਾਵਧਾਨੀ ਵਜੋਂ ਕਦਮ ਚੁੱਕਣ ਦੀ ਲੋੜ ਦੱਸੀ ਹੈ। ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਸਮਰੱਥ ਸੁਰੱਖਿਆ ਏਜੰਸੀਆਂ ਦੇ ਮੁਲਾਂਕਣ ਦੇ ਆਧਾਰ ਤੇ ਪਰਿਵਾਰ ਨੂੰ Z+ ਸ਼੍ਰੇਣੀ ਦੀ ਸੁਰੱਖਿਆ ਦੇਣ ਬਾਰੇ ਵਿਚਾਰ ਕੀਤਾ ਜਾਵੇ।
ਪਰਿਵਾਰ ਨੂੰ ਤੁਰੰਤ ਸੁਰੱਖਿਆ ਦੇਣ ਦੀ ਮੰਗ
ਉਨ੍ਹਾਂ ਨੇ ਸੁਰੱਖਿਆ ਪ੍ਰਬੰਧਾਂ ਵਿੱਚ ਸਿਖਲਾਈ ਪ੍ਰਾਪਤ ਹਥਿਆਰਬੰਦ ਕਮਾਂਡੋ, ਨਜ਼ਦੀਕੀ ਸੁਰੱਖਿਆ ਕਰਮਚਾਰੀ, ਸੁਰੱਖਿਆ ਜੈਮਰ, ਅਗਾਊਂ ਸੁਰੱਖਿਆ ਪ੍ਰਬੰਧ ਅਤੇ ਵੱਖ-ਵੱਖ ਸੂਬਿਆਂ ਦੀਆਂ ਸੁਰੱਖਿਆ ਏਜੰਸੀਆਂ ਵਿਚਾਲੇ ਤਾਲਮੇਲ ਸ਼ਾਮਲ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ, ਪਰਿਵਾਰ ਦੀਆਂ ਵਿਦੇਸ਼ੀ ਯਾਤਰਾਵਾਂ ਦੌਰਾਨ ਵੀ ਸੁਰੱਖਿਆ ਏਜੰਸੀਆਂ ਵਿਚਾਲੇ ਨਿਰੰਤਰ ਤਾਲਮੇਲ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ
ਪੱਤਰ ਵਿੱਚ ਵਾਸੂ ਰੰਜਨ ਨੇ ਕਿਹਾ ਕਿ ਬੱਚੇ ਦੀ ਜ਼ਿੰਦਗੀ ਬੇਸ਼ਕੀਮਤੀ ਹੈ ਅਤੇ ਪਰਿਵਾਰ ਨੂੰ ਮੁੜ ਕਿਸੇ ਦੁਖਾਂਤ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਸਾਰੇ ਜ਼ਰੂਰੀ ਸਾਵਧਾਨੀ ਵਾਲੇ ਕਦਮ ਚੁੱਕੇ ਜਾਣੇ ਚਾਹੀਦੇ ਹਨ।
ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਤੋਂ ਇਸ ਮਾਮਲੇ ਵਿੱਚ ਨਿੱਜੀ ਮੁਲਾਕਾਤ ਲਈ ਜਲਦੀ ਸਮਾਂ ਦੇਣ ਦੀ ਅਪੀਲ ਵੀ ਕੀਤੀ ਹੈ, ਤਾਂ ਜੋ ਉਹ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਆਪਣੇ ਖ਼ਦਸ਼ੇ ਅਤੇ ਚਿੰਤਾਵਾਂ ਸਿੱਧੇ ਉਨ੍ਹਾਂ ਦੇ ਸਾਹਮਣੇ ਰੱਖ ਸਕਣ।
ਉਨ੍ਹਾਂ ਨੇ ਗ੍ਰਹਿ ਮੰਤਰਾਲੇ ਤੋਂ ਇੰਟੈਲੀਜੈਂਸ ਬਿਊਰੋ (IB) ਅਤੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਖ਼ਤਰੇ ਦਾ ਮੁਲਾਂਕਣ ਕਰਨ ਅਤੇ ਢੁੱਕਵੀਂ ਰੋਕਥਾਮ ਵਾਲੀ ਕਾਰਵਾਈ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। ਪੱਤਰ ਦੀ ਇੱਕ ਕਾਪੀ ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਨੂੰ ਵੀ ਭੇਜੀ ਗਈ ਹੈ।
ਹਾਲਾਂਕਿ, ਪੱਤਰ ਵਿੱਚ ਗੈਂਗਸਟਰਾਂ ਵੱਲੋਂ ਕਿਸੇ ਖ਼ਾਸ ਧਮਕੀ ਜਾਂ ਹਮਲੇ ਦੀ ਪੁਸ਼ਟੀ ਦਾ ਜ਼ਿਕਰ ਨਹੀਂ ਹੈ। ਇਸ ਵਿੱਚ ਵਕੀਲ ਨੇ ਸੰਭਾਵਿਤ ਖ਼ਤਰੇ ਦਾ ਖ਼ਦਸ਼ਾ ਜਤਾਉਂਦਿਆਂ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਨ ਅਤੇ ਸਾਵਧਾਨੀ ਵਜੋਂ ਲੋੜੀਂਦੇ ਕਦਮ ਚੁੱਕਣ ਦੀ ਮੰਗ ਕੀਤੀ ਹੈ।
