ਲੋਕ ਸਭਾ ਚੋਣਾਂ ‘ਚ ਪ੍ਰਚਾਰ ਲਈ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮਿਲੀ ਅੰਤਰਿਮ ਜ਼ਮਾਨਤ, 6 ਜੂਨ ਨੂੰ ਕਰਨਾ ਹੋਵੇਗਾ ਸਰੇਂਡਰ
ਪੰਜਾਬ ਵਿੱਚ ਸਾਲ 2017 ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਅਗੁਵਾਈ ਵਿੱਚ ਸਰਕਾਰ ਬਣੀ ਸੀ ਤਾਂ ਉਸ ਸਮੇਂ ਸਾਧੂ ਸਿੰਘ ਧਰਮਸੋਤ ਨੂੰ ਜੰਗਲਾਤ ਮੰਤਰੀ ਬਣਾਇਆ ਗਿਆ ਸੀ, ਇਸ ਦੇ ਨਾਲ ਹੀ ਉਨ੍ਹਾਂ ਨੂੰ ਸੋਸ਼ਲ ਵੇਲਫੇਅਰ ਡਿਪਾਰਟਮੈਂਟ ਵੀ ਦਿੱਤਾ ਗਿਆ ਸੀ।

ਕਰੋੜਾਂ ਰੁਪਏ ਦੇ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ‘ਚ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਕਰਨ ਲਈ ਜ਼ੇਲ੍ਹ ਤੋਂ ਬਾਹਰ ਆਉਣਗੇ। ਉਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੰਤਰਿਮ ਜ਼ਮਾਨਤ ਦਿੱਤੀ ਹੈ। ਉਨ੍ਹਾਂ ਨੂੰ ਪੰਜ ਜੂਨ ਤੱਕ ਜ਼ਮਾਨਤ ਮਿਲੀ ਹੈ। ਅਦਾਲਤ ਨੇ ਉਨ੍ਹਾਂ ਨੂੰ 6 ਜੂਨ ਨੂੰ ਖੁੱਦ ਸਰੇਂਡਰ ਕਰਨ ਲਈ ਕਿਹਾ ਹੈ। ਸਾਧੂ ਸਿੰਘ ਧਰਮਸੋਤ ਵਿਧਾਨ ਸਭਾ ਹਲਕਾ ਨਾਭਾ ਦੇ ਸਾਬਕ ਵਿਧਾਇਕ ਰਹਿ ਚੁੱਕੇ ਹਨ। ਇਹ ਹਲਕਾ ਲੋਕ ਸਭਾ ਸੀਟ ਪਟਿਆਲਾ ਦੇ ਅਧਿਨ ਆਉਂਦਾ ਹੈ। ਹਾਲਾਂਕਿ ਉਨ੍ਹਾਂ ਨੂੰ 2022 ਵਿਧਾਨਸਭਾ ਚੋਣਾਂ ‘ਚ ਹਾਰ ਦਾ ਮੁੰਹ ਦੇਖਣਾ ਪਿਆ ਸੀ।
ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਰਹੇ ਸਨ ਮੰਤਰੀ
ਪੰਜਾਬ ਵਿੱਚ ਸਾਲ 2017 ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਅਗੁਵਾਈ ਵਿੱਚ ਸਰਕਾਰ ਬਣੀ ਸੀ ਤਾਂ ਉਸ ਸਮੇਂ ਸਾਧੂ ਸਿੰਘ ਧਰਮਸੋਤ ਨੂੰ ਜੰਗਲਾਤ ਮੰਤਰੀ ਬਣਾਇਆ ਗਿਆ ਸੀ, ਇਸ ਦੇ ਨਾਲ ਹੀ ਉਨ੍ਹਾਂ ਨੂੰ ਸੋਸ਼ਲ ਵੇਲਫੇਅਰ ਡਿਪਾਰਟਮੈਂਟ ਵੀ ਦਿੱਤਾ ਗਿਆ ਸੀ।
ਸਾਲ 2022 ਵਿੱਚ ਜਿਵੇਂ ਹੀ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਵਿੱਚ ਰਾਜ ‘ਚ ਆਈ ਤਾਂ ਵਿਜੀਲੈਂਸ ਬਿਓਰੋ ਨੇ ਉਨ੍ਹਾਂ ਦੇ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਜਾਂਚ ਦੌਰਾਨ ਕਰੋੜਾਂ ਦਾ ਜੰਗਲਾਤ ਵਿਭਾਗ ਦਾ ਘੋਟਾਲਾ ਸਾਹਮਣੇ ਨਿਕਲ ਕੇ ਆਇਆ ਸੀ ਅਤੇ ਇਸ ਤੋਂ ਬਾਅਦ ਧਰਸਸੋਤ ਨੂੰ 7 ਜੂਨ 2022 ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸੇ ਐਫਆਈਆਰ ਨੂੰ ਅਧਾਰ ਬਣਾ ਕੇ ਈਡੀ ਨੇ ਵੀ ਜਾਂਚ ਕੀਤੀ ਸੀ ਅਤੇ ਈਡੀ ਵੱਲੋਂ ਉਨ੍ਹਾਂ ਨੂੰ 16 ਜਨਵਰੀ 2024 ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਕੇਜਰੀਵਾਲ ਦੀ ਤਰ੍ਹਾਂ ਮਿਲੀ ਜ਼ਮਾਨਤ
ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ ਵੱਲੋਂ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵਾਂਗ ਚੋਣ ਪ੍ਰਚਾਰ ਲਈ ਜ਼ਮਾਨਤ ਦੀ ਅਰਜ਼ੀ ਅਦਾਲਤ ਵਿੱਚ ਦਾਖਲ ਕੀਤੀ ਗਈ ਸੀ। ਉਨ੍ਹਾਂ ਨੇ ਦਲੀਲ ਦਿੱਤੀ ਸੀ ਇਹ ਚੋਣਾਂ ਪੰਜ ਸਾਲਾਂ ਬਾਅਦ ਹੁੰਦੀਆਂ ਹਨ ਅਤੇ ਇਸ ਦੌਰਾਨ ਉਨ੍ਹਾਂ ਦਾ ਚੋਣ ਪ੍ਰਚਾਰ ਵਿੱਚ ਸ਼ਾਮਲ ਹੋਣਾ ਜ਼ਰੂਰੀ ਹੈ। ਅਦਾਲਤ ਨੇ ਸਾਰੇ ਤੱਥਾਂ ਤੇ ਵਿਚਾਰ ਕਰਨ ਤੋਂ ਬਾਅਦ ਜਮਾਨਤ ਦਿੱਤੀ ਹੈ।
ਧਰਮਸੋਤ ਨੂੰ ਜ਼ਮਾਨਤ ਕੁੱਝ ਸ਼ਰਤਾਂ ਨਾਲ ਦਿੱਤੀ ਗਈ ਹੈ। ਉਨ੍ਹਾਂ ਨੂੰ ਜ਼ਮਾਨਤ ਲਈ 50 ਹਜ਼ਾਰ ਬਾਂਡ ਭਰਨਾ ਹੋਵੇਗਾ। ਇਸ ਦੇ ਨਾਲ ਹੀ ਉਹ ਅਦਾਲਤ ਦੀ ਆਗਿਆ ਬਿਨਾਂ ਵਿਦੇਸ਼ ਨਹੀਂ ਜਾ ਸਕਦੇ ਅਤੇ ਮਾਮਲੇ ਦੀ ਗਵਾਹਾਂ ਨਾਲ ਮੁਲਾਕਾਤ ਨਹੀਂ ਕਰ ਸਕਦੇ ਹਨ। ਅਦਾਲਤ ਨੇ ਉਨ੍ਹਾਂ ਨੂੰ 6 ਜੂਨ ਨੂੰ ਖੁੱਦ ਹੀ ਸਰੇਂਡਰ ਕਰ ਦੇ ਆਦੇਸ਼ ਦਿੱਤੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਬਾਂਡ ਭਰਨ ਤੋਂ ਬਾਅਦ ਜ਼ਲਦ ਹੀ ਜ਼ੇਲ੍ਹ ‘ਚੋਂ ਬਾਹਰ ਆਉਣਗੇ।