ਚੰਡੀਗੜ੍ਹ ਤੋਂ ਕਿਰਨ ਖੇਰ ਦੀ ਕੱਟੀ ਟਿਕਟ, ਸੰਜੇ ਟੰਡਨ ਨੂੰ ਭਾਜਪਾ ਨੇ ਬਣਾਇਆ ਉਮੀਦਵਾਰ, BJP ਨੇ 8 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
Chandigarh BJP Candidate : ਸਾਂਸਦ ਕਿਰਨ ਖੇਰ ਚੰਡੀਗੜ੍ਹ ਤੋਂ ਮੌਜੂਦਾ ਸਾਂਸਦ ਹਨ ਅਤੇ ਉਹ ਆਪਣੇ ਬਿਆਨਾਂ ਨੂੰ ਲੈਕੇ ਕਈ ਵਾਰ ਵਿਵਾਦਾਂ ਦਾ ਸਾਹਮਣੇ ਕਰਨ ਚੁੱਕੀ ਹੈ। ਹਾਲ ਹੀ ਵਿੱਚ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਦੌਰਾਨ ਵੀ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨਾਲ ਉਹਨਾਂ ਦੀ ਨੌਂਕ ਝੋਕ ਹੋਈ ਸੀ। ਆਮ ਆਦਮੀ ਪਾਰਟੀ ਨੇ ਇਹ ਇਲਜ਼ਾਮ ਲਈ ਲਗਾਇਆ ਸੀ ਕਿ ਚੋਣਾਂ ਵਿੱਚ ਧਾਂਦਲੀ ਭਾਜਪਾ ਦੇ ਵੱਡੇ ਲੀਡਰਾਂ ਦੇ ਇਸ਼ਾਰੇ ਤੇ ਹੋਈ ਹੈ। ਉਹਨਾਂ ਵਿੱਚੋਂ ਇੱਕ ਇਸ਼ਾਰਾ ਕਿਰਨ ਖੇਰ ਵੱਲ ਵੀ ਸੀ।
ਭਾਜਪਾ ਨੇ ਲੋਕ ਸਭਾ ਚੋਣਾਂ ਲਈ ਆਪਣੇ ਅਗਲੇ 8 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀ ਸੀਟ ਲਈ ਵੀ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸੀਟ ਤੇ ਵੀ ਭਾਜਪਾ ਨੇ ਆਪਣੀ ਪਹਿਲਾਂ ਵਾਲੀ ਰਣਨੀਤੀ ਬਰਕਰਾਰ ਰੱਖੀ ਹੈ। ਭਾਜਪਾ ਨੇ ਚੰਡੀਗੜ੍ਹ ਸੀਟ ਤੋਂ ਵੀ ਉਮੀਦਵਾਰ ਬਦਲ ਦਿੱਤਾ ਹੈ। ਭਾਜਪਾ ਨੇ ਚੰਡੀਗੜ੍ਹ ਤੋਂ ਮੌਜੂਦਾ ਸਾਂਸਦ ਕਿਰਨ ਖੇਰ ਦੀ ਟਿਕਟ ਕੱਟ ਦਿੱਤੀ ਹੈ। ਉਹਨਾਂ ਦੀ ਥਾਂ ਸੰਜੇ ਟੰਡਨ ਨੂੰ ਉਮੀਦਵਾਰ ਬਣਾਇਆ ਗਿਆ ਹੈ। ਸੰਜੇ ਟੰਡਨ ਲਗਾਤਾਰ ਚੰਡੀਗੜ੍ਹ ਵਿੱਚ ਐਕਟਿਵ ਹੋਕੇ ਕੰਮ ਕਰ ਰਹੇ ਸਨ।
2014 ਤੋਂ ਪਹਿਲਾਂ ਭਾਜਪਾ ਚੰਡੀਗੜ੍ਹ ਤੋਂ ਸੱਤਿਆਪਾਲ ਜੈਨ ਨੂੰ ਟਿਕਟ ਦਿੰਦੀ ਸੀ ਪਰ ਸੱਤਿਆਪਾਲ ਜੈਨ ਲਗਾਤਾਰ 3 ਚੋਣਾਂ (1999, 2004, 2009) ਕਾਂਗਰਸ ਦੇ ਪਵਨ ਕੁਮਾਰ ਬਾਂਸਲ ਤੋਂ ਹਾਰ ਗਏ। ਇਸ ਤੋਂ ਬਾਅਦ ਭਾਜਪਾ ਨੇ ਜੈਨ ਦੀ ਜਗ੍ਹਾ ਸੈਲੀਬ੍ਰਿਟੀ ਕਾਰਡ ਖੇਡਿਆ ਗਿਆ ਅਤੇ 2014 ਵਿੱਚ ਕਿਰਨ ਖੇਰ ਨੂੰ ਮੈਦਾਨ ਵਿੱਚ ਉਤਾਰਿਆ ਜੋ ਪਵਨ ਕੁਮਾਰ ਬਾਂਸਲ ਨੂੰ ਹਰਾਉਣ ਵਿੱਚ ਸਫਲ ਰਹੇ। 2019 ਵਿੱਚ ਭਾਜਪਾ ਨੇ ਇੱਕ ਵਾਰ ਫਿਰ ਕਿਰਨ ਖੇਰ ‘ਤੇ ਬਾਜ਼ੀ ਮਾਰੀ ਅਤੇ ਉਹ ਦੂਜੀ ਵਾਰ ਜਿੱਤ ਗਈ।
ਹਲਕੇ ਤੋਂ ਗਾਇਬ ਰਹੀ ਕਿਰਨ ਖੇਰ
2019 ਦੀਆਂ ਲੋਕ ਸਭਾ ਚੋਣਾਂ ਵਿੱਚ ਚੰਡੀਗੜ੍ਹ ਤੋਂ ਲਗਾਤਾਰ ਦੂਜੀ ਵਾਰ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਕਿਰਨ ਖੇਰ ਇੱਥੇ ਘੱਟ ਹੀ ਨਜ਼ਰ ਆਈ। ਉਨ੍ਹਾਂ ਦਾ ਜ਼ਿਆਦਾਤਰ ਸਮਾਂ ਮੁੰਬਈ ਦੀਆਂ ਫਿਲਮਾਂ ਅਤੇ ਟੀਵੀ ਸੀਰੀਅਲਾਂ ਦੀ ਸ਼ੂਟਿੰਗ ਵਿੱਚ ਬੀਤਿਆ। ਉਹ ਆਪਣੀ ਬਿਮਾਰੀ ਕਾਰਨ ਵੀ ਚੰਡੀਗੜ੍ਹ ਵਿੱਚ ਵੀ ਬਹੁਤੇ ਸਰਗਰਮ ਨਹੀਂ ਰਹਿ ਸਕੇ।
ਇਸ ਤੋਂ ਬਾਅਦ ਇਸ ਵਾਰ ਚੰਡੀਗੜ੍ਹ ਵਿੱਚ 3 ਸਥਾਨਕ ਆਗੂਆਂ ਦੇ ਨਾਂ ਸੁਰਖੀਆਂ ਵਿੱਚ ਸਨ। ਇਨ੍ਹਾਂ ਵਿੱਚ ਸੰਜੇ ਟੰਡਨ ਦੇ ਨਾਲ ਸੱਤਿਆਪਾਲ ਜੈਨ ਅਤੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਰੁਣ ਸੂਦ ਦੇ ਨਾਂ ਸ਼ਾਮਲ ਸਨ। ਇਸ ਤੋਂ ਇਲਾਵਾ ਚੰਡੀਗੜ੍ਹ ਤੋਂ ਕਈ ਸਟਾਰ ਉਮੀਦਵਾਰਾਂ ਦੇ ਨਾਂ ਵੀ ਸਾਹਮਣੇ ਆਏ ਸਨ। ਅੰਤ ਵਿੱਚ ਸੰਜੇ ਟੰਡਨ ਨੂੰ ਚੁਣਿਆ ਗਿਆ।
ਮੈਂ ਸਿਆਸਤ ਤੋਂ ਕੁਝ ਨਹੀਂ ਮੰਗਿਆ – ਸੰਜੇ
ਚੰਡੀਗੜ੍ਹ ਤੋਂ ਲੋਕ ਸਭਾ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਸੰਜੇ ਟੰਡਨ ਨੇ ਕਿਹਾ, ‘ਮੈਂ ਕਦੇ ਵੀ ਰਾਜਨੀਤੀ ਵਿੱਚ ਕੁਝ ਨਹੀਂ ਚਾਹਿਆ। ਮੈਨੂੰ ਜੋ ਵੀ ਮਿਲਿਆ, ਆਪਣੇ ਮਾਤਾ-ਪਿਤਾ ਤੋਂ ਮਿਲਿਆ ਹੈ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਟਿਕਟ ਮਿਲੇਗੀ। ਅੱਜ ਵੀ ਮੈਂ ਆਪਣੇ ਇੱਕ ਚਾਹੁਣ ਵਾਲੇ ਦੇ ਭੋਗ ਤੇ ਗਿਆ ਹੋਇਆ ਸੀ। ਉਥੇ ਮੈਨੂੰ ਸੈਂਟਰ ਤੋਂ ਫੋਨ ਆਇਆ ਤਾਂ ਪਤਾ ਲੱਗਾ ਕਿ ਮੈਨੂੰ ਅੱਜ ਟਿਕਟ ਮਿਲ ਚੁੱਕੀ ਹੈ।
ਇਹ ਵੀ ਪੜ੍ਹੋ
ਸੰਜੇ ਨੇ ਕਿਹਾ, ‘ਉਸ ਸਮੇਂ ਚੰਡੀਗੜ੍ਹ ਭਾਜਪਾ ਦੇ ਸੂਬਾ ਪ੍ਰਧਾਨ ਵੀ ਮੇਰੇ ਨਾਲ ਸਨ। ਮੈਂ ਉਨ੍ਹਾਂ ਨੂੰ ਪਹਿਲਾਂ ਦੱਸਿਆ। ਮੇਰੇ ਪਿਤਾ ਜੀ ਵੀ ਕਦੇ ਵੀ ਰਾਜਨੀਤੀ ਵਿੱਚ ਕੁਝ ਨਹੀਂ ਚਾਹੁੰਦੇ ਸਨ, ਅਤੇ ਉਨ੍ਹਾਂ ਨੇ ਮੈਨੂੰ ਇਹੀ ਸਿਖਾਇਆ ਸੀ। ਮੈਂ ਕਦੇ ਟਿਕਟ ਨਹੀਂ ਮੰਗੀ ਸੀ, ਪਰ ਕੇਂਦਰ ਵੱਲੋਂ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ, ਉਸ ਨੂੰ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗਾ।
ਇਹ ਵੀ ਪੜ੍ਹੋ – ਨਵਜੋਤ ਸਿੱਧੂ ਸਮੇਤ ਚੋਣ ਪ੍ਰਚਾਰ ਲਈ ਇਨ੍ਹਾਂ ਕਾਂਗਰਸੀ ਆਗੂਆਂ ਦੀ ਸਭ ਤੋਂ ਵੱਧ ਮੰਗ, ਇਨਕਾਰ ਕਰ ਚੁੱਕੇ ਹਨ ਗੁਰੂ
ਕੌਣ ਹਨ ਸੰਜੈ ਟੰਡਨ?
10 ਸਤੰਬਰ 1963 ਨੂੰ ਸੰਜੈ ਟੰਡਨ ਦਾ ਜਨਮ ਅੰਮ੍ਰਿਤਸਰ ਵਿੱਚ ਬਲਰਾਮਜੀ ਦਾਸ ਟੰਡਨ ਦੇ ਘਰ ਹੋਇਆ। ਉਹ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਸੰਜੈ ਟੰਡਨ ਦੇ ਪਿਤਾ ਬਲਰਾਮਜੀ ਟੰਡਨ ਕਈ ਵਾਰ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ। ਉਹ ਪੰਜਾਬ ਭਾਜਪਾ ਦੇ ਵੱਡੇ ਲੀਡਰ ਸਨ। ਸੰਜੈ ਟੰਡਨ ਨੇ B.com ਤੱਕ ਪੜਾਈ ਕੀਤੀ ਹੈ।
ਇਹਨਾਂ ਸਾਂਸਦਾਂ ਦੀ ਕੱਟੀ ਟਿਕਟ
ਭਾਜਪਾ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੀ ਗਈ 9 ਨਾਵਾਂ ਦੀ ਸੂਚੀ ‘ਚੋਂ 4 ਅਜਿਹੇ ਸਾਂਸਦਾਂ ਦੇ ਹਨ ਜਿਨ੍ਹਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਹਨ। ਜਿਨ੍ਹਾਂ ਸਾਂਸਦਾਂ ਦੀ ਟਿਕਟ ਕੱਟੀ ਗਈ ਹੈ। ਉਸ ਵਿੱਚ ਫੂਲਪੁਰ ਤੋਂ ਕੇਸਰੀ ਦੇਵੀ ਪਟੇਲ, ਇਲਾਹਾਬਾਦ ਤੋਂ ਰੀਟਾ ਬਹੁਗੁਣਾ ਜੋਸ਼ੀ, ਬਲੀਆ ਤੋਂ ਵਰਿੰਦਰ ਸਿੰਘ ਮਸਤ ਅਤੇ ਚੰਡੀਗੜ੍ਹ ਤੋਂ ਕਿਰਨ ਖੇਰ ਸ਼ਾਮਲ ਹਨ।


