ਬਠਿੰਡਾ ਚ ਪੁਲਿਸ ਇੰਸਪੈਕਟਰ ਦੀ ਗੋਲੀ ਲੱਗਣ ਨਾਲ ਮੌਤ, ਵੱਡਾ ਸਵਾਲ – ਕਤਲ ਦਾ ਖੁਦਕੁਸ਼ੀ
Crime News: ਸੂਤਰਾਂ ਦੀ ਮੰਨੀਏ ਤਾਂ ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਮ੍ਰਿਤਕ ਇੰਸਪੈਕਟਰ ਦਾ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ, ਹਾਲਾਂਕਿ ਪੁਲਿਸ ਇਸ ਬਾਰੇ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹੈ। ਗੁਪਤ ਸੂਤਰਾਂ ਮੁਤਾਬਕ, ਭੁੱਲਰ ਖਿਲਾਫ ਚੰਡੀਗੜ੍ਹ ਵਿੱਚ ਕਿਸੇ ਸੀਨੀਅਰ ਪੁਲਿਸ ਅਫ਼ਸਰ ਕੋਲ ਵਿਭਾਗੀ ਇੰਨਕੁਆਰੀ ਚੱਲ ਰਹੀ ਸੀ। ਜਿਸ ਨੂੰ ਲੈ ਕੇ ਉਹ ਕਾਫੀ ਪਰੇਸ਼ਾਨ ਰਹਿ ਰਿਹਾ ਸੀ।
Police Inspector Dead Body Recovered: ਬਠਿੰਡਾ ਦੇ ਮਾਡਲ ਟਾਊਨ ਫੇਜ਼-1 ਵਿੱਚ ਇੱਕ ਥਾਣੇਦਾਰ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਥਾਣੇਦਾਰ ਦੀ ਲਾਸ਼ ਉਸ ਦੀ ਕਾਰ ਵਿੱਚੋਂ ਬਰਾਮਦ ਹੋਈ। ਪੁਲਿਸ ਅਜੇ ਜਾਂਚ ਕਰ ਰਹੀ ਹੈ ਕਿ ਇਹ ਕਤਲ ਹੈ ਜਾਂ ਖੁਦਕੁਸ਼ੀ। ਮ੍ਰਿਤਕ ਥਾਣੇਦਾਰ ਦੀ ਪਛਾਣ ਰਣਧੀਰ ਸਿੰਘ ਭੁੱਲਰ ਵਜੋਂ ਹੋਈ ਹੈ, ਜੋ ਇਸ ਸਮੇਂ ਜਗਰਾਉਂ ਵਿਖੇ ਤਾਇਨਾਤ ਸੀ। ਘਟਨਾ ਤੋਂ ਬਾਅਦ ਇਲਾਕੇ ਨੂੰ ਅਲਰਟ ਕਰ ਦਿੱਤਾ ਗਿਆ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਫੋਰੈਂਸਿਕ ਟੀਮ ਕਰ ਰਹੀ ਮਾਮਲੇ ਦੀ ਜਾਂਚ
ਘਟਨਾ ਦੀ ਜਾਂਚ ਲਈ ਫੋਰੈਂਸਿਕ ਟੀਮ ਮੌਕੇ ਤੋਂ ਸਬੂਤ ਇੱਕਠੇ ਕਰ ਰਹੀ ਹੈ। ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਪੁਲਿਸ ਟੀਮ ਨਾਲ ਮੌਕੇ ਤੇ ਪੁੱਜੇ। ਗੋਲੀ ਲੱਗਣ ਕਾਰਨ ਥਾਣੇਦਾਰ ਰਣਧੀਰ ਸਿੰਘ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸੀ, ਕਤਲ ਸੀ ਜਾਂ ਫੇਰ ਖੁਦਕੁਸ਼ੀ ਇਸ ਦੀ ਡੁੰਘਾਈ ਨਾਲ ਜਾਂਚ ਕੀਤੀ ਜਾਵੇਗੀ।
ਐਸਪੀ ਨੇ ਦੱਸਿਆ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਜੋ ਪਤਾ ਲੱਗ ਸਕੇ ਕਿ ਮ੍ਰਿਤਕ ਇੰਸਪੈਕਟਰ ਨੂੰ ਆਖਰੀ ਵਾਰ ਕੌਣ ਮਿਲਿਆ ਸੀ। ਪੁਲਿਸ ਨੇ ਫ਼ੋਨ ਵੀ ਜਾਂਚ ਲਈ ਭੇਜ ਦਿੱਤਾ ਹੈ। ਮ੍ਰਿਤਕ ਇੰਸਪੈਕਟਰ ਦੇ ਪਰਿਵਾਰ ਬਾਰੇ ਵੀ ਜਾਣਕਾਰੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੀਆਂ ਦੋ ਬੇਟੀਆਂ ਵਿਦੇਸ਼ ਵਿੱਚ ਪੜ੍ਹ ਰਹੀਆਂ ਹਨ।