ਮੁਹਾਲੀ ‘ਚ ਐਕਸ ਗਰਲਫਰੈਂਡ ਦੇ ਕਾਤਲ ਨੂੰ ਆਇਆ ਹੋਸ਼, ਖੁਦ ਚੱਲ ਕੇ ਪਹੁੰਚਿਆ ਕੋਰਟ, ਕਤਲ ਤੋਂ ਬਾਅਦ ਵੱਢਿਆ ਸੀ ਆਪਣਾ ਗਲਾ
Mohali Murder: ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਡਿੰਪਲ ਦੇ ਪਰਿਵਾਰ, ਮੁਹੱਲਾ ਨਿਵਾਸੀਆਂ ਤੇ ਹੋਰ ਸਮਾਜਿਕ ਸੰਸਥਾਵਾਂ ਨੇ ਡਿੰਪਲ ਦੇ ਘਰ ਬਾਹਰ ਇਨਸਾਫ਼ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ। ਪ੍ਰਦਰਸ਼ਨ ਕਰਨ ਵਾਲੇ ਪਰਿਵਾਰ ਤੇ ਹੋਰ ਲੋਕਾਂ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਕਾਤਲ ਅਤੇ ਕੰਪਨੀ ਦੇ ਖਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਉਹ ਵੱਡੇ ਪੱਧਰ 'ਤੇ ਪ੍ਰਦਰਸ਼ਨ ਕਰਨਗੇ।
ਮੁਹਾਲੀ ਵਿੱਚ ਇੱਕ ਕੰਪਨੀ ਵਿੱਚ ਦਾਖਲ ਹੋ ਕੇ ਐਕਸ ਗਰਲਫਰੈਂਡ ਦਾ ਕਤਲ ਕਰਨ ਵਾਲੇ ਮੁਲਜ਼ਮ ਨੂੰ ਪੰਜ ਦਿਨਾਂ ਬਾਅਦ ਹੋਸ਼ ਵਿੱਚ ਆਇਆ। ਪੁਲਿਸ ਉਸਨੂੰ ਗ੍ਰਿਫਤਾਰ ਕਰ ਕੇ ਅਦਾਲਤ ਲੈ ਗਈ। ਹਾਲਾਂਕਿ, ਉਸਨੇ ਇਸ ਦੌਰਾਨ ਕੋਈ ਸਹਾਇਤਾ ਨਹੀਂ ਮੰਗੀ ਅਤੇ ਆਪ ਚੱਲ ਕੇ ਕੋਰਟ ਪਹੁੰਚਿਆ ਮੁਲਜ਼ਮ ਮਾਸਕ ਅਤੇ ਚਸ਼ਮਾ ਪਾ ਕੇ ਆਪਣੇ ਆਪ ਅਦਾਲਤ ਵਿੱਚ ਪਹੁੰਚਿਆ। ਮੁਲਜ਼ਮ ਹਰਜਿੰਦਰ ਸਿੰਘ ਮਾਨ ਉਰਫ ਹੈਰੀ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਹਰਜਿੰਦਰ ਸਿੰਘ ਉਸ ਕੁੜੀ ਨਾਲ ਬ੍ਰੇਕਅੱਪ ਕਾਰਨ ਨਾਰਾਜ਼ ਸੀ।
ਹੈਰੀ ਨੇ ਬੀਤੀ 4 ਜੂਨ ਨੂੰ ਦਫ਼ਤਰ ਵਿੱਚ ਬੈਠੀ ਕੁੜੀ ‘ਤੇ 30 ਵਾਰ ਚਾਕੂ ਮਾਰਿਆ, ਫਿਰ ਖੁਦਕੁਸ਼ੀ ਦੀ ਕੋਸ਼ਿਸ਼ ਵਿੱਚ ਆਪਣੇ ਗਲੇ ਨੂੰ ਵੀ ਚਾਕੂ ਨਾਲ ਰੇਤ ਲਿਆ। ਬਾਅਦ ਵਿੱਚ ਉਸਨੂੰ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਸੀ।
ਦਫ਼ਤਰ ‘ਚ ਬੈਠੀ ਕੁੜੀ ‘ਤੇ ਕੀਤਾ ਸੀ ਹਮਲਾ
ਇਹ ਘਟਨਾ ਵੀਰਵਾਰ (4 ਜੂਨ) ਨੂੰ ਸ਼ਾਮ 7:30 ਵਜੇ ਦੇ ਕਰੀਬ ਮੋਹਾਲੀ ਦੇ ਫੇਜ਼ 11 ਵਿੱਚ ਐਸਆਰਪੀ ਯੂਐਸ ਲੌਜਿਸਟਿਕਸ ਕੰਪਨੀ ਦੇ ਦਫਤਰ ਵਿੱਚ ਵਾਪਰੀ। ਮ੍ਰਿਤਕ ਡਿੰਪਲ (30) ਕੰਪਨੀ ਦੀ ਡਿਸਪੈਚ ਟੀਮ ਵਿੱਚ ਕੰਮ ਕਰਦੀ ਸੀ। ਦੋਸ਼ੀ ਹਰਜਿੰਦਰ (34) ਵੀ ਉਸੇ ਕੰਪਨੀ ਵਿੱਚ ਕੰਮ ਕਰਦਾ ਸੀ, ਅਤੇ ਉਨ੍ਹਾਂ ਦੇ ਵਰਕਸਟੇਸ਼ਨ ਵੀ ਨੇੜੇ-ਨੇੜ ਸਨ। ਪੁਲਿਸ ਦੇ ਅਨੁਸਾਰ, ਮੁਲਜਮ ਸ਼ਾਮ ਨੂੰ ਡਿੰਪਲ ਦੇ ਕੈਬਿਨ ਵਿੱਚ ਪਹੁੰਚਿਆ। ਦੋਵਾਂ ਵਿਚਕਾਰ ਬਹਿਸ ਹੋਈ। ਜਿਵੇਂ ਹੀ ਝਗੜਾ ਵਧਿਆ, ਮੁਲਜਮ ਨੇ ਡਿੰਪਲ ਤੇ ਅੰਨ੍ਹੇਵਾਹ ਚਾਕੂ ਨਾਲ ਹਮਲਾ ਕਰ ਦਿੱਤਾ। ਨੇੜੇ ਦੇ ਕਰਮਚਾਰੀਆਂ ਕੁਝ ਸਮਝ ਪਾਉਂਦੇ, ਉਸ ਤੋਂ ਪਹਿਲਾਂ ਹੀ ਕੁੜੀ ਗੰਭੀਰ ਜ਼ਖਮੀ ਹੋ ਗਈ।
ਮੁਲਜਮ ਨੇ ਆਪ ਵੀ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ
ਇਸ ਘਟਨਾ ਨਾਲ ਦਫਤਰ ਵਿੱਚ ਹਫੜਾ-ਦਫੜੀ ਮਚ ਗਈ। ਕਰਮਚਾਰੀਆਂ ਨੇ ਤੁਰੰਤ ਪੁਲਿਸ ਅਤੇ ਐਂਬੂਲੈਂਸ ਨੂੰ ਸੂਚਿਤ ਕੀਤਾ। ਆਰੋਪ ਹੈ ਕਿ ਔਰਤ ‘ਤੇ ਹਮਲਾ ਕਰਨ ਤੋਂ ਬਾਅਦ, ਮੁਲਜਮ ਨੇ ਵੀ ਚਾਕੂ ਨਾਲ ਖੁਦ ਨੂੰ ਵਾਰ ਕਰਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਫੇਜ਼ 11 ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਦੋਵਾਂ ਜ਼ਖਮੀਆਂ ਨੂੰ ਇਲਾਜ ਲਈ ਫੋਰਟਿਸ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਡਿੰਪਲ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਮੁਲਜਮ, ਹਰਜਿੰਦਰ, ਨੂੰ ਗੰਭੀਰ ਹਾਲਤ ਵਿੱਚ ਦਾਖਲ ਕਰਵਾਇਆ ਗਿਆ ਅਤੇ ਉਸਦਾ ਇਲਾਜ ਕੀਤਾ ਗਿਆ। ਉਸਨੂੰ ਪੰਜ ਦਿਨਾਂ ਬਾਅਦ 9 ਜੂਨ ਨੂੰ ਹੋਸ਼ ਆਇਆ।
3 ਸਾਲ ਦੋਸਤੀ, ਫਿਰ ਬ੍ਰੇਕਅਪ
ਪੁਲਿਸ ਦੀ ਸ਼ੁਰੂਆਤੀ ਜਾਂਚ ਅਨੁਸਾਰ, ਡਿੰਪਲ ਅਤੇ ਹਰਜਿੰਦਰ ਮੋਹਾਲੀ ਦੀ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦੇ ਸਨ। ਇਹ ਕੰਪਨੀ ਪੈਕਰ ਅਤੇ ਮੂਵਰਸ ਦਾ ਕੰਮ ਕਰਦੀ ਹੈ। ਉਹ ਲਗਭਗ 3 ਸਾਲਾਂ ਤੋਂ ਇਕੱਠੇ ਕੰਮ ਕਰ ਰਹੇ ਸਨ। ਇਸ ਦੌਰਾਨ, ਉਹ ਦੋਸਤ ਬਣੇ, ਅਤੇ ਇਹ ਪਿਆਰ ਤੱਕ ਪਹੁੰਚ ਗਏ। ਪੁਲਿਸ ਦੇ ਅਨੁਸਾਰ, ਦੋਵਾਂ ਦਾ ਕੁਝ ਸਮਾਂ ਪਹਿਲਾਂ ਬ੍ਰੇਕਅੱਪ ਹੋ ਗਿਆ ਸੀ। ਬ੍ਰੇਕਅੱਪ ਤੋਂ ਬਾਅਦ ਮੁਲਜਮ ਕਾਫੀ ਪਰੇਸ਼ਾਨ ਰਹਿਣ ਲੱਗ ਪਿਆ। ਉਸਨੇ ਡਿੰਪਲ ਨਾਲ ਆਪਣੇ ਰਿਸ਼ਤੇ ਨੂੰ ਦੁਬਾਰਾ ਸੁਧਾਰਣ ਦੀ ਕੋਸ਼ਿਸ਼ ਕੀਤੀ, ਪਰ ਗੱਲ ਨਹੀਂ ਬਣੀ।
ਇਹ ਵੀ ਪੜ੍ਹੋ
ਵੀਰਵਾਰ ਦੇਰ ਸ਼ਾਮ, ਮੁਲਜਮ ਕੰਪਨੀ ਵਿੱਚ ਪਹੁੰਚਿਆ, ਜਿੱਥੇ ਉਸ ਦੀ ਅਤੇ ਕੁੜੀ ਦੀ ਦੁਬਾਰਾ ਬਹਿਸ ਹੋਈ। ਮੁਲਜਮ ਪੂਰੀ ਤਰ੍ਹਾਂ ਤਿਆਰ ਸੀ। ਉਸ ਕੋਲ ਇੱਕ ਨਹੀਂ, ਸਗੋਂ ਦੋ ਚਾਕੂ ਸਨ। ਉਸਨੇ ਇੱਕ ਚਾਕੂ ਕੱਢਿਆ ਅਤੇ ਕੁੜੀ ‘ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਸਦੀ ਮੌਤ ਹੋ ਗਈ।
