ਸ਼ਮਸ਼ਾਨਘਾਟ ਨੂੰ ਬਣਾਇਆ ਸੀ ਨਸ਼ੇ ਦਾ ਅੱਡਾ, ਹੈਰੋਇਨ ਵੇਚਣ ਆਇਆ ਨਸ਼ਾ ਤਸਕਰ ਕਾਬੂ; 350 ਗ੍ਰਾਮ ਡਰੱਗਸ ਜ਼ਬਤ
ਪੰਜਾਬ 'ਚ ਮੋਗਾ ਪੁਲਿਸ ਨੇ ਇੱਕ ਸ਼ਮਸ਼ਾਨਘਾਟ 'ਤੇ ਨਸ਼ੀਲੇ ਪਦਾਰਥ ਵੇਚਣ ਵਾਲੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਤੋਂ 350 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਹੁਣ ਸਪਲਾਇਰਾਂ ਤੇ ਗਾਹਕਾਂ ਦੀ ਭਾਲ ਕਰ ਰਹੀ ਹੈ।
ਪੰਜਾਬ ‘ਚ ਆਏ ਦਿਨ ਹੀ ਨਸ਼ਾ ਤਸਕਰਾਂ ਨੂੰ ਕਾਬੂ ਕੀਤੇ ਜਾਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ, ਪਰ ਇਸ ਵਾਰ ਪੁਲਿਸ ਨੇ ਇੱਕ ਅਜਿਹੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸਨੇ ਇੱਕ ਸ਼ਮਸ਼ਾਨਘਾਟ ਨੂੰ ਨਸ਼ੇ ਦੇ ਅੱਡੇ ‘ਚ ਬਦਲ ਦਿੱਤਾ ਸੀ। ਪੁਲਿਸ ਨੇ ਮੁਲਜ਼ਮ ਤੋਂ 300 ਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ। ਪੁਲਿਸ ਨੇ ਇਹ ਕਾਰਵਾਈ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕੀਤੀ। ਗ੍ਰਿਫ਼ਤਾਰ ਮੁਲਜ਼ਮ ਵਿਰੁੱਧ ਪਹਿਲਾਂ ਕੋਈ ਕੇਸ ਦਰਜ ਨਹੀਂ ਹੈ।
ਮੋਗਾ ਜ਼ਿਲ੍ਹੇ ਦੇ ਸਿਟੀ ਸਾਊਥ ਪੁਲਿਸ ਸਟੇਸ਼ਨ ਨੂੰ ਇੱਕ ਮੁਖਬਰ ਤੋਂ ਸੂਚਨਾ ਮਿਲੀ ਕਿ ਬਸਤੀ ਸਾਧਾਂ ਵਾਲੀ ਸ਼ਮਸ਼ਾਨਘਾਟ ‘ਚ ਇੱਕ ਨਸ਼ਾ ਤਸਕਰ ਆਪਣੇ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਪੁਲਿਸ ਨੇ ਇਸ ਜਾਣਕਾਰੀ ‘ਤੇ ਤੁਰੰਤ ਕਾਰਵਾਈ ਕੀਤੀ। ਫਿਰ ਇੱਕ ਟੀਮ ਸ਼ਮਸ਼ਾਨਘਾਟ ਪਹੁੰਚੀ। ਪੁਲਿਸ ਨੇ ਇੱਕ ਸ਼ੱਕੀ ਨੌਜਵਾਨ ਨੂੰ ਫੜ ਲਿਆ ਤੇ 350 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਜਾਂਚ ਦੇ ਅਨੁਸਾਰ, ਗ੍ਰਿਫ਼ਤਾਰ ਵਿਅਕਤੀ ਦੇ ਖਿਲਾਫ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਸੀ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਿਟੀ ਸਾਊਥ ਪੁਲਿਸ ਸਟੇਸ਼ਨ ਦੇ ਇੰਚਾਰਜ ਐਸਆਈ ਬਲਵਿੰਦਰ ਸਿੰਘ ਨੂੰ ਗਸ਼ਤ ਡਿਊਟੀ ਦੌਰਾਨ ਸੂਚਨਾ ਮਿਲੀ ਕਿ ਜ਼ਿਲ੍ਹੇ ਦੇ ਨੂਰਪੁਰ ਹਕੀਮਾਂ ਪਿੰਡ ਦਾ ਰਹਿਣ ਵਾਲਾ ਰਾਜੂ, ਨਸ਼ੀਲੇ ਪਦਾਰਥਾਂ ਦੀ ਤਸਕਰੀ ‘ਚ ਸ਼ਾਮਲ ਹੈ ਤੇ ਇਸ ਸਮੇਂ ਸਥਾਨਕ ਬਸਤੀ ਸਾਧਾਂ ਵਾਲੀ ‘ਚ ਸ਼ਮਸ਼ਾਨਘਾਟ ‘ਚ ਗਾਹਕਾਂ ਦੀ ਉਡੀਕ ਕਰ ਰਿਹਾ ਹੈ ਤੇ ਜੇਕਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਤਾਂ ਉਸ ਦੇ ਕਬਜ਼ੇ ‘ਚੋਂ ਹੈਰੋਇਨ ਬਰਾਮਦ ਹੋ ਸਕਦੀ ਹੈ।
ਨਸ਼ਾ ਤਸਕਰ ਕਾਬੂ ਗ੍ਰਿਫ਼ਤਾਰ
ਡੀਐਸਪੀ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਸ਼ਮਸ਼ਾਨਘਾਟ ‘ਤੇ ਛਾਪਾ ਮਾਰਿਆ, ਰਾਜੂ ਨੂੰ ਗ੍ਰਿਫ਼ਤਾਰ ਕਰ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ ‘ਚੋਂ 350 ਗ੍ਰਾਮ ਹੈਰੋਇਨ ਬਰਾਮਦ ਹੋਈ। ਡੀਐਸਪੀ ਗੁਰਪ੍ਰੀਤ ਨੇ ਕਿਹਾ ਕਿ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਰਾਜੂ ਨੇ ਹੈਰੋਇਨ ਕਿੱਥੋਂ ਪ੍ਰਾਪਤ ਕੀਤੀ ਤੇ ਉਸ ਦੇ ਗਾਹਕ ਕੌਣ ਹਨ। ਪੁਲਿਸ ਇਸ ਸਮੇਂ ਇਨ੍ਹਾਂ ਸਵਾਲਾਂ ਦੀ ਜਾਂਚ ਕਰ ਰਹੀ ਹੈ ਤੇ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।