ਬਿਹਾਰ-ਯੂਪੀ ਰੂਟ ‘ਚ ਸਖ਼ਤੀ ਕਾਰਨ ਤਸਕਰਾਂ ਨੇ ਲੱਭਿਆ ਨਵਾਂ ਰਾਹ, ਮੱਧ ਪ੍ਰਦੇਸ਼ ਤੋਂ ਪੰਜਾਬ ‘ਚ ਕਰ ਰਹੇ ਹੱਥਿਆਰ ਸਪਲਾਈ
ਪੰਜਾਬ ਚ ਗੈਰ-ਕਾਨੂੰਨੀ ਹਥਿਆਰਾਂ ਦੀ ਸੱਪਲਾਈ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਕੀਤੀ ਜਾਂਦੀ ਸੀ ਪਰ ਪੁਲਿਸ ਪ੍ਰਸ਼ਾਸਨ ਦੀ ਸਖਤੀ ਕਾਰਨ ਹੁਣ ਤਸਕਰਾਂ ਨੇ ਆਪਣਾ ਰੂਟ ਬਦਲ ਲਿਆ ਹੈ। ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਪੁਲਿਸ ਨੇ ਅਜਿਹੇ ਖੁਲਾਸੇ ਕੀਤੇ ਹਨ ਜਿਸ ਤੋਂ ਇਨ੍ਹਾਂ ਤਸਕਰਾਂ ਦੇ ਨਵੇਂ ਗੜ੍ਹ ਦਾ ਪਤਾ ਚੱਲਿਆ ਹੈ। ਹੁਣ ਪੰਜਾਬ 'ਚ ਤਸਕਰ ਮੱਧ ਪ੍ਰਦੇਸ਼ ਤੋਂ ਕਰ ਰਹੇ ਹਨ ਜਿਸ ਨੂੰ ਲੈ ਕੇ ਪੁਲਿਸ ਵੀ ਆਪਣੇ ਨਵੇਂ ਪਲਾਨ ਬਣਾ ਰਹੀ ਹੈ।
ਪੰਜਾਬ ਪੁਲਿਸ ਨੇ ਗੈਰ-ਕਾਨੂੰਨੀ ਹੱਥਿਆਰਾਂ ਦੀ ਤਸਕਰੀ ਖਿਲਾਫ਼ ਨੂੰ ਲੈ ਕੇ ਵੱਡੇ ਕਦਮ ਚੁੱਕੇ ਜਾ ਰਹੇ ਹਨ। ਜਿਸ ਦੇ ਚੱਲਦੇ ਪੁਲਿਸ ਨੇ ਕੁਝ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਤੋਂ ਪੁੱਛਗਿੱਛ ਬਾਅਦ ਇਹ ਗੱਲ ਸਾਫ ਹੋਈ ਹੈ ਕਿ ਤਸਕਰ ਹੁਣ ਯੂਪੀ ਜਾਂ ਬਿਹਾਰ ਤੋਂ ਗੈਰ-ਕਾਨੂੰਨੀ ਹੱਥਿਆਰਾਂ ਦੀ ਤਸਕਰੀ ਨਹੀਂ ਕਰ ਰਹੇ। ਉਨ੍ਹਾਂ ਇਸ ਨੂੰ ਆਪਣਾ ਨਵਾਂ ਠਿਕਾਨ ਮੱਧ ਪ੍ਰਦੇਸ਼ (Madhya Pradesh) ਨੂੰ ਬਣਾਇਆ ਹੈ। ਪੁਲਿਸ ਲਈ ਅਜਿਹੇ ਮਾਮਲੇ ਵੱਡੀ ਚੁਣੌਤੀ ਬਣ ਕੇ ਸਾਮਹਣੇ ਆ ਰਹੇ ਹਨ ਜਿਸ ਨੂੰ ਲੈ ਕੇ ਪੁਲਿਸ ਵੀ ਨਵਾਂ ਪਲਾਨ ਬਣਾ ਰਹੀ ਹੈ।
ਪੁਲਿਸ ਦੀ ਮੰਨੀਏ ਤਾਂ ਉਨ੍ਹਾਂ ਦੀਆਂ ਟੀਮਾਂ ਦੀਆਂ ਲਗਾਤਾਰ ਇਸ ਤੇ ਨਜ਼ਰਾਂ ਬਣੀਆਂ ਹੋਇਆ ਹਨ। ਇਨ੍ਹਾਂ ਹੱਥਿਆਰ ਤਸਕਰਾਂ ਖਿਲਾਫ਼ ਪੁਲਿਸ ਨੇ ਲਗਾਤਾਰ ਛਾਪੇਮਾਰੀ ਕੀਤੀ ਹੈ ਅਤੇ ਹਥਿਆਰ ਬਰਾਮਦ ਕੀਤੇ ਹਨ। ਪੁਲਿਸ ਇਨ੍ਹਾਂ ਤਸਰਕਾਂ ਦੇ ਨੈੱਟਵਰਕ ਨੂੰ ਤੋੜਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ।
ਮੱਧ ਪ੍ਰਦੇਸ਼ ਤੋਂ ਹੋ ਰਹੀ ਤਸਕਰੀ
ਦੱਸ ਦਈਏ ਕਿ ਇਸ ਤੋਂ ਪਹਿਲਾਂ ਬਿਹਾਰ ਅਤੇ ਯੂਪੀ ਚੋਂ ਲਗਾਤਾਰ ਅਸਲਾ ਸਪਲਾਈ ਕੀਤਾ ਜਾਂਦਾ ਸੀ। ਇਸ ਅਸਲੇ ਦੀ ਵਰਤੋਂ ਪੰਜਾਬ ਚ ਗੁੰਡਾਗਰਦੀ ਅਤੇ ਟਾਰਗੇਟ ਕਿਲਿੰਗ ਜਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਕੀਤਾ ਜਾਂਦਾ ਸੀ। ਪਰ ਪਿਛਲੇ ਦਿਨਾਂ ‘ਚ ਸੁਰੱਖਿਆ ਏਜੰਸੀਆਂ ਅਤੇ ਪੁਲਿਸ ਟੀਮਾਂ ਨੇ ਇਨ੍ਹਾਂ ਖਿਲਾਫ਼ ਕਾਰਵਾਈ ਕੀਤੀ ਹੈ ਅਤੇ ਇਸ ਨੈੱਟਵਰਕ ਨੂੰ ਤੋੜਿਆ ਹੈ। ਇਸ ਤੋਂ ਬਾਅਦ ਇਨ੍ਹਾਂ ਤਸਕਰਾਂ ਨੇ ਨਵੇਂ ਰੂਟ ਅਖ਼ਤਿਆਰ ਕੀਤੇ ਹਨ ਜਿਸ ਚ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਸਰਹੱਦੀ ਇਲਾਕੇ ਹਨ।
ਪਿਛਲੇ ਕੁਝ ਦਿਨਾਂ ‘ਚ ਪੰਜਾਬ ਪੁਲਿਸ ਅਤੇ ਏਜੰਸੀਆਂ ਨੇ ਕਾਰਵਾਈ ਕਰਦੇ ਹੋਏ ਲੁਧਿਆਣਾ, ਸੰਗਰੂਰ, ਮੋਹਾਲੀ, ਰੋਪੜ, ਖੰਨਾ ਅਤੇ ਜਲੰਧਰ ਜਹੀਆਂ ਥਾਵਾਂ ਤੋਂ ਕੁਝ ਮੁਲਜ਼ਮਾਂ ਹੱਥਿਆਰਾਂ ਸਮੇਤ ਕਾਬੂ ਕੀਤਾ ਹੈ। ਰਾਜੀਵ ਕੌਸ਼ਲ ਨਾਂਅ ਦੇ ਗੈਂਗਸਟਰ ਨੂੰ ਪੁਲਿਸ ਨੇ ਹੱਥਿਆਰਾਂ ਸਮੇਤ ਕਾਬੂ ਕੀਤਾ ਸੀ। ਇਸ ਤੋਂ ਤਸਕਰ ਰਾਜਾ ਨੂੰ ਵੀ ਸਮੇਤ ਹੱਥਿਆਰ ਕਾਬੂ ਕੀਤਾ ਗਿਆ। ਇਨ੍ਹਾਂ ਨੇ ਮੰਨਿਆ ਸੀ ਕੀ ਉਹ ਇਹ ਹੱਥਿਆਰ ਮੱਧ ਪ੍ਰਦੇਸ਼ ਤੋਂ ਮੰਗਵਾਏ ਸਨ।