ਲੁਧਿਆਣਾ ਦੇ ਹਨੂੰਮਾਨ ਮੰਦਰ ਵਿੱਚ ਹੰਗਾਮਾ, ਲੰਗਰ ਵੰਡਣ ਦੀ ਜਗ੍ਹਾ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਝੜਪ
Ludhiana News: ਔਰਤ ਨੇ ਕਿਹਾ ਕਿ ਮੰਦਰ ਵਿੱਚ ਲੰਗਰ ਲਗਾਉਣ ਲਈ ਕਿਸੇ ਤਰ੍ਹਾਂ ਦੀ ਇਜਾਜ਼ਤ ਦੀ ਲੋੜ ਨਹੀਂ ਹੈ ਅਤੇ ਨਾ ਹੀ ਇੱਥੇ ਕਿਸੇ ਨੇ ਕੋਈ ਇਜਾਜ਼ਤ ਦਿੱਤੀ ਹੈ। ਇਸ ਮੁੱਦੇ 'ਤੇ, ਸ਼ਨੀਵਾਰ ਰਾਤ ਨੂੰ ਉਸਦੀ ਮੰਦਰ ਕਮੇਟੀ ਦੇ ਮੈਂਬਰਾਂ ਨਾਲ ਬਹਿਸ ਹੋ ਗਈ ਜੋ ਅਚਾਨਕ ਹੱਥੋਪਾਈ ਵਿੱਚ ਬਦਲ ਗਈ।

ਲੁਧਿਆਣਾ ਦੇ ਪ੍ਰਾਚੀਨ ਦਰੇਸੀ ਮੈਦਾਨ ਵਿੱਚ ਸਥਿਤ ਹਨੂੰਮਾਨ ਮੰਦਰ ਵਿੱਚ ਦੇਰ ਰਾਤ ਲੰਗਰ ਵੰਡਣ ਨੂੰ ਲੈ ਕੇ ਕਾਫ਼ੀ ਹੰਗਾਮਾ ਹੋਇਆ। ਇਸ ਝੜਪ ਵਿੱਚ ਲਗਭਗ 5 ਲੋਕ ਜ਼ਖਮੀ ਹੋ ਗਏ। ਸ਼੍ਰੀ ਰਾਮ ਲੀਲਾ ਕਮੇਟੀ ਅਤੇ ਬਾਲਾਜੀ ਮਿੱਤਰ ਮੰਡਲ ਦੇ ਮੈਂਬਰਾਂ ਦੀ ਇਸ ਜਗ੍ਹਾ ਨੂੰ ਲੈ ਕੇ ਇੱਕ ਦੂਜੇ ਨਾਲ ਝੜਪ ਹੋ ਗਈ। ਇੱਕ ਪਾਸੇ ਤੋਂ ਆਰਤੀ ਚਿਤਕਾਰਾ (55), ਨਵੀਨ ਚਿਤਕਾਰਾ (55), ਆਕਾਸ਼ (31) ਅਤੇ ਦੂਜੇ ਪਾਸੇ ਤੋਂ ਹਿੰਦੀ ਬਾਜ਼ਾਰ ਦੇ ਵਸਨੀਕ ਸੰਦੀਪ ਸੱਭਰਵਾਲ (55) ਅਤੇ ਹਿਮਾਂਸ਼ੂ (27) ਜ਼ਖਮੀ ਹੋ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜ਼ਖਮੀ ਆਰਤੀ ਚਿਤਕਾਰਾ ਨਿਵਾਸੀ ਸਲੇਮ ਟਾਬਰੀ ਨੇ ਦੱਸਿਆ ਕਿ ਉਹ ਰਾਮਲੀਲਾ ਕਮੇਟੀ, ਦਰੇਸੀ ਗਰਾਊਂਡ ਦੀ ਮੈਂਬਰ ਹੈ। ਉਹ ਪਿਛਲੇ 8 ਸਾਲਾਂ ਤੋਂ ਮੰਗਲਵਾਰ ਅਤੇ ਸ਼ਨੀਵਾਰ ਨੂੰ ਹਨੂੰਮਾਨ ਮੰਦਰ ਦਰੇਸੀ ਵਿਖੇ ਲੰਗਰ ਵਿੱਚ ਸੇਵਾ ਕਰ ਰਹੀ ਹੈ, ਪਰ ਪਿਛਲੇ ਇੱਕ ਮਹੀਨੇ ਤੋਂ ਉਸਨੂੰ ਕਮੇਟੀ ਦੇ ਮੁਖੀ ਅਤੇ ਹੋਰ ਮੈਂਬਰਾਂ ਵੱਲੋਂ ਲੰਗਰ ਵਰਤਾਉਣ ਤੋਂ ਰੋਕਿਆ ਜਾ ਰਿਹਾ ਸੀ।
ਝਗੜੇ ਵਿੱਚ ਜਖਮੀ ਹੋਈ ਮਹਿਲਾ ਨੇ ਇਲਜ਼ਾਮ ਲਗਾਇਆ ਕਿ ਕਮੇਟੀ ਦੇ ਮੁਖੀ ਦਿਨੇਸ਼ ਮਰਵਾਹਾ ਨੇ ਉਹਨਾਂ ਨੂੰ ਕਿਹਾ ਕਿ ਜੇਕਰ ਉਹ ਮੰਦਰ ਵਿੱਚ ਲੰਗਰ ਦਾ ਪ੍ਰਬੰਧ ਕਰਨਾ ਚਾਹੁੰਦੀ ਹੈ, ਤਾਂ ਉਸਨੂੰ ਸਾਰੇ ਕਮੇਟੀ ਮੈਂਬਰਾਂ ਤੋਂ ਲਿਖਤੀ ਪ੍ਰਵਾਨਗੀ ਲੈਣੀ ਚਾਹੀਦੀ ਹੈ।
ਔਰਤ ਨੇ ਕਿਹਾ ਕਿ ਮੰਦਰ ਵਿੱਚ ਲੰਗਰ ਲਗਾਉਣ ਲਈ ਕਿਸੇ ਤਰ੍ਹਾਂ ਦੀ ਇਜਾਜ਼ਤ ਦੀ ਲੋੜ ਨਹੀਂ ਹੈ ਅਤੇ ਨਾ ਹੀ ਇੱਥੇ ਕਿਸੇ ਨੇ ਕੋਈ ਇਜਾਜ਼ਤ ਦਿੱਤੀ ਹੈ। ਇਸ ਮੁੱਦੇ ‘ਤੇ, ਸ਼ਨੀਵਾਰ ਰਾਤ ਨੂੰ ਉਸਦੀ ਮੰਦਰ ਕਮੇਟੀ ਦੇ ਮੈਂਬਰਾਂ ਨਾਲ ਬਹਿਸ ਹੋ ਗਈ ਜੋ ਅਚਾਨਕ ਹੱਥੋਪਾਈ ਵਿੱਚ ਬਦਲ ਗਈ।
ਦੂਜੇ ਪਾਸੇ, ਸ਼੍ਰੀ ਰਾਮ ਲੀਲਾ ਮੰਦਰ ਕਮੇਟੀ ਦੇ ਮੁਖੀ ਦਿਨੇਸ਼ ਮਰਵਾਹਾ ਨੇ ਕਿਹਾ ਕਿ ਮੰਦਰ ਕਮੇਟੀ ਦੇ ਆਪਣੇ ਕੁਝ ਨਿਯਮ ਅਤੇ ਕਾਨੂੰਨ ਹਨ। ਮੰਦਰ ਵਿੱਚ ਲੰਗਰ ਦਾ ਪ੍ਰਬੰਧ ਕਰਨ ਲਈ ਸਾਰਿਆਂ ਤੋਂ ਇਜਾਜ਼ਤ ਲੈਣੀ ਜ਼ਰੂਰੀ ਹੈ। ਮੰਦਰ ਦੀ ਸਫ਼ਾਈ ਅਤੇ ਪਵਿੱਤਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਮੰਦਰ ਦੇ ਬਾਹਰ ਲੰਗਰ ਵੰਡਣ ਦੇ ਆਦੇਸ਼ ਹਨ।
ਇਹ ਵੀ ਪੜ੍ਹੋ
ਵਿਵਾਦ ਤੋਂ ਬਾਅਦ ਹੋਈ ਝੜਪ
ਕੱਲ੍ਹ ਰਾਤ ਕੁਝ ਲੋਕਾਂ ਵੱਲੋਂ ਮੰਦਰ ਕਮੇਟੀ ਦੇ ਇੱਕ ਮੈਂਬਰ ‘ਤੇ ਹਮਲਾ ਕਰਨ ਤੋਂ ਬਾਅਦ ਸਥਿਤੀ ਹੋਰ ਵਿਗੜ ਗਈ। ਇਸ ਮਾਮਲੇ ਸਬੰਧੀ ਸ਼ਿਕਾਇਤ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਕੋਲ ਦਰਜ ਕਰਵਾਈ ਜਾ ਰਹੀ ਹੈ। ਮੰਦਰ ਕਮੇਟੀ ਵੱਲੋਂ ਕਿਹਾ ਗਿਆ ਹੈ ਕਿ ਉਹ ਜਾਂਚ ਵਿੱਚ ਪੁਲਿਸ ਨੂੰ ਪੂਰਾ ਸਹਿਯੋਗ ਕਰਨਗੇ।