ਲੁਧਿਆਣਾ : 4 ਸਾਲਾਂ ਮਾਸੂਮ ਨਾਲ ਜਬਰ-ਜਨਾਹ ਤੋਂ ਬਾਅਦ ਕਤਲ ਦਾ ਮੁਲਜ਼ਮ ਨੇਪਾਲ ਬਾਰਡਰ ਤੋਂ ਗ੍ਰਿਫਤਾਰ
ਬੀਤੀ 29 ਦਸੰਬਰ ਨੂੰ ਪੁਲਿਸ ਨੇ ਦੇਰ ਰਾਤ ਬੱਚੀ ਦੀ ਲਾਸ਼ ਇੱਕ ਬੈੱਡ ਬਾਕਸ ਵਿੱਚੋਂ ਬਰਾਮਦ ਕੀਤੀ ਸੀ। ਡਾਬਾ ਇਲਾਕੇ ਦਾ ਇੱਕ ਵਿਅਕਤੀ ਲੜਕੀ ਨੂੰ ਆਪਣੇ ਕਮਰੇ ਵਿੱਚ ਲੈ ਗਿਆ। ਜਦੋਂ ਦੁਪਹਿਰ 2 ਵਜੇ ਤੱਕ ਲੜਕੀ ਦਾ ਕੋਈ ਸੁਰਾਗ ਨਾ ਲੱਗਾ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ। ਲੜਕੀ ਨਾ ਮਿਲਣ 'ਤੇ ਪਰਿਵਾਰਕ ਮੈਂਬਰਾਂ ਨੇ ਥਾਣਾ ਡਾਬਾ ਨੂੰ ਸੂਚਨਾ ਦਿੱਤੀ। ਪੁਲਿਸ ਟੀਮ ਨੇ ਦੇਰ ਰਾਤ ਜਦੋਂ ਇਲਾਕੇ ਦੀ ਤਲਾਸ਼ੀ ਲਈ ਤਾਂ ਇੱਕ ਘਰ ਦੇ ਬੈੱਡ ਬਾਕਸ 'ਚੋਂ ਬੱਚੀ ਦੀ ਲਾਸ਼ ਬਰਾਮਦ ਹੋਈ।
ਲੁਧਿਆਣਾ ‘ਚ 4 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਨੇਪਾਲ ਬਾਰਡਰ ਤੋਂ ਗ੍ਰਿਫਤਾਰ ਕਰ ਲਿਆ ਹੈ। ਡਾਬਾ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਸੋਨੂੰ ਦੀ ਫੋਟੋ ਜਾਰੀ ਕਰਕੇ ਉਸ ‘ਤੇ 2 ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਨਾਲ ਹੀ ਉਸ ਦੀ ਫੋਟੋ ਜਨਤਕ ਥਾਂਵਾ ‘ਤੇ ਚਿਪਕਾਈ ਗਈ ਸੀ। ਉਹ ਲੜਕੀ ਦੀ ਲਾਸ਼ ਘਰ ਦੇ ਬੈੱਡ ਬਾਕਸ ਵਿੱਚ ਛੱਡ ਕੇ ਭੱਜ ਗਿਆ ਸੀ।
ਦਸੰਬਰ 2023 ਵਿੱਚ ਸੋਨੂੰ ਆਪਣੇ ਭਰਾ ਅਸ਼ੋਕ ਨਾਲ ਇਲਾਕੇ ਵਿੱਚ ਰਹਿਣ ਆਇਆ ਸੀ। ਸੋਨੂੰ ਦਾ ਭਰਾ ਇਲਾਕੇ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਗੈਸ ਸਿਲੰਡਰ ਭਰਨ ਦਾ ਕੰਮ ਕਰਦਾ ਹੈ। 28 ਦਸੰਬਰ ਨੂੰ ਸੋਨੂੰ ਲੜਕੀ ਨੂੰ ਉਸ ਦੀ ਨਾਨੀ ਦੀ ਚਾਹ ਦੀ ਦੁਕਾਨ ਤੋਂ ਕੁਝ ਲੈਣ ਦੇ ਬਹਾਨੇ ਲੈ ਗਿਆ। ਇਸ ਤੋਂ ਬਾਅਦ ਬੱਚੀ ਦਾ ਕੋਈ ਸੁਰਾਗ ਨਹੀਂ ਮਿਲਿਆ।
ਦੁਪਹਿਰ ਤੱਕ ਜਦੋਂ ਬੱਚੀ ਘਰ ਨਾ ਆਈ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕੀਤੀ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਜਦੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਇੱਥੇ ਰਹਿਣ ਵਾਲਾ ਸੋਨੂੰ ਲੜਕੀ ਦਾ ਹੱਥ ਫੜ ਕੇ ਉਸ ਨੂੰ ਕਮਰੇ ਵਿੱਚ ਲੈ ਜਾਂਦਾ ਨਜ਼ਰ ਆਇਆ। ਜਦੋਂ ਪੁਲਿਸ ਅਤੇ ਪਰਿਵਾਰ ਵਾਲੇ ਸੋਨੂੰ ਦੇ ਕਮਰੇ ‘ਚ ਪਹੁੰਚੇ ਤਾਂ ਲੜਕੀ ਦੀ ਲਾਸ਼ ਬੈੱਡ ਬਾਕਸ ‘ਚ ਪਈ ਮਿਲੀ।
ਪੋਸਟਮਾਰਮਟਮ ਰਿਪੋਰਟ ‘ਚ ਖੁਲਾਸਾ
ਪੁਲਿਸ ਨੇ ਜਦੋਂ ਲੜਕੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਤਾਂ ਸਾਹਮਣੇ ਆਇਆ ਕਿ ਲੜਕੀ ਦਾ 30 ਤੋਂ 40 ਸੈਕਿੰਡ ਤੱਕ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ। ਉਸ ਦੀ ਗਰਦਨ ‘ਤੇ ਉਂਗਲਾਂ ਦੇ ਨਿਸ਼ਾਨ ਸਨ। ਬੱਚੀ ਦੇ ਗੁਪਤ ਅੰਗ ‘ਚ ਵੀ ਖੂਨ ਮਿਲਿਆ ਸੀ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ‘ਤੇ ਡਾਬਾ ਥਾਣਾ ਪੁਲਿਸ ਨੇ ਸੋਨੂੰ ਖਿਲਾਫ ਆਈਪੀਸੀ ਦੀ ਧਾਰਾ 302, 376ਏ, 376-ਏਬੀ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਉਦੋਂ ਤੋਂ ਹੀ ਪੁਲਿਸ ਸੋਨੂੰ ਦੀ ਭਾਲ ਕਰ ਰਹੀ ਸੀ।
ਰਿਸ਼ਤੇਦਾਰਾਂ ਦੇ ਘਰੋਂ ਹੋਈ ਗ੍ਰਿਫ਼ਤਾਰੀ
ਚਾਰ ਸਾਲਾਂ ਬੱਚੀ ਦੇ ਰੇਪ ਮਾਮਲੇ ਦੇ ਮੁੱਖ ਮੁਲਜ਼ਮ ਨੂੰ ਲੁਧਿਆਣਾ ਪੁਲਿਸ ਨੇ ਕਲਿਆਣਪੁਰ ਜਨਪਥ ਤੋਂ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ ਪੁਲਿਸ ਨੇ ਮੁਲਜ਼ਮ ਨੂੰ ਇੱਕ ਪਿੰਡ ਦੇ ਵਿੱਚੋਂ ਉਸਦੇ ਰਿਸ਼ਤੇਦਾਰ ਦੇ ਘਰੋਂ ਕਾਬੂ ਕੀਤਾ ਹੈ