ਜਲੰਧਰ ‘ਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁੱਠਭੇੜ, ਲਾਰੈਂਸ ਗੈਂਗ ਦੇ 2 ਮੈਂਬਰ ਗ੍ਰਿਫ਼ਤਾਰ
Jalandhar Encounter: ਮੁੱਠਭੇੜ ਦੌਰਾਨ ਦੋਵੇਂ ਗੈਂਗਸਟਰ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਅਤੇ ਇਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਇਹ ਗੈਂਗਸਟਰ ਕਤਲ, ਸੁਪਾਰੀ ਕਿਲਿੰਗ ਅਤੇ ਨਸ਼ੇ ਦੀ ਤਸਕਰੀ ਦੀਆਂ ਵਾਰਦਾਤ 'ਚ ਸ਼ਾਮਲ ਸਨ।
ਜਲੰਧਰ ਕਮਿਸ਼ਨਰੇਟ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਸਵੇਰੇ ਤੜਕੇ ਮੁੱਠਭੇੜ ਹੋਈ ਹੈ। ਪੁਲਿਸ ਨਾਲ ਹੋਈ ਭਾਰੀ ਗੋਲੀਬਾਰੀ ਦੌਰਾਨ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁੱਠਭੇੜ ਦੌਰਾਨ ਦੋਵੇਂ ਗੈਂਗਸਟਰ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਅਤੇ ਇਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਇਹ ਗੈਂਗਸਟਰ ਕਤਲ, ਸੁਪਾਰੀ ਕਿਲਿੰਗ ਅਤੇ ਨਸ਼ੇ ਦੀ ਤਸਕਰੀ ਦੀਆਂ ਵਾਰਦਾਤ ‘ਚ ਸ਼ਾਮਲ ਸਨ।
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਫੜੇ ਗਏ ਗੈਂਗਸਟਰਾਂ ਦਾ ਸੰਪਰਕ ਲਾਰੈਂਸ ਬਿਸ਼ਨੋਈ ਨਾਲ ਹੈ। ਗ੍ਰਿਫਤਾਰ ਅਪਰਾਧੀ ਨਿਤਿਨ ਜਲੰਧਰ ਦਾ ਰਹਿਣ ਵਾਲਾ ਹੈ ਅਤੇ ਦੂਜਾ ਅਸ਼ਵਨੀ ਪਿੰਡ ਬੁਲੋਵਾਲ ਦਾ ਰਹਿਣ ਵਾਲਾ ਹੈ। ਇਹ ਦੋਵੇਂ ਦੋ ਵਿਅਕਤੀਆਂ ਦੀ ਰੇਕੀ ਕਰ ਰਹੇ ਸਨ ਅਤੇ ਪੁਲਿਸ ਨੇ ਉਨ੍ਹਾਂ ਲਈ ਜਾਲ ਵਿਛਾਇਆ ਹੋਇਆ ਸੀ, ਜਦੋਂ ਪੁਲਿਸ ਨੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਿਸ ਪਾਰਟੀ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਮੁਕਾਬਲੇ ‘ਚ ਦੋਵਾਂ ਪਾਸਿਆਂ ਤੋਂ 15 ਤੋਂ 17 ਰਾਉਂਡ ਫਾਇਰਿੰਗ ਹੋਈ ਅਤੇ ਦੋਵੇਂ ਕਾਬੂ ਕੀਤੇ ਗੈਂਗਸਟਰ ਜ਼ਖਮੀ ਹੋ ਗਏ।
ਕਈ ਮਾਮਲੇ ਹਨ ਦਰਜ
ਦੋਵਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਹੀ 9 ਤੋਂ 10 ਕੇਸ ਦਰਜ ਹਨ। ਦੋਵੇਂ ਮੁਲਜ਼ਮ ਕਤਲ ਲਈ ਸੁਪਾਰੀ ਵੀ ਲੈਂਦੇ ਸਨ ਅਤੇ ਉਨ੍ਹਾਂ ਕੋਲੋਂ ਬਰਾਮਦ ਕਾਰ ਕਬਜ਼ੇ ਵਿੱਚ ਲੈ ਲਈ ਗਈ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕਾਰ ਚੋਰੀ ਦੀ ਹੈ ਜਾਂ ਨਹੀਂ। ਪੁਲਿਸ ਨੇ ਦੋਵਾਂ ਮੁਲਜ਼ਮਾਂ ਕੋਲੋਂ 2 ਪਿਸਤੌਲ ਵੀ ਬਰਾਮਦ ਕੀਤੇ ਹਨ, ਜਿਨ੍ਹਾਂ ਵਿੱਚੋਂ ਇੱਕ ਦਾ 34 ਅਤੇ ਦੂਜਾ 32 ਬੋਰ ਦਾ ਪਿਸਤੌਲ ਹੈ ਅਤੇ 15 ਤੋਂ 20 ਗੋਲੀਆਂ ਵੀ ਬਰਾਮਦ ਹੋਈਆਂ ਹਨ। ਸਵਪਨਾ ਸ਼ਰਮਾ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਦੇ ਅਮਰੀਕਾ ਵਿੱਚ ਬੈਠੇ ਜਸਮੀਤ ਉਰਫ਼ ਲੱਕੀ ਨਾਲ ਸੰਪਰਕ ਹਨ ਅਤੇ ਲੱਕੀ ਨੇ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਕਿਸੇ ਦੀ ਰੇਕੀ ਕਰਨ ਲਈ ਜਲੰਧਰ ਭੇਜਿਆ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਸਮੀਤ ਉਰਫ਼ ਲੱਕੀ ਉਹੀ ਮੁਲਜ਼ਮ ਹੈ ਜਿਸ ਨੇ ਸਿੱਧੂ ਮੂਸੇ ਵਾਲਾ ਕਤਲ ਕਾਂਡ ਵਿੱਚ ਦੋ ਮੁਲਜ਼ਮਾਂ ਦੀ ਮਦਦ ਕੀਤੀ ਸੀ ਅਤੇ ਇਨ੍ਹਾਂ ਦੋਵਾਂ ਮੁਲਜ਼ਮਾਂ ਦਾ ਅੰਮ੍ਰਿਤਸਰ ਵਿੱਚ ਮੁਕਾਬਲਾ ਹੋਇਆ ਸੀ।