ਪਤੀ ਨੇ ਪਤਨੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, ਮੁਲਜ਼ਮ ਖਿਲਾਫ ਸ਼ਿਕਾਇਤ ਦਰਜ
ਘਰੇਲੂ ਵਿਵਾਦ ਦੇ ਚੱਲਦਿਆਂ ਪਤੀ ਨੇ ਪਤਨੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪੀੜਤਾ ਦੀ ਮਾਂ ਨੇ ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਹੈ। ਫਿਲਹਾਲ ਇਸ ਵੇਲੇ ਉਹ ਵੈਂਟੀਲੇਟਰ 'ਤੇ ਹੈ ਅਤੇ ਪੀੜਤਾ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ।
ਜਲੰਧਰ ਨਿਊਜ਼। ਜਲੰਧਰ ਦੇ ਨਿਊ ਦਸਮੇਸ਼ ਨਗਰ ‘ਚ ਘਰੇਲੂ ਝਗੜੇ ਦੇ ਚੱਲਦਿਆਂ ਪਤੀ ਨੇ ਪਤਨੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ। ਪੀੜਤਾ ਦੀ ਮਾਂ ਨੇ ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਹੈ। ਪੀੜਤਾ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਵੈਂਟੀਲੇਟਰ ‘ਤੇ ਹੈ ਅਤੇ ਉਸ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਨੇ ਲੜਕੀ ਦੇ ਪਤੀ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਪੀੜਤਾ ਨਿੱਜੀ ਹਸਪਤਾਲ ‘ਚ ਜੇਰੇ ਇਲਾਜ਼
ਇਸ ਘਟਨਾ ਸਬੰਧੀ ਆਪਣੇ ਜਵਾਈ ਜਗਜੀਤ ਸਿੰਘ ‘ਤੇ ਇਲਜ਼ਾਮ ਲਗਾਉਂਦੇ ਹੋਏ ਪੀੜਤ ਪ੍ਰਿਆ ਦੀ ਮਾਂ ਸੁਨੀਤਾ ਨੇ ਦੱਸਿਆ ਕਿ ਉਸ ਦਾ ਜਵਾਈ ਕੋਈ ਕੰਮ ਨਹੀਂ ਕਰਦਾ। ਉਨ੍ਹਾਂ ਦੀ ਧੀ ਅਤੇ ਜਵਾਈ ਦੋਵੇਂ ਕਿਰਾਏ ਦੇ ਮਕਾਨ ‘ਚ ਰਹਿੰਦੇ ਹਨ। ਅੱਜ ਦੇਰ ਰਾਤ ਕਰੀਬ 11 ਵਜੇ ਜਦੋਂ ਉਹ ਆਪਣੀ ਧੀ ਪ੍ਰਿਆ ਨੂੰ ਆਪਣੇ ਜਵਾਈ ਦੇ ਘਰ ਛੱਡਣ ਲਈ ਘਰੋਂ ਨਿਕਲਿਆ ਤਾਂ ਜਗਜੀਤ ਸਿੰਘ ਨੇ ਬਿਨਾਂ ਕਿਸੇ ਕਾਰਨ ਲੜਾਈ-ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦੀ ਲੜਕੀ ਪ੍ਰਿਆ ਤੋਂ ਮਕਾਨ ਦੇ ਕਿਰਾਏ ਦੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਜਦੋਂ ਪ੍ਰਿਆ ਨੇ ਕਿਹਾ ਕਿ ਉਸ ਕੋਲ ਪੈਸੇ ਨਹੀਂ ਹਨ ਤਾਂ ਜਗਜੀਤ ਨੇ ਬਹਿਸ ਦੇ ਚੱਲਦਿਆਂ ਪਹਿਲਾਂ ਪ੍ਰਿਆ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਜਦੋਂ ਪ੍ਰਿਆ ਆਪਣੇ ਬਚਾਅ ਲਈ ਬਾਥਰੂਮ ‘ਚ ਲੁਕ ਗਈ ਤਾਂ ਜਗਜੀਤ ਨੇ ਉਸ ‘ਤੇ ਹਮਲਾ ਕਰ ਦਿੱਤਾ।
ਮੁਲਜ਼ਮ ਖਿਲਾਫ ਸ਼ਿਕਾਇਤ ਦਰਜ
ਪੀੜਤ ਦੀ ਮਾਂ ਸੁਨੀਤਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਪ੍ਰਿਆ ਨੂੰ ਘਰੋਂ ਬਾਹਰ ਕੱਢ ਕੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਇਸ ਸਮੇਂ ਉਨ੍ਹਾਂ ਦੀ ਧੀ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਦਾ ਇਲਾਜ ਨਿੱਜੀ ਹਸਪਤਾਲ ਦੀ ਐਮਰਜੈਂਸੀ ‘ਚ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮ ਜਗਜੀਤ ਸਿੰਘ ਖਿਲਾਫ ਪੁਲਿਸ ਸ਼ਿਕਾਇਤ ਦਰਜ ਕਰਵਾ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।