ਅੰਮ੍ਰਿਤਸਰ ਬੱਸ ਸਟੈਂਡ ਕਤਲ ਕੇਸ ਦੀ ਗੁੱਥੀ ਸੁਲਝੀ: ਤਿੰਨੋਂ ਸ਼ੂਟਰਾਂ ਸਣੇ 6 ਮੁਲਜ਼ਮ ਗ੍ਰਿਫ਼ਤਾਰ, ਇੱਕ ਐਨਕਾਉਂਟਰ ‘ਚ ਜ਼ਖ਼ਮੀ
Amritsar Bus Stand Murder Case: ਅੰਮ੍ਰਿਤਸਰ ਬੱਸ ਸਟੈਂਡ 'ਤੇ ਬੀਤੇ ਦਿਨੀਂ ਮੱਖਣ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਮਾਮਲੇ ਨੂੰ ਟ੍ਰੇਸ ਕਰਦੇ ਹੋਏ ਪੁਲਿਸ ਨੇ ਤਿੰਨੋਂ ਸ਼ੂਟਰਾਂ ਸਮੇਤ ਕੁੱਲ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ, ਖੁਫੀਆ ਸੂਚਨਾ ਅਤੇ ਤਕਨੀਕੀ ਜਾਂਚ ਦੇ ਜ਼ਰੀਏ ਅਰੋਪੀਆਂ ਤੱਕ ਪਹੁੰਚ ਬਣਾਈ ਗਈ।
ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ 18 ਨਵੰਬਰ 2025 ਨੂੰ ਬੱਸ ਸਟੈਂਡ ‘ਤੇ ਹੋਏ ਮੱਖਣ ਸਿੰਘ ਦੇ ਕਤਲ ਕੇਸ ਨੂੰ ਸੁਲਝਾ ਲਿਆ ਹੈ। ਤਿੰਨ ਸ਼ੂਟਰਾਂ ਨੇ ਮੱਖਣ ਸਿੰਘ ‘ਤੇ ਗੋਲੀਬਾਰੀ ਕੀਤੀ ਸੀ। ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਤੇਜ਼ ਅਤੇ ਵਿਆਪਕ ਜਾਂਚ ਸ਼ੁਰੂ ਕਰ ਦਿੱਤੀ ਸੀ।
ਕਮਿਸ਼ਨਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸੀਸੀਟੀਵੀ ਫੁਟੇਜ, ਸਥਾਨਕ ਖੁਫੀਆ ਜਾਣਕਾਰੀ ਅਤੇ ਤਕਨੀਕੀ ਵਿਸ਼ਲੇਸ਼ਣ ਦੇ ਆਧਾਰ ‘ਤੇ ਮੁਲਜ਼ਮਾਂ ਦੀਆਂ ਹਰਕਤਾਂ ਦਾ ਪਤਾ ਲਗਾਇਆ ਗਿਆ, ਅਤੇ ਮਾਮਲਾ ਹੌਲੀ-ਹੌਲੀ ਸਪੱਸ਼ਟ ਹੋ ਗਿਆ। ਸਭ ਤੋਂ ਪਹਿਲਾਂ ਜੌਨ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋ ਵਾਰਦਾਤ ਵੇਲੇ ਬਾਹਰ ਮੋਟਰਸਾਈਕਲ ‘ਤੇ ਸ਼ੂਟਰਾਂ ਦੀ ਮਦਦ ਕਰ ਰਿਹਾ ਸੀ।
ਉਸ ਦੀ ਜਾਣਕਾਰੀ ‘ਤੇ ਸ਼ੂਟਰ ਕਰਨਵੀਰ ਸਿੰਘ ਉਰਫ਼ ਕਰਨ ਅਤੇ ਬਿਕਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਨ੍ਹਾਂ ਨੇ ਸ਼ੂਟਰਾਂ ਨੂੰ ਪਨਾਹ ਅਤੇ ਮਦਦ ਦਿੱਤੀ ਸੀ।
ਧਰਮਵੀਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਲਈ ਕਤਲ ਦੀ ਜ਼ਿੰਮੇਵਾਰੀ
ਧਰਮਵੀਰ ਸਿੰਘ ਉਰਫ਼ ਜੋਬਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਨੇ ਕਤਲ ਦੀ ਜ਼ਿੰਮੇਵਾਰੀ ਲਈ ਪੋਸਟ ਕੀਤਾ ਸੀ। ਮੁੱਖ ਸ਼ੂਟਰ ਲਵਪ੍ਰੀਤ ਸਿੰਘ ਉਰਫ਼ ਲਵ ਨੂੰ ਗੁਜਰਾਤ ਦੇ ਜਾਮਨਗਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਦੂਜੇ ਸ਼ੂਟਰ, ਦਲੇਰ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਪਿਸਤੌਲ ਬਰਾਮਦ ਕਰਨ ਵੇਲੇ ਪੁਲਿਸ ‘ਤੇ ਗੋਲੀਬਾਰੀ
ਅੱਜ ਜਦੋਂ ਪੁਲਿਸ ਦੀ ਇੱਕ ਟੀਮ ਵੇਰਕਾ ਬਾਈਪਾਸ ‘ਤੇ ਦਲੇਰ ਤੋਂ ਪਿਸਤੌਲ ਬਰਾਮਦ ਕਰਨ ਗਈ, ਤਾਂ ਮੁਲਜ਼ਮਾਂ ਨੇ ਪੁਲਿਸ ਨੂੰ ਧੱਕਾ ਦੇ ਦਿੱਤਾ।ਇੱਕ ਲੁਕਾਈ ਹੋਈ ਪਿਸਤੌਲ ਕੱਢੀ ਅਤੇ ਉਨ੍ਹਾਂ ‘ਤੇ ਸਿੱਧੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਐਸਐਚਓ ਅਮਨਦੀਪ ਕੌਰ ਨੇ ਤੁਰੰਤ ਸਵੈ-ਰੱਖਿਆ ਵਿੱਚ ਜਵਾਬੀ ਕਾਰਵਾਈ ਕੀਤੀ। ਇਸ ਦੌਰਾਨ ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗੀ ਅਤੇ ਉਹ ਡਿੱਗ ਪਿਆ। ਜ਼ਖਮੀ ਮੁਲਜ਼ਮ ਨੂੰ ਪੁਲਿਸ ਨੇ ਤੁਰੰਤ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ
ਪੁਲਿਸ ਨੇ ਘਟਨਾ ਵਿੱਚ ਵਰਤਿਆ ਗਿਆ ਪਿਸਤੌਲ, ਮੋਟਰਸਾਈਕਲ ਅਤੇ ਕੱਪੜੇ ਬਰਾਮਦ ਕਰ ਲਏ ਹਨ। ਪੁਲਿਸ ਦਾ ਕਹਿਣਾ ਹੈ ਕਿ ਕਤਲ ਵਿੱਚ ਸ਼ਾਮਲ ਸਾਰੇ ਮੁਲਜ਼ਮ ਹੁਣ ਗ੍ਰਿਫ਼ਤਾਰ ਹਨ ਅਤੇ ਪੂਰੇ ਮਾਮਲੇ ਦਾ ਪਤਾ ਲਗਾ ਲਿਆ ਗਿਆ ਹੈ। ਇਸ ਮਾਮਲੇ ਵਿੱਚ ਗੈਂਗਸਟਰ ਡੌਨੀ ਬਾਲ ਦਾ ਨਾਮ ਵੀ ਸਾਹਮਣੇ ਆਇਆ ਹੈ।


