ਸ੍ਰੀ ਦਰਬਾਰ ਸਾਹਿਬ ਤੋਂ ਵਾਪਿਸ ਪਰਤ ਰਹੇ ਸ਼ਰਧਾਲੂ ਹੋਏ ਹਾਦਸੇ ਦਾ ਸ਼ਿਕਾਰ, 4 ਦੀ ਮੌਤ
Accident due to fog : ਉੱਤਰ ਭਾਰਤ ਵਿੱਚ ਜਿੱਥੇ ਭਾਰੀ ਠੰਡ ਪੈ ਰਹੀ ਹੈ ਤਾਂ ਉੱਥੇ ਹੀ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ ਦੀ ਚਾਦਰ ਵੀ ਦੇਖਣ ਨੂੰ ਮਿਲ ਰਹੀ ਹੈ। ਪਰ ਇਹੀ ਧੁੰਦ ਕਈ ਥਾਵਾਂ ਤੇ ਸੜਕੀ ਹਾਦਸਿਆਂ ਦਾ ਵੀ ਕਾਰਨ ਬਸ ਰਹੀ ਹੈ। ਤਰਨਤਾਰਨ ਦੇ ਹਰੀਕੇ ਨੇੜੇ ਵੀ ਇੱਕ ਸੜਕ ਹਾਦਸਾ ਵਾਪਰਿਆ ਹੈ ਜਿਸ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹਾਦਸਾ ਐਨਾ ਭਿਆਨਕ ਸੀ ਕਿ ਕਾਰ ਦਾ ਇੱਕ ਪਾਸਾ ਬਿਲਕੁਲ ਨਸ਼ਟ ਹੋ ਗਿਆ।
ਤਰਨ ਤਾਰਨ ਦੇ ਅਧੀਨ ਆਉਂਦੇ ਹਰੀਕੇ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਜਿੱਥੇ ਟਰਾਲੇ ਅਤੇ ਗੱਡੀ ਦੀ ਟੱਕਰ ਹੋਣ ਕਾਰਨ 4 ਲੋਕਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜਖ਼ਮੀ ਦੱਸਿਆ ਜਾ ਰਿਹਾ ਹੈ। ਭਾਰੀ ਧੁੰਦ ਕਾਰਨ ਇਹ ਹਾਦਸਾ ਵਾਪਰਿਆ ਹੈ।
ਇਸ ਮੌਕੇ ਹਾਦਸੇ ਦੇ ਪੀੜਤਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਸਫ਼ੈਦ ਰੰਗ ਦੀ ਸਵਿੱਫਟ ਗੱਡੀ ਵਿੱਚ 4 ਲੋਕ ਸਵਾਰ ਹੋਕੇ ਵਾਪਿਸ ਪਰਤੇ ਸਨ। ਜਦੋਂ ਹੀ ਉਹ ਤਰਨਤਾਰਨ ਦੇ ਹਰੀਕੇ ਕੋਲ ਪਹੁੰਚੇ ਤਾਂ ਧੁੰਦ ਕਾਰਨ ਗੱਡੀ ਟਰਾਲੇ ਨਾਲ ਜਾ ਟਕਰਾਈ ਜੋ ਖ਼ਰਾਬ ਹੋ ਜਾਣ ਕਾਰਨ ਸੜਕ ਦੇ ਕਿਨਾਰੇ ਖੜ੍ਹਾ ਸੀ। ਇਹ ਹਾਦਸਾ ਐਨਾ ਭਿਆਨਕ ਸੀ ਕਿ ਸਵਿੱਫਟ ਗੱਡੀ ਦਾ ਇੱਕ ਪਾਸਾ ਬਿਲਕੁਲ ਇਕੱਠਾ ਹੋ ਗਿਆ। ਹਾਦਸੇ ਤੋਂ ਬਾਅਦ ਆਸ ਪਾਸ ਦੇ ਲੋਕਾਂ ਨੇ ਪੀੜਤਾਂ ਨੂੰ ਹਸਪਤਾਲ ਪਹੁੰਚਾਇਆ।
ਦਰਬਾਰ ਸਾਹਿਬ ਤੋਂ ਆ ਰਹੇ ਸੀ ਵਾਪਿਸ
ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਗੱਡੀ ਵਿੱਚ ਸਵਾਰ ਨੌਜਵਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਵਾਪਿਸ ਗੁਰੂ ਹਰਸਹਾਇ ਵੱਲ ਪਰਤ ਰਹੇ ਹਨ। ਇਸ ਦੌਰਾਨ ਹੀ ਕੌਮੀ ਰਾਜਮਾਰਗ 54 ਤੇ ਹਰੀਕੇ ਬਾਈਪਾਸ ਕੋਲ ਇਹ ਹਾਦਸਾ ਵਾਪਰ ਗਿਆ।
ਟਰਾਲਾ ਅੱਗੇ ਟਰੱਕ ਨਾਲ ਟਕਰਾਇਆ
ਸਵਿੱਫਟ ਗੱਡੀ ਦੀ ਟੱਕਰ ਕਾਰਨ ਖ਼ਰਾਬ ਹੋਇਆ ਟਰਾਲਾ ਅੱਗੇ ਵੱਲ ਨੂੰ ਖਿਸਕ ਗਿਆ ਜਿਸ ਤੋਂ ਬਾਅਦ ਉਹ ਅੱਗੇ ਇੱਕ ਹੋਰ ਟਰੱਕ ਨਾਲ ਜਾ ਟਕਰਾਇਆ। ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਟਰਾਲੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਉੱਥੇ ਹੀ ਟਰਾਲੇ ਦਾ ਡਰਾਇਵਰ ਅਜੇ ਫ਼ਰਾਰ ਦੱਸਿਆ ਜਾ ਰਿਹਾ ਹੈ।