ਜਲੰਧਰ ‘ਚ ਪਰਾਲੀ ਨਾਲ ਭਰੀ ਟਰਾਲੀ ਨਾਲ ਟਕਰਾਈ ਕਾਰ, 3 ਦੀ ਮੌਤ, ਖੌਫ਼ਨਾਕ ਵੀਡੀਓ ਆਈ ਸਾਹਮਣੇ
Car Accident in Jalandhar: ਕਾਰ (ਪੀਬੀ-08 ਬੀਐਮ-3162) ਦੇ ਹਾਦਸੇ ਦਾ ਸੀਸੀਟੀਵੀ ਫੁਟੇਜ 'ਚ ਕਾਰ ਪੂਰੀ ਰਫਤਾਰ ਨਾਲ ਪਰਾਲੀ ਨਾਲ ਭਰੀ ਟਰਾਲੀ ਨਾਲ ਟਕਰਾਦੀ ਦਿਖਾਈ ਦੇ ਰਹੀ ਹੈ। ਟੱਕਰ ਤੋਂ ਬਾਅਦ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ।ਪੁਲਿਸ ਮੁਤਾਬਕ, ਟਰਾਲੀ ਪਿਛਲੇ ਕਈ ਘੰਟਿਆਂ ਤੋਂ ਸੜਕ ਤੇ ਖੜ੍ਹੀ ਸੀ। ਉਸ ਦਾ ਡਰਾਈਵਰ ਵੀ ਆਲੇ-ਦੁਆਲੇ ਨਹੀਂ ਸੀ। ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਮ੍ਰਿਤਕਾਂ ਦੇ ਪਰਿਵਾਰਾਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ।
ਜਲੰਧਰ ਤੋਂ ਇੱਕ ਭਿਆਨਕ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਪੁਲਿਸ ਵੱਲੋਂ ਜਾਰੀ ਕੀਤੀ ਗਈ ਸੀਸੀਟੀਵੀ ਫੁਟੇਜ ‘ਚ ਦਿਖਾਈ ਦੇ ਰਿਹਾ ਹੈ ਇਕ ਬੇਕਾਬੂ ਕਾਰ ਸੜਕ ‘ਤੇ ਖੜ੍ਹੀ ਪਰਾਲੀ ਨਾਲ ਭਰੀ ਟਰਾਲੀ ਨਾਲ ਜਾ ਟਕਰਉਂਦੀ ਹੈ। ਹਾਦਸੇ ‘ਚ 3 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਦੋ ਔਰਤਾਂ ਅਤੇ ਇੱਕ ਪੁਰਸ਼ ਸ਼ਾਮਲ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ-1 ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਰਾਹਗੀਰਾਂ ਨੇ ਦੱਸਿਆ ਕਿ ਕਾਰ ਅੰਮ੍ਰਿਤਸਰ ਤੋਂ ਪਠਾਨਕੋਟ ਚੌਕ ਵੱਲ ਜਾ ਰਹੀ ਸੀ। ਅਚਾਨਕ ਇਹ ਬੇਕਾਬੂ ਹੋ ਕੇ ਟਰਾਲੀ ਵਿੱਚ ਜਾ ਵੱਜੀ। ਘਟਨਾ ਤੋਂ ਬਾਅਦ ਨੇੜਲੇ ਲੋਕ ਇਕੱਠੇ ਹੋ ਗਏ। ਉਨ੍ਹਾਂ ਨੇ ਬੜੀ ਮੁਸ਼ਕਲ ਨਾਲ ਕਾਰ ਵਿਚ ਸਵਾਰ ਤਿੰਨਾਂ ਵਿਅਕਤੀਆਂ ਨੂੰ ਬਾਹਰ ਕੱਢਿਆ। ਤਿੰਨਾਂ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਸਨ। ਉਨ੍ਹਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਰਾਹਗੀਰਾਂ ਨੇ ਦੱਸਿਆ ਕਿ ਕਾਰ ‘ਚੋਂ ਮ੍ਰਿਤਕ ਵਿਅਕਤੀ ਦਾ ਆਧਾਰ ਕਾਰਡ ਮਿਲਿਆ ਹੈ, ਜਿਸ ‘ਤੇ ਮਾਡਲ ਟਾਊਨ ਦਾ ਪਤਾ ਲਿਖਿਆ ਹੋਇਆ ਹੈ | ਵਿਅਕਤੀ ਦਾ ਫ਼ੋਨ ਵੀ ਕਾਰ ਵਿੱਚ ਸੀ ਪਰ ਕਿਸੇ ਨੇ ਚੋਰੀ ਕਰ ਲਿਆ।
80 ਕਿਲੋਮੀਟਰ ਦੀ ਰਫਤਾਰ ‘ਤੇ ਸੀ ਕਾਰ
ਘਟਨਾ ਤੋਂ ਬਾਅਦ ਕਾਰ ਦਾ ਮੀਟਰ 80 ਦੀ ਸਪੀਡ ‘ਤੇ ਰੁੱਕਿਆ ਹੋਇਆ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਟਰਾਲੀ ਨਾਲ ਟਕਰਾਉਣ ਸਮੇਂ ਕਾਰ ਦੀ ਰਫ਼ਤਾਰ 80 ਕਿਲੋਮੀਟਰ ਪ੍ਰਤੀ ਘੰਟਾ ਸੀ। ਪੁਲਿਸ ਨੇ ਕਾਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ।