ਮੁਕੇਰੀਆ ਬੱਸ ਹਾਦਸਾ: ਮਨਾਉਣਾ ਸੀ ਪੁੱਤ ਦਾ ਪਹਿਲਾ ਜਨਮ ਦਿਨ, ਪਰ ਸ਼ਾਮ ਹੁੰਦਿਆਂ ਪੁੱਤ ਨੇ ਹੀ ਦਿੱਤੀ ਚਿਖਾ ਨੂੰ ਅਗਨੀ

Updated On: 

17 Jan 2024 20:40 PM

Police bus accident: ਮੁਕੇਰੀਆਂ 'ਚ ਵਾਪਰੇ ਸੜਕ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ ਅਤੇ ਮਹਿਲਾ ਕਾਂਸਟੇਬਲ ਸ਼ਾਲੂ ਰਾਣਾ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ ਇਸ ਮੌਕੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਪੁਲਿਸ ਵਿਭਾਗ ਦੇ ਸੀਨੀਅਰ ਅਫ਼ਸਰ ਵੀ ਮੌਜੂਦ ਰਹੇ। ਕਾਂਸਟੇਬਲ ਗੁਰਪ੍ਰੀਤ ਅਤੇ ਸ਼ਾਲੂ ਰਾਣੀ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧ ਰੱਖਦੇ ਸਨ

ਮੁਕੇਰੀਆ ਬੱਸ ਹਾਦਸਾ: ਮਨਾਉਣਾ ਸੀ ਪੁੱਤ ਦਾ ਪਹਿਲਾ ਜਨਮ ਦਿਨ, ਪਰ ਸ਼ਾਮ ਹੁੰਦਿਆਂ ਪੁੱਤ ਨੇ ਹੀ ਦਿੱਤੀ ਚਿਖਾ ਨੂੰ ਅਗਨੀ

ਸਸਕਾਰ ਮੌਕੇ ਵਿਰਲਾਪ ਕਰਦੇ ਹੋਏ ਪਰਿਵਾਰਿਕ ਮੈਂਬਰ

Follow Us On

ਹੁਸ਼ਿਆਰਪੁਰ ਦੇ ਮੁਕੇਰੀਆਂ ‘ਚ ਸੜਕੀ ਹਾਦਸੇ ਦਾ ਸ਼ਿਕਾਰ ਹੋਈ ਪੁਲਿਸ ਬੱਸ ਵਿੱਚ ਸਵਾਰ ਗੁਰਦਾਸਪੁਰ ਦੇ ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ ਅਤੇ ਮਹਿਲਾ ਕਾਂਸਟੇਬਲ ਸ਼ਾਲੂ ਰਾਣਾ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ ਇਸ ਮੌਕੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਪੁਲਿਸ ਵਿਭਾਗ ਦੇ ਸੀਨੀਅਰ ਅਫ਼ਸਰ ਵੀ ਮੌਜੂਦ ਰਹੇ।

ਦਰਅਸਲ 17 ਜਨਵਰੀ ਨੂੰ ਜਲੰਧਰ-ਪਠਾਨਕੋਟ ਮੁੱਖ ਮਾਰਗ ‘ਤੇ ਪਿੰਡ ਈਮਾਨ ਮਾਂਗਟ ਨੇੜੇ ਧੁੰਦ ਕਾਰਨ ਪੁਲਿਸ ਮੁਲਾਜ਼ਮਾਂ ਦੀ ਬੱਸ ਸੜਕ ‘ਤੇ ਖੜ੍ਹੇ ਟਰੱਕ ਨਾਲ ਟਕਰਾ ਗਈ ਸੀ। ਹਾਦਸੇ ਵਿੱਚ ਗੁਰਦਾਸਪੁਰ ਦੇ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਅਮੀਪੁਰ ਅਤੇ ਮਹਿਲਾ ਕਾਂਸਟੇਬਲ ਸ਼ਾਲੂ ਰਾਣਾ ਵਾਸੀ ਨਿਊ ਲਿੱਤਰ ਕਲੋਨੀ ਵਜੋਂ ਹੋਈ। ਜਿਸ ਤਰ੍ਹਾਂ ਹੀ ਪੁਲਿਸ ਮੁਲਾਜ਼ਮਾਂ ਦੀ ਮੌਤ ਦੀ ਜਾਣਕਾਰੀ ਉਹਨਾਂ ਦੇ ਪਰਿਵਾਰਾਂ ਵਿੱਚ ਪਹੁੰਚੀ ਤਾਂ ਪਰਿਵਾਰ ਸਮੇਤ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਜਿਨ੍ਹਾਂ ਦਾ ਦੇਰ ਸ਼ਾਮ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਪਿਤਾ ਦੀ ਥਾਂ ਮਿਲੀ ਸੀ ਨੌਕਰੀ

ਹਾਦਸੇ ਦਾ ਸ਼ਿਕਾਰ ਹੋਏ ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ ਨੂੰ ਆਪਣੇ ਪਿਤਾ ਹਰਦੀਪ ਸਿੰਘ ਦੀ ਸ਼ਹਾਦਤ ਤੋਂ ਬਾਅਦ ਪਿਤਾ ਦੀ ਥਾਂ ਪੁਲਿਸ ਵਿਭਾਗ ਵਿੱਚ ਨੌਕਰੀ ਮਿਲੀ ਸੀ ਅਤੇ ਉਹ ਪਿਛਲੇ 12 ਸਾਲਾਂ ਤੋਂ ਪੁਲਿਸ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਸੀ ਅਤੇ ਹੁਣ ਗੁਰਪ੍ਰੀਤ ਸਿੰਘ ਪੁਲਿਸ ਲਾਈਨ ਵਿੱਚ ਤਾਇਨਾਤ ਸੀ। ਉਹ ਆਪਣੇ ਪਿੱਛੇ ਇੱਕ ਸਾਲ ਦਾ ਬੇਟਾ ਅਤੇ ਸੱਤ ਸਾਲ ਦੀ ਬੇਟੀ ਛੱਡ ਗਿਆ ਹੈ।

ਪੁੱਤਰ ਦਾ ਸੀ ਜਨਮ ਦਿਨ

ਮ੍ਰਿਤਕ ਦੀ ਪਤਨੀ ਕਮਲਜੀਤ ਕੌਰ ਨੇ ਦੱਸਿਆ ਕਿ ਅੱਜ ਉਸ ਦੇ ਲੜਕੇ ਤੇਜਵੀਰ ਸਿੰਘ ਦਾ ਪਹਿਲਾ ਜਨਮ ਦਿਨ ਸੀ ਅਤੇ ਡਿਊਟੀ ਤੇ ਜਾਣ ਤੋਂ ਪਹਿਲਾਂ ਗੁਰਪ੍ਰੀਤ ਨੇ ਉਸ ਨੂੰ ਕਿਹਾ ਸੀ ਕਿ ਉਹ ਜਲਦੀ ਘਰ ਆ ਕੇ ਆਪਣੇ ਲੜਕੇ ਦਾ ਜਨਮ ਦਿਨ ਇਕੱਠੇ ਮਨਾਉਣਗੇ ਪਰ ਇਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਖ਼ਬਰ ਆਈ ਤਾਂ ਉਸ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ ਗੁਰਪ੍ਰੀਤ ਸਿੰਘ ਦੇ ਦੋਸਤ ਨੇ ਉਸ ਨੂੰ ਛੁੱਟੀ ਲੈਣ ਲਈ ਕਿਹਾ ਸੀ ਪਰ ਗੁਰਪ੍ਰੀਤ ਨੇ ਕਿਹਾ ਕਿ ਉਹ ਅੱਜ ਛੁੱਟੀ ਨਹੀਂ ਲਵੇਗਾ ਕਿਉਂਕਿ ਅੱਜ ਉਸ ਦੇ ਪੁੱਤਰ ਦਾ ਜਨਮ ਦਿਨ ਹੈ, ਇਸ ਲਈ ਉਹ ਕੰਮ ਖ਼ਤਮ ਕਰਕੇ ਕੱਲ੍ਹ ਛੁੱਟੀ ਲੈ ਲਵੇਗਾ ਅਤੇ ਗੁਰਦਾਸਪੁਰ ਆ ਜਾਵੇਗਾ। ਸਵੇਰੇ ਉਸੇ ਸਮੇਂ ਉਸ ਦੀ ਬੱਸ ਨਾਲ ਇਹ ਹਾਦਸਾ ਵਾਪਰਿਆ।

ਆਰਥਿਕ ਮਦਦ ਦਾ ਐਲਾਨ

ਮੁੱਖਮੰਤਰੀ ਭਗਵੰਤ ਮਾਨ ਨੇ ਵੀ ਹਾਦਸੇ ਵਿੱਚ ਮਾਰੇ ਗਏ ਪੁਲਿਸ ਮੁਲਜ਼ਮਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਵਿੱਤੀ ਮਦਦ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ।