ਪੰਜਾਬ ਸਕੂਲੀ ਸਿੱਖਿਆ ਦੇ ਖੇਤਰ ‘ਚ ਕਿਵੇਂ ਬਣਿਆ ਨੰਬਰ-1? TV9 ਦੇ ਮੰਚ ‘ਤੇ ਹਰਜੋਤ ਸਿੰਘ ਬੈਂਸ ਨੇ ਦੱਸਿਆ ਰਾਜ਼

Updated On: 

22 Jul 2026 13:07 PM IST

Punjab Education: ਪੰਜਾਬ ਦੇ ਸਕੂਲੀ ਸਿੱਖਿਆ ਖੇਤਰ ਵਿੱਚ ਵੱਡੀ ਉਪਲਬਧੀ, ਸੂਬਾ ਬਣਿਆ ਦੇਸ਼ ਵਿੱਚ ਨੰਬਰ-1; ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ TV9 ਦੇ ਪ੍ਰੋਗਰਾਮ ਭਾਰਤਵਰਸ਼ ਕੇ ਟੌਪਰ ਵਿੱਚ ਇਸ ਸਫਲਤਾ ਦੀ ਪੂਰੀ ਕਹਾਣੀ ਸਾਂਝੀ ਕੀਤੀ।

ਪੰਜਾਬ ਸਕੂਲੀ ਸਿੱਖਿਆ ਦੇ ਖੇਤਰ ਚ ਕਿਵੇਂ ਬਣਿਆ ਨੰਬਰ-1? TV9 ਦੇ ਮੰਚ ਤੇ ਹਰਜੋਤ ਸਿੰਘ ਬੈਂਸ ਨੇ ਦੱਸਿਆ ਰਾਜ਼

ਪੰਜਾਬ ਸਕੂਲੀ ਸਿੱਖਿਆ 'ਚ ਨੰਬਰ-1 ਕਿਵੇਂ ਬਣਿਆ?

ਹਾਲ ਹੀ ਵਿੱਚ ਨੀਤੀ ਆਯੋਗ ਦੀ ਸਕੂਲ ਐਜੂਕੇਸ਼ਨ ਕੁਆਲਿਟੀ ਰਿਪੋਰਟ ਜਾਰੀ ਹੋਈ ਸੀ, ਜਿਸ ਵਿੱਚ ਸਕੂਲੀ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਨੂੰ ਨੰਬਰ-1 ਸਥਾਨ ਮਿਲਿਆ ਹੈ। ਜਦਕਿ ਪਹਿਲਾਂ ਪੰਜਾਬ 27ਵੇਂ ਪਾਇਦਾਨ ‘ਤੇ ਸੀ। ਸਿਰਫ਼ 4 ਸਾਲਾਂ ਵਿੱਚ ਪੰਜਾਬ ਨੇ ਕੇਰਲ ਅਤੇ ਦਿੱਲੀ ਵਰਗੇ ਸੂਬਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ਇਹ ਬਦਲਾਅ ਕਿਵੇਂ ਆਇਆ, ਇਸ ਬਾਰੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਦਾ ਸਰਵੇ ਕਰਵਾਇਆ ਗਿਆ। ਸਰਵੇ ਵਿੱਚ ਸਾਹਮਣੇ ਆਇਆ ਕਿ 20 ਹਜ਼ਾਰ ਸਕੂਲਾਂ ਵਿੱਚੋਂ 8 ਹਜ਼ਾਰ ਸਕੂਲਾਂ ਵਿੱਚ ਚਾਰਦੀਵਾਰੀ ਨਹੀਂ ਸੀ, ਕਈ ਸਕੂਲਾਂ ਵਿੱਚ ਵਾਸ਼ਰੂਮ ਦੀ ਸਹੂਲਤ ਨਹੀਂ ਸੀ, ਅਧਿਆਪਕਾਂ ਦੀ ਘਾਟ ਸੀ ਅਤੇ ਅਧਿਆਪਕਾਂ ਦਾ ਮੋਟੀਵੇਸ਼ਨ ਵੀ ਕਾਫ਼ੀ ਘੱਟ ਸੀ। ਇਸ ਤੋਂ ਬਾਅਦ ਸਰਕਾਰ ਨੇ ਇਨ੍ਹਾਂ ਸਾਰੀਆਂ ਸਮੱਸਿਆਵਾਂ ‘ਤੇ ਕੰਮ ਕੀਤਾ, ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕੀਤਾ ਗਿਆ ਅਤੇ ਸਰਕਾਰੀ ਸਕੂਲਾਂ ਦੀ ਹਾਲਤ ਨੂੰ ਬਿਹਤਰ ਬਣਾਇਆ ਗਿਆ।

ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ 99.99 ਫ਼ੀਸਦੀ ਸਕੂਲਾਂ ਵਿੱਚ ਬਾਊਂਡਰੀ ਵਾਲ, ਵਾਸ਼ਰੂਮ ਅਤੇ ਪੀਣ ਵਾਲੇ ਪਾਣੀ ਦੀ ਸਹੂਲਤ ਮੌਜੂਦ ਹੈ। ਹੁਣ ਕੋਈ ਵੀ ਬੱਚਾ ਜ਼ਮੀਨ ‘ਤੇ ਬੈਠ ਕੇ ਪੜ੍ਹਾਈ ਨਹੀਂ ਕਰਦਾ। ਸਿੱਖਿਆ ਮੰਤਰੀ ਨੇ ਦੱਸਿਆ ਕਿ ਪਹਿਲਾਂ ਪੰਜਾਬ ਦੇ 28 ਲੱਖ ਵਿਦਿਆਰਥੀਆਂ ਵਿੱਚੋਂ ਕਰੀਬ 4 ਲੱਖ ਬੱਚੇ ਜ਼ਮੀਨ ‘ਤੇ ਬੈਠਦੇ ਸਨ, ਪਰ ਹੁਣ ਇਹ ਸਮੱਸਿਆ ਪੂਰੀ ਤਰ੍ਹਾਂ ਖਤਮ ਹੋ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਰਕਾਰ ਨੇ ਅਧਿਆਪਕਾਂ ਦੇ ਮੋਟੀਵੇਸ਼ਨ ‘ਤੇ ਵੀ ਖਾਸ ਧਿਆਨ ਦਿੱਤਾ। ਅਧਿਆਪਕਾਂ ਨੂੰ ਟ੍ਰੇਨਿੰਗ ਲਈ ਸਿੰਗਾਪੁਰ ਭੇਜਿਆ ਗਿਆ, ਪ੍ਰਾਇਮਰੀ ਅਧਿਆਪਕਾਂ ਨੂੰ ਫਿਨਲੈਂਡ ਭੇਜਿਆ ਗਿਆ ਅਤੇ ਹੈੱਡਮਾਸਟਰਾਂ ਨੂੰ ਆਈਆਈਐਮ ਅਹਿਮਦਾਬਾਦ ਵਿੱਚ ਟ੍ਰੇਨਿੰਗ ਲਈ ਭੇਜਿਆ ਗਿਆ। ਇਨ੍ਹਾਂ ਹੀ ਯਤਨਾਂ ਦਾ ਨਤੀਜਾ ਹੈ ਕਿ ਪੰਜਾਬ ਸਕੂਲੀ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦਾ ਨੰਬਰ-1 ਸੂਬਾ ਬਣ ਸਕਿਆ।

ਮਿਸ਼ਨ ਸਮਰੱਥ ਤਹਿਤ ਹਰ ਬੱਚੇ ਦੀ ਕੀਤੀ ਗਈ ਟਰੈਕਿੰਗ

ਮਿਸ਼ਨ ਸਮਰੱਥ ਪੰਜਾਬ ਸਰਕਾਰ ਦੀ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਨੂੰ ਸੁਧਾਰਨ ਲਈ ਚਲਾਈ ਗਈ ਇੱਕ ਮਹੱਤਵਪੂਰਨ ਪਹਿਲ ਹੈ। ਇਸ ਬਾਰੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਰਕਾਰ ਨੇ ਇੱਕ-ਇੱਕ ਬੱਚੇ ਦੀ ਪ੍ਰਗਤੀ ਨੂੰ ਟਰੈਕ ਕੀਤਾ ਅਤੇ ਹਰ ਵਿਦਿਆਰਥੀ ਦੀ ਪੜ੍ਹਾਈ ‘ਤੇ ਖਾਸ ਧਿਆਨ ਦਿੱਤਾ। ਉਨ੍ਹਾਂ ਕਿਹਾ ਕਿ ਇਸ ਮਿਹਨਤ ਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ ਅਤੇ ਇਸੇ ਕਾਰਨ ਪੰਜਾਬ ਸਕੂਲੀ ਸਿੱਖਿਆ ਦੇ ਖੇਤਰ ਵਿੱਚ ਵੱਡੀ ਉਪਲਬਧੀ ਹਾਸਲ ਕਰ ਸਕਿਆ ਹੈ।

NEET UG ਵਿੱਚ ਪੰਜਾਬ ਦੇ 882 ਵਿਦਿਆਰਥੀਆਂ ਨੇ ਹਾਸਲ ਕੀਤੀ ਸਫਲਤਾ

ਉਨ੍ਹਾਂ ਨੇ NEET UG ਪ੍ਰੀਖਿਆ 2026 ਦੇ ਨਤੀਜੇ ਨੂੰ ਲੈ ਕੇ ਦਾਅਵਾ ਕੀਤਾ ਕਿ ਇਸ ਸਾਲ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹੇ 882 ਵਿਦਿਆਰਥੀਆਂ ਨੇ NEET ਪ੍ਰੀਖਿਆ ਪਾਸ ਕੀਤੀ ਹੈ। ਇਨ੍ਹਾਂ ਵਿੱਚੋਂ ਕਈ ਵਿਦਿਆਰਥੀ ਆਮ ਪਰਿਵਾਰਾਂ ਨਾਲ ਸਬੰਧਤ ਹਨ, ਜਿਨ੍ਹਾਂ ਵਿੱਚ ਕਿਸੇ ਦਾ ਪਿਤਾ ਰਿਕਸ਼ਾ ਚਲਾਉਂਦਾ ਹੈ ਤਾਂ ਕਿਸੇ ਦੀ ਮਾਂ ਦੂਜਿਆਂ ਦੇ ਘਰਾਂ ਵਿੱਚ ਕੰਮ ਕਰਦੀ ਹੈ। ਉਨ੍ਹਾਂ ਦੱਸਿਆ ਕਿ ਸਾਲ 2024 ਵਿੱਚ ਇਹ ਗਿਣਤੀ ਲਗਭਗ 400 ਦੇ ਨੇੜੇ ਸੀ, ਜੋ ਸਿਰਫ਼ 2 ਸਾਲਾਂ ਵਿੱਚ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ। ਇਹ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਵਿੱਚ ਆਏ ਸੁਧਾਰ ਦਾ ਨਤੀਜਾ ਹੈ।

ਹਾਇਰ ਐਜੂਕੇਸ਼ਨ ਵਿੱਚ ਵੀ ਪੰਜਾਬ ਦਾ ਦਬਦਬਾ

ਸਿਰਫ਼ ਸਕੂਲੀ ਸਿੱਖਿਆ ਹੀ ਨਹੀਂ, ਸਗੋਂ ਉੱਚ ਸਿੱਖਿਆ ਦੇ ਖੇਤਰ ਵਿੱਚ ਵੀ ਪੰਜਾਬ ਨੇ ਆਪਣੀ ਮਜ਼ਬੂਤ ਪਛਾਣ ਬਣਾਈ ਹੈ। ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਦੀ ਸਰਕਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ NAAC ਰੈਂਕਿੰਗ ਵਿੱਚ ਦੇਸ਼ ਦੀ ਨੰਬਰ-1 ਯੂਨੀਵਰਸਿਟੀ ਹੈ। ਇਸ ਤੋਂ ਇਲਾਵਾ ਪੰਜਾਬ ਦੀ ਸਭ ਤੋਂ ਵਧੀਆ ਖੇਤੀਬਾੜੀ ਯੂਨੀਵਰਸਿਟੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਕੋਈ ਵੀ ਅਜਿਹਾ ਸੂਬਾ ਨਹੀਂ ਹੈ, ਜਿੱਥੋਂ ਦੇ ਵਿਦਿਆਰਥੀ ਪੰਜਾਬ ਵਿੱਚ ਪੜ੍ਹਾਈ ਕਰਨ ਲਈ ਨਾ ਆਉਂਦੇ ਹੋਣ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਦੁਨੀਆ ਦੇ 70 ਦੇਸ਼ਾਂ ਦੇ ਵਿਦਿਆਰਥੀ ਵੀ ਪੰਜਾਬ ਵਿੱਚ ਸਿੱਖਿਆ ਹਾਸਲ ਕਰ ਰਹੇ ਹਨ।

ITI ਕਾਲਜਾਂ ਦੇ ਆਊਟਡੇਟਿਡ ਕੋਰਸ ਹਟਾਏ

ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਦੇ ITI ਕਾਲਜਾਂ ਵਿੱਚ ਪੁਰਾਣੇ ਅਤੇ ਆਊਟਡੇਟਿਡ ਕੋਰਸ ਚੱਲ ਰਹੇ ਸਨ, ਜਿਨ੍ਹਾਂ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਨਵੇਂ ਜ਼ਮਾਨੇ ਦੀਆਂ ਲੋੜਾਂ ਅਨੁਸਾਰ ਕੋਰਸ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਿਹੜੀਆਂ ਇੰਡਸਟਰੀਆਂ ਤੇਜ਼ੀ ਨਾਲ ਵਿਕਾਸ ਕਰ ਰਹੀਆਂ ਹਨ, ਉਨ੍ਹਾਂ ਨਾਲ ਜੁੜੇ ਕੋਰਸ ਲਿਆਂਦੇ ਗਏ ਹਨ। ਇਨ੍ਹਾਂ ਵਿੱਚ ਏਅਰ ਹੋਸਟੈੱਸ ਅਤੇ ਆਰਟੀਫ਼ਿਸ਼ਲ ਇੰਟੈਲੀਜੈਂਸ (AI) ਨਾਲ ਸਬੰਧਤ ਕੋਰਸ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬਦਲਾਵਾਂ ਤੋਂ ਬਾਅਦ ITI ਕਾਲਜਾਂ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਦਾਖ਼ਲੇ ਲੈਣੇ ਸ਼ੁਰੂ ਕਰ ਦਿੱਤੇ ਹਨ। ਹੁਣ ITI ਕਾਲਜਾਂ ਵਿੱਚ ਸੀਟਾਂ ਵਧਾਉਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ।

Source: TV9Hindi.com

Loading...
Unable to load recommendations.
Follow Us