ਚੰਡੀਗੜ੍ਹ ‘ਚ ਸਰਕਾਰੀ ਭਰਤੀ ਦੇ ਨਿਯਮਾਂ ‘ਚ ਵੱਡਾ ਬਦਲਾਅ, ਹੁਣ ਕਲਰਕ ਤੇ ਸਟੈਨੋ ਭਰਤੀ ਲਈ UPSC ਦੀ ਸਲਾਹ ਲੈਣੀ ਨਹੀਂ ਹੋਵੇਗੀ ਲਾਜ਼ਮੀ
Chandigarh Administration: ਚੰਡੀਗੜ੍ਹ ਵਿੱਚ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਅਹਿਮ ਖ਼ਬਰ ਹੈ। ਪ੍ਰਸ਼ਾਸਨ ਨੇ ਗਰੁੱਪ-C ਦੇ ਕਲਰਕ ਅਤੇ ਸਟੈਨੋ-ਟਾਈਪਿਸਟ ਅਹੁਦਿਆਂ ਦੀ ਭਰਤੀ ਨਾਲ ਜੁੜੇ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ। ਹੁਣ ਭਰਤੀ ਨਿਯਮਾਂ ਵਿੱਚ ਕਿਸੇ ਵਰਗ ਨੂੰ ਛੋਟ ਦੇਣ ਲਈ UPSC ਦੀ ਸਲਾਹ ਲੈਣੀ ਲਾਜ਼ਮੀ ਨਹੀਂ ਹੋਵੇਗੀ। ਚੰਡੀਗੜ੍ਹ ਦੇ ਪ੍ਰਸ਼ਾਸਕ ਖ਼ੁਦ ਇਸ ਬਾਰੇ ਫ਼ੈਸਲਾ ਲੈ ਸਕਣਗੇ। ਆਖ਼ਰ ਕੀ ਹੈ ਨਵਾਂ ਨਿਯਮ ਅਤੇ ਇਸ ਨਾਲ ਭਰਤੀ ਪ੍ਰਕਿਰਿਆ ਵਿੱਚ ਕੀ ਬਦਲੇਗਾ, ਜਾਣੋ...
ਚੰਡੀਗੜ੍ਹ 'ਚ ਕਲਰਕ ਤੇ ਸਟੈਨੋ ਭਰਤੀ ਦੇ ਨਿਯਮਾਂ 'ਚ ਹੋਇਆ ਵੱਡਾ ਬਦਲਾਅ Photo Credit : Meta AI
ਚੰਡੀਗੜ੍ਹ ਪ੍ਰਸ਼ਾਸਨ ਨੇ ਗਰੁੱਪ-C ਦੇ ਕਲਰਕ ਅਤੇ ਸਟੈਨੋ-ਟਾਈਪਿਸਟ ਅਹੁਦਿਆਂ ਦੀ ਭਰਤੀ ਨਾਲ ਜੁੜੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਹੁਣ ਭਰਤੀ ਨਿਯਮਾਂ ਵਿੱਚ ਕਿਸੇ ਵਰਗ ਜਾਂ ਸ਼੍ਰੇਣੀ ਨੂੰ ਛੋਟ ਦੇਣ ਲਈ ਸੰਘ ਲੋਕ ਸੇਵਾ ਕਮਿਸ਼ਨ (UPSC) ਤੋਂ ਸਲਾਹ ਲੈਣੀ ਲਾਜ਼ਮੀ ਨਹੀਂ ਹੋਵੇਗੀ। ਚੰਡੀਗੜ੍ਹ ਦੇ ਪ੍ਰਸ਼ਾਸਕ ਆਪਣੇ ਪੱਧਰ ‘ਤੇ ਇਸ ਬਾਰੇ ਫ਼ੈਸਲਾ ਲੈ ਸਕਣਗੇ। ਹਾਲਾਂਕਿ, ਉਨ੍ਹਾਂ ਨੂੰ ਛੋਟ ਦੇਣ ਦਾ ਕਾਰਨ ਲਿਖਤੀ ਰੂਪ ਵਿੱਚ ਦਰਜ ਕਰਨਾ ਹੋਵੇਗਾ।
ਪ੍ਰਸ਼ਾਸਨ ਦੇ ਕਾਰਮਿਕ ਵਿਭਾਗ ਨੇ ਇਸ ਸਬੰਧੀ ਅਧਿਕਾਰਤ ਗਜ਼ਟ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨਵੇਂ ਸੋਧੇ ਹੋਏ ਨਿਯਮਾਂ ਤਹਿਤ 30 ਜਨਵਰੀ 2026 ਨੂੰ ਜਾਰੀ ਕੀਤੇ ਗਏ ਮੂਲ ਭਰਤੀ ਨਿਯਮਾਂ ਵਿੱਚ ਛੋਟ ਦੇਣ ਦੀ ਸ਼ਕਤੀ ਨਾਲ ਜੁੜੇ ਪ੍ਰਬੰਧ ਵਿੱਚ ਬਦਲਾਅ ਕੀਤਾ ਗਿਆ ਹੈ। 30 ਜਨਵਰੀ 2026 ਦੇ ਨੋਟੀਫਿਕੇਸ਼ਨ ਦੇ ਬਿੰਦੂ ਨੰਬਰ-6 ਵਿੱਚ ਨਿਯਮਾਂ ਵਿੱਚ ਛੋਟ ਦੇਣ ਦੀ ਸ਼ਕਤੀ ਦਾ ਪ੍ਰਬੰਧ ਸੀ। ਇਸ ਤਹਿਤ ਕਿਸੇ ਵਰਗ ਜਾਂ ਸ਼੍ਰੇਣੀ ਲਈ ਭਰਤੀ ਨਿਯਮਾਂ ਵਿੱਚ ਛੋਟ ਦੇਣ ਤੋਂ ਪਹਿਲਾਂ UPSC ਨਾਲ ਸਲਾਹ-ਮਸ਼ਵਰਾ ਕਰਨਾ ਲਾਜ਼ਮੀ ਸੀ।
ਹੁਣ ਸੋਧ ਰਾਹੀਂ ਇਸ ਪ੍ਰਬੰਧ ਵਿੱਚੋਂ ‘ਅਤੇ ਸੰਘ ਲੋਕ ਸੇਵਾ ਕਮਿਸ਼ਨ ਦੀ ਸਲਾਹ ਨਾਲ’ ਸ਼ਬਦ ਹਟਾ ਦਿੱਤੇ ਗਏ ਹਨ। ਨਵੇਂ ਨਿਯਮਾਂ ਮੁਤਾਬਕ, ਜੇਕਰ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਲੱਗਦਾ ਹੈ ਕਿ ਕਿਸੇ ਵਰਗ ਜਾਂ ਸ਼੍ਰੇਣੀ ਦੇ ਲੋਕਾਂ ਨੂੰ ਭਰਤੀ ਨਿਯਮਾਂ ਵਿੱਚ ਛੋਟ ਦੇਣ ਦੀ ਲੋੜ ਹੈ ਤਾਂ ਉਹ ਇਸ ਦਾ ਕਾਰਨ ਲਿਖਤੀ ਰੂਪ ਵਿੱਚ ਦਰਜ ਕਰਕੇ ਹੁਕਮ ਜਾਰੀ ਕਰ ਸਕਣਗੇ। ਯਾਨੀ ਹੁਣ ਇਸ ਫ਼ੈਸਲੇ ਲਈ UPSC ਦੀ ਸਲਾਹ ਲੈਣ ਦੀ ਲਾਜ਼ਮੀ ਸ਼ਰਤ ਨਹੀਂ ਰਹੇਗੀ।
ਪੰਜਾਬ ਅਤੇ ਹਰਿਆਣਾ ਦੀ ਤਰਜ਼ ‘ਤੇ ਬਦਲੀ ਵਿਵਸਥਾ
ਇਸ ਸੋਧ ਨਾਲ ਚੰਡੀਗੜ੍ਹ ਦੀ ਭਰਤੀ ਪ੍ਰਕਿਰਿਆ ਵੀ ਗੁਆਂਢੀ ਸੂਬਿਆਂ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਦੇ ਹੋਰ ਪ੍ਰਮੁੱਖ ਸੂਬਿਆਂ ਵਰਗੀ ਹੋ ਗਈ ਹੈ। ਇਨ੍ਹਾਂ ਸੂਬਿਆਂ ਵਿੱਚ ਵੀ ਕਲਰਕ ਅਤੇ ਸਟੈਨੋ ਵਰਗੇ ਗਰੁੱਪ-C (ਤੀਜੀ ਸ਼੍ਰੇਣੀ) ਦੇ ਅਹੁਦਿਆਂ ਦੇ ਭਰਤੀ ਨਿਯਮਾਂ ਵਿੱਚ ਛੋਟ ਦੇਣ ਲਈ ਸੂਬਾ ਲੋਕ ਸੇਵਾ ਕਮਿਸ਼ਨ (ਜਿਵੇਂ PPSC ਜਾਂ HPSC) ਤੋਂ ਸਲਾਹ ਲੈਣ ਦੀ ਲਾਜ਼ਮੀ ਸ਼ਰਤ ਨਹੀਂ ਹੈ।
ਸੰਵਿਧਾਨ ਦੇ ਅਨੁਛੇਦ 320(3) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਇਨ੍ਹਾਂ ਸੂਬਿਆਂ ਨੇ ਗਰੁੱਪ-C ਦੀਆਂ ਭਰਤੀਆਂ ਨੂੰ ਕਮਿਸ਼ਨ ਦੇ ਦਾਇਰੇ ਤੋਂ ਬਾਹਰ ਰੱਖਿਆ ਹੋਇਆ ਹੈ। ਇਸ ਕਾਰਨ ਸੂਬਾ ਸਰਕਾਰਾਂ ਆਪਣੇ ਪੱਧਰ ‘ਤੇ ਹੀ ਸਿੱਧੇ ਫ਼ੈਸਲੇ ਲੈ ਸਕਦੀਆਂ ਹਨ।
