ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲਾਂ ‘ਚ 2027-28 ਦੇ ਦਾਖ਼ਲਿਆਂ ਦਾ ਸ਼ਡਿਊਲ ਜਾਰੀ, 9 ਦਸੰਬਰ ਤੋਂ ਸ਼ੁਰੂ ਹੋਣਗੀਆਂ ਅਰਜ਼ੀਆਂ
Chandigarh School Admissions: ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲਾਂ ਵਿੱਚ ਅਕਾਦਮਿਕ ਸੈਸ਼ਨ 2027-28 ਲਈ ਐਂਟਰੀ ਲੈਵਲ ਕਲਾਸਾਂ ਦੇ ਦਾਖ਼ਲਿਆਂ ਦੀ ਪ੍ਰਕਿਰਿਆ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਜਨਰਲ ਕੈਟੇਗਰੀ ਦੀਆਂ ਸੀਟਾਂ ਲਈ ਮਾਪੇ 9 ਦਸੰਬਰ ਤੋਂ ਅਰਜ਼ੀਆਂ ਭਰ ਸਕਣਗੇ, ਜਦਕਿ ਅਪਲਾਈ ਕਰਨ ਦੀ ਆਖ਼ਰੀ ਤਾਰੀਖ 22 ਦਸੰਬਰ ਤੈਅ ਕੀਤੀ ਗਈ ਹੈ।
ਚੰਡੀਗੜ੍ਹ 'ਚ ਸਕੂਲ ਦਾਖ਼ਲੇ ਦਾ ਸ਼ਡਿਊਲ ਜਾਰੀ Photo Credit : Meta AI
ਚੰਡੀਗੜ੍ਹ ਦੇ ਅਨਏਡਿਡ ਪ੍ਰਾਈਵੇਟ ਰਿਕਗਨਾਈਜ਼ਡ ਸਕੂਲਾਂ ਵਿੱਚ ਅਕਾਦਮਿਕ ਸੈਸ਼ਨ 2027-28 ਲਈ ਐਂਟਰੀ ਲੈਵਲ ਕਲਾਸਾਂ ਵਿੱਚ ਦਾਖ਼ਲੇ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਮੁਤਾਬਕ, ਜਨਰਲ ਕੈਟੇਗਰੀ ਦੀਆਂ ਸੀਟਾਂ ਲਈ ਅਰਜ਼ੀ ਪ੍ਰਕਿਰਿਆ 9 ਦਸੰਬਰ ਤੋਂ ਸ਼ੁਰੂ ਹੋਵੇਗੀ। ਮਾਪੇ 22 ਦਸੰਬਰ 2026 ਤੱਕ ਅਰਜ਼ੀ ਫਾਰਮ ਜਮ੍ਹਾਂ ਕਰਵਾ ਸਕਣਗੇ।
ਖ਼ਾਸ ਗੱਲ ਇਹ ਹੈ ਕਿ ਦਾਖ਼ਲੇ ਲਈ ਅਰਜ਼ੀ ਫਾਰਮ ਪੂਰੀ ਤਰ੍ਹਾਂ ਮੁਫ਼ਤ ਮਿਲਣਗੇ। ਸਿੱਖਿਆ ਵਿਭਾਗ ਨੇ ਸਾਰੇ ਸਕੂਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ 7 ਦਸੰਬਰ 2026 ਤੋਂ ਪਹਿਲਾਂ ਆਪਣੇ ਨੋਟਿਸ ਬੋਰਡ ਅਤੇ ਅਧਿਕਾਰਤ ਵੈੱਬਸਾਈਟ ‘ਤੇ ਦਾਖ਼ਲੇ ਨਾਲ ਜੁੜੀ ਪੂਰੀ ਜਾਣਕਾਰੀ ਜਨਤਕ ਕਰਨ।
ਇਸ ਵਿੱਚ ਕੁੱਲ ਸੀਟਾਂ ਦੀ ਗਿਣਤੀ, ਬੱਚਿਆਂ ਦੀ ਉਮਰ ਸੀਮਾ, ਫੀਸ ਸਟ੍ਰਕਚਰ, ਦਾਖ਼ਲੇ ਦੇ ਨਿਯਮ, ਲੋੜੀਂਦੇ ਦਸਤਾਵੇਜ਼ ਅਤੇ ਡਰਾਅ ਦੀ ਤਾਰੀਖ ਸ਼ਾਮਲ ਹੋਵੇਗੀ। ਇਸ ਨਾਲ ਮਾਪਿਆਂ ਨੂੰ ਅਰਜ਼ੀ ਦੇਣ ਤੋਂ ਪਹਿਲਾਂ ਦਾਖ਼ਲੇ ਦੀਆਂ ਸਾਰੀਆਂ ਸ਼ਰਤਾਂ ਬਾਰੇ ਜਾਣਕਾਰੀ ਮਿਲ ਸਕੇਗੀ।
ਮਾਪਿਆਂ ਨੂੰ 12 ਫਰਵਰੀ 2027 ਤੱਕ ਜਮ੍ਹਾਂ ਕਰਵਾਉਣੀ ਹੋਵੇਗੀ ਫੀਸ
ਦਾਖ਼ਲਾ ਪ੍ਰਕਿਰਿਆ ਤਹਿਤ ਸਕੂਲਾਂ ਨੂੰ 18 ਜਨਵਰੀ 2027 ਤੱਕ ਯੋਗ ਉਮੀਦਵਾਰਾਂ ਦੀ ਸੂਚੀ ਜਾਰੀ ਕਰਨੀ ਹੋਵੇਗੀ। ਇਸ ਤੋਂ ਬਾਅਦ 2 ਫਰਵਰੀ 2027 ਤੱਕ ਚੁਣੇ ਗਏ ਬੱਚਿਆਂ ਅਤੇ ਵੇਟਿੰਗ ਲਿਸਟ ਵਿੱਚ ਸ਼ਾਮਲ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕੀਤੀ ਜਾਵੇਗੀ। ਚੁਣੇ ਗਏ ਬੱਚਿਆਂ ਦੇ ਮਾਪਿਆਂ ਨੂੰ 12 ਫਰਵਰੀ 2027 ਤੱਕ ਫੀਸ ਜਮ੍ਹਾਂ ਕਰਵਾਉਣੀ ਹੋਵੇਗੀ।
EWS ਅਤੇ DG ਕੈਟੇਗਰੀ ਦੇ ਦਾਖ਼ਲੇ ਸ਼ਾਮਲ ਨਹੀਂ
ਜ਼ਿਲ੍ਹਾ ਸਿੱਖਿਆ ਅਧਿਕਾਰੀ (UT ਚੰਡੀਗੜ੍ਹ) ਨੇ ਮਾਪਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਦਾਖ਼ਲੇ ਨੂੰ ਲੈ ਕੇ ਕਿਸੇ ਵੀ ਅਫ਼ਵਾਹ ‘ਤੇ ਧਿਆਨ ਨਾ ਦੇਣ। ਯੋਗਤਾ, ਲੋੜੀਂਦੇ ਦਸਤਾਵੇਜ਼ਾਂ ਅਤੇ ਹੋਰ ਨਿਯਮਾਂ ਦੀ ਜਾਣਕਾਰੀ ਲਈ ਸਬੰਧਤ ਸਕੂਲਾਂ ਦੀਆਂ ਅਧਿਕਾਰਤ ਵੈੱਬਸਾਈਟਾਂ ਅਤੇ ਨੋਟਿਸ ਬੋਰਡ ਦੇਖਦੇ ਰਹਿਣ। ਇਹ ਸ਼ਡਿਊਲ EWS/DG ਕੈਟੇਗਰੀ ਨੂੰ ਛੱਡ ਕੇ ਜਨਰਲ ਕੈਟੇਗਰੀ ਦੀਆਂ ਸੀਟਾਂ ਲਈ ਜਾਰੀ ਕੀਤਾ ਗਿਆ ਹੈ।
