ਕੀ ਹੁਣ ਸਕੂਲਾਂ ‘ਚ ਪੜ੍ਹਾਇਆ ਜਾਵੇਗਾ ਪੈਕਡ ਫੂਡ ਦਾ ਪਾਠ? FSSAI ਨੇ ਸਿੱਖਿਆ ਮੰਤਰਾਲੇ ਅੱਗੇ ਰੱਖਿਆ ਪ੍ਰਸਤਾਵ
ਪੈਕਡ ਖ਼ੁਰਾਕੀ ਵਸਤਾਂ ਦੇ ਸਿਹਤ ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਪ੍ਰਤੀ ਬੱਚਿਆਂ ਨੂੰ ਸੁਚੇਤ ਅਤੇ ਜਾਗਰੂਕ ਕਰਨ ਲਈ ਭਾਰਤੀ ਖ਼ੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (FSSAI) ਨੇ ਇੱਕ ਅਹਿਮ ਕਦਮ ਚੁੱਕਿਆ ਹੈ। ਅਥਾਰਟੀ ਹੁਣ ਸਕੂਲਾਂ ਦੇ ਪਾਠਕ੍ਰਮ ਵਿੱਚ ਹੀ ਚੇਤਾਵਨੀ ਲੇਬਲਿੰਗ ਦਾ ਪਾਠ ਪੜ੍ਹਾਉਣਾ ਚਾਹੁੰਦੀ ਹੈ।
ਪੈਕਡ ਖ਼ੁਰਾਕੀ ਵਸਤਾਂ ਦੇ ਸਿਹਤ ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਪ੍ਰਤੀ ਬੱਚਿਆਂ ਨੂੰ ਸੁਚੇਤ ਅਤੇ ਜਾਗਰੂਕ ਕਰਨ ਲਈ ਭਾਰਤੀ ਖ਼ੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (FSSAI) ਨੇ ਇੱਕ ਅਹਿਮ ਕਦਮ ਚੁੱਕਿਆ ਹੈ। ਅਥਾਰਟੀ ਹੁਣ ਸਕੂਲਾਂ ਦੇ ਪਾਠਕ੍ਰਮ ਵਿੱਚ ਹੀ ਚੇਤਾਵਨੀ ਲੇਬਲਿੰਗ ਦਾ ਪਾਠ ਪੜ੍ਹਾਉਣਾ ਚਾਹੁੰਦੀ ਹੈ। ਇਸ ਸਬੰਧੀ FSSAI ਨੇ ਕੇਂਦਰੀ ਸਿੱਖਿਆ ਮੰਤਰਾਲੇ ਨੂੰ ਰਸਮੀ ਬੇਨਤੀ ਕੀਤੀ ਹੈ ਕਿ ਸਕੂਲੀ ਸਿਲੇਬਸ ਵਿੱਚ ਪੈਕਡ ਫੂਡ ਉੱਤੇ ਲੱਗਣ ਵਾਲੇ ਫਰੰਟ-ਆਫ਼-ਪੈਕ ਲੇਬਲ ਯਾਨੀ FOPNL (Front-of-Pack Nutrition Labeling) ਦੇ ਵਿਸ਼ੇ ਨੂੰ ਸ਼ਾਮਲ ਕੀਤਾ ਜਾਵੇ। ਅਥਾਰਟੀ ਨੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਹੈ ਕਿ ਸਿੱਖਿਆ ਮੰਤਰਾਲੇ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕਿ ਵਿਦਿਆਰਥੀਆਂ ਨੂੰ ਪੈਕਡ ਖ਼ੁਰਾਕੀ ਉਤਪਾਦਾਂ ਦੇ ਸਾਹਮਣੇ ਲੱਗੇ ਲੇਬਲ ਪੜ੍ਹਨ ਅਤੇ ਸਮਝਣ ਪ੍ਰਤੀ ਜਾਗਰੂਕ ਕਰਨ ਲਈ ਇਸ ਨੂੰ ਸਿੱਖਿਆ ਦਾ ਹਿੱਸਾ ਬਣਾਇਆ ਜਾਵੇ।
ਜ਼ਿਕਰਯੋਗ ਹੈ ਕਿ ਇਸ ਮੁੱਦੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਪਿਛਲੀ ਸੁਣਵਾਈ ਦੌਰਾਨ ਅਥਾਰਟੀ ਦੀ ਕਾਰਜਪ੍ਰਣਾਲੀ ਤੇ ਸਖ਼ਤ ਨਾਰਾਜ਼ਗੀ ਜ਼ਾਹਰ ਕਰਦਿਆਂ ਫਟਕਾਰ ਲਗਾਈ ਸੀ। ਦੇਸ਼ ਦੀ ਸਰਵਉੱਚ ਅਦਾਲਤ ਨੇ ਸਵਾਲ ਕੀਤਾ ਸੀ ਕਿ ਜਦੋਂ ਮਾਮਲਾ ਸਿੱਧੇ ਤੌਰ ਤੇ ਨਾਗਰਿਕਾਂ ਦੀ ਸਿਹਤ ਨਾਲ ਜੁੜਿਆ ਹੋਇਆ ਹੈ, ਤਾਂ ਅਥਾਰਟੀ ਨੂੰ ਇਸ ਸਬੰਧੀ ਠੋਸ ਕਦਮ ਚੁੱਕਣ ਵਿੱਚ ਇੰਨਾ ਲੰਮਾ ਸਮਾਂ ਕਿਉਂ ਲੱਗ ਰਿਹਾ ਹੈ? ਸੁਪਰੀਮ ਕੋਰਟ ਦੇ ਸਖ਼ਤ ਰੁਖ਼ ਮਗਰੋਂ FSSAI ਨੇ ਸਰਗਰਮੀ ਦਿਖਾਉਂਦਿਆਂ ਆਪਣੇ ਸਾਰੇ ਪ੍ਰਸਤਾਵਾਂ ਦਾ ਇੱਕ ਵਿਸਥਾਰਪੂਰਵਕ ਲਿਖਤੀ ਹਲਫ਼ਨਾਮਾ ਅਦਾਲਤ ਵਿੱਚ ਦਾਇਰ ਕੀਤਾ ਹੈ। ਇਸ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਪੈਕਟਾਂ ਸਾਹਮਣੇ ਚੇਤਾਵਨੀ ਨੂੰ ਪ੍ਰਮੁੱਖਤਾ ਨਾਲ ਦਰਸਾਉਣ ਲਈ FOPNL ਪ੍ਰਣਾਲੀ ਨੂੰ ਇੱਕੋ ਪੜਾਅ ਵਿੱਚ ਲਾਗੂ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ।
ਸਾਰੀ ਪ੍ਰਕਿਰਿਆ ਪੂਰੀ ਹੋਣ ਚ ਲੱਗਣਗੇ 4 ਮਹੀਨੇ
ਅਥਾਰਟੀ ਨੇ ਅਦਾਲਤ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਇਸ ਨਵੀਂ ਨਿਯਮਾਵਲੀ ਦਾ ਖਰੜਾ ਤਿਆਰ ਕਰਨ ਅਤੇ ਅੰਤਿਮ ਨੋਟੀਫਿਕੇਸ਼ਨ ਜਾਰੀ ਕਰਨ ਦੀ ਪੂਰੀ ਪ੍ਰਕਿਰਿਆ ਵਿੱਚ ਲਗਭਗ ਚਾਰ ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ। ਇਸ ਵਿਧੀ ਅਧੀਨ ਖਰੜਾ ਨਿਯਮ ਤਿਆਰ ਕਰਨਾ, ਖ਼ੁਰਾਕ ਅਥਾਰਟੀ ਅਤੇ ਸਬੰਧਤ ਕੇਂਦਰੀ ਮੰਤਰੀ ਦੀ ਪ੍ਰਵਾਨਗੀ ਹਾਸਲ ਕਰਨਾ, ਵਿਸ਼ਵ ਵਪਾਰ ਸੰਗਠਨ (WTO) ਦੇ ਨਿਯਮਾਂ ਤਹਿਤ 60 ਦਿਨਾਂ ਦੀ ਨੋਟਿਸ ਮਿਆਦ ਦੇਣਾ ਅਤੇ ਕੇਂਦਰੀ ਕਾਨੂੰਨ ਮੰਤਰਾਲੇ ਵੱਲੋਂ ਜਾਂਚ ਪੜਤਾਲ ਵਰਗੇ ਜ਼ਰੂਰੀ ਕਾਨੂੰਨੀ ਕਦਮ ਸ਼ਾਮਲ ਰਹਿਣਗੇ।
ਪ੍ਰਸਤਾਵਿਤ ਨਿਯਮਾਂ ਅਨੁਸਾਰ ਪੈਕਡ ਫੂਡ ਦੇ ਪੈਕਟਾਂ ਦੇ ਸਾਹਮਣੇ ਪ੍ਰਮੁੱਖ ਹਿੱਸੇ ਉੱਤੇ ਇੱਕ ਲਾਲ ਛੇ-ਭੁਜ (ਰੈੱਡ ਹੈਕਸਾਗਨ) ਦੇ ਅੰਦਰ ਚਿਤਾਵਨੀ ਨੂੰ ਸਾਫ਼-ਸਾਫ਼ ਛਾਪਿਆ ਜਾਵੇਗਾ। ਇਸ ਦਾ ਫ਼ੌਂਟ ਸਾਈਜ਼ ਪੈਕਟ ਦੇ ਪਿਛਲੇ ਪਾਸੇ ਦਿੱਤੇ ਜਾਣ ਵਾਲੇ ਪੋਸ਼ਣ ਵੇਰਵਿਆਂ ਨਾਲੋਂ ਘੱਟੋ-ਘੱਟ ਇੱਕ ਪੁਆਇੰਟ ਵੱਡਾ ਰੱਖਣ ਦੀ ਤਜਵੀਜ਼ ਰੱਖੀ ਗਈ ਹੈ। ਇਸ ਦੇ ਨਾਲ ਹੀ ਸਬੰਧਤ ਪੋਸ਼ਕ ਤੱਤਾਂ ਦੀ ਪੂਰੀ ਜਾਣਕਾਰੀ ਇੱਕੋ ਥਾਂ ਤੇ ਸਪੱਸ਼ਟ ਰੂਪ ਵਿੱਚ ਦਰਜ ਕਰਨ ਦੀ ਗੱਲ ਕਹੀ ਗਈ ਹੈ ਤਾਂ ਜੋ ਗਾਹਕਾਂ ਨੂੰ ਪੜ੍ਹਨ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ।
ਨਿਰਮਾਤਾ ਕੰਪਨੀਆਂ ਨੂੰ ਮਿਲੇਗਾ 365 ਦਿਨਾਂ ਦਾ ਸਮਾਂ
ਅਥਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਲੇਬਲਿੰਗ ਨਾਲ ਜੁੜੇ ਇਹ ਨਵੇਂ ਬਦਲਾਅ ਲਾਗੂ ਹੋਣ ਤੋਂ ਬਾਅਦ ਉਤਪਾਦਕਾਂ ਅਤੇ ਕੰਪਨੀਆਂ ਨੂੰ ਇਨ੍ਹਾਂ ਦੀ ਪਾਲਣਾ ਕਰਨ ਲਈ ਘੱਟੋ-ਘੱਟ 365 ਦਿਨ ਯਾਨੀ ਇੱਕ ਸਾਲ ਦਾ ਸਮਾਂ ਦਿੱਤਾ ਜਾਵੇਗਾ। ਪ੍ਰਸਤਾਵ ਦੇ ਮੁਤਾਬਕ ਨਵੇਂ ਲੇਬਲਿੰਗ ਨਿਯਮਾਂ ਨੂੰ 1 ਜੁਲਾਈ ਤੋਂ ਪ੍ਰਭਾਵੀ ਬਣਾਉਣ ਦੀ ਯੋਜਨਾ ਉਲੀਕੀ ਗਈ ਹੈ। ਹਾਲਾਂਕਿ, ਅੰਤਿਮ ਨੋਟੀਫਿਕੇਸ਼ਨ ਜਾਰੀ ਹੋਣ ਦੀ ਤਾਰੀਖ਼ ਤੋਂ ਕੰਪਨੀਆਂ ਨੂੰ ਆਪਣੇ ਉਤਪਾਦਾਂ ਦੀ ਪੈਕਿੰਗ ਬਦਲਣ ਵਾਸਤੇ ਪੂਰੇ 365 ਦਿਨਾਂ ਦੀ ਛੋਟ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ
ਵੱਧ ਖੰਡ, ਲੂਣ ਅਤੇ ਚਰਬੀ ਦੀ ਮਾਤਰਾ ਤੇ ਹੋਵੇਗੀ ਸਖ਼ਤ ਚੇਤਾਵਨੀ
ਨਵੀਂ ਤਜਵੀਜ਼ ਅਨੁਸਾਰ ਜੇਕਰ ਕਿਸੇ ਖ਼ੁਰਾਕੀ ਪਦਾਰਥ ਵਿੱਚ ਖੰਡ (ਸ਼ੂਗਰ), ਲੂਣ (ਸੋਡੀਅਮ) ਅਤੇ ਚਰਬੀ (ਸੈਚੁਰੇਟਿਡ ਫੈਟ) ਦੀ ਮਾਤਰਾ ਤੈਅ ਹੱਦ ਨਾਲੋਂ ਜ਼ਿਆਦਾ ਪਾਈ ਜਾਂਦੀ ਹੈ, ਤਾਂ ਪੈਕਟ ਦੇ ਬਿਲਕੁਲ ਸਾਹਮਣੇ ਸਪੱਸ਼ਟ ਚਿਤਾਵਨੀ ਛਾਪਣੀ ਲਾਜ਼ਮੀ ਹੋਵੇਗੀ। FSSAI ਦਾ ਕਹਿਣਾ ਹੈ ਕਿ ਮੌਜੂਦਾ ਕੌਮਾਂਤਰੀ ਫਰੰਟ-ਆਫ਼-ਪੈਕ ਲੇਬਲਿੰਗ ਮਾਡਲ ਵੀ ਮੁੱਖ ਤੌਰ ਤੇ ਇਨ੍ਹਾਂ ਤਿੰਨਾਂ ਤੱਤਾਂ ਉੱਤੇ ਹੀ ਕੇਂਦਰਿਤ ਹਨ।
ਲਿਖਤੀ ਸਬਮਿਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਿਰਫ਼ ਕੁੱਲ ਖੰਡ ਜਾਂ ਕੁੱਲ ਫੈਟ ਨੂੰ ਆਧਾਰ ਬਣਾ ਕੇ ਚਿਤਾਵਨੀ ਨਿਰਧਾਰਿਤ ਕਰਨ ਸੰਬੰਧੀ ਮੌਜੂਦਾ ਸਮੇਂ ICMR-NIN ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਕੋਈ ਵਿਸ਼ੇਸ਼ ਵਿਵਸਥਾ ਨਹੀਂ ਹੈ। ਇਸ ਤੋਂ ਇਲਾਵਾ ਭੋਜਨ ਵਿੱਚ ਕੁਦਰਤੀ ਤੌਰ ਤੇ ਮੌਜੂਦ ਖੰਡ ਅਤੇ ਬਾਹਰੋਂ ਵੱਖਰੇ ਤੌਰ ਤੇ ਮਿਲਾਈ ਗਈ ਖੰਡ (ਐਡਿਡ ਸ਼ੂਗਰ) ਵਿਚਲੇ ਅੰਤਰ ਨੂੰ ਧਿਆਨ ਵਿੱਚ ਰੱਖਣਾ ਵੀ ਲਾਜ਼ਮੀ ਦੱਸਿਆ ਗਿਆ ਹੈ।
ਮਿੱਠੇ ਤੇ ਕੈਫ਼ੀਨ ਵਾਲੇ ਪੀਣ ਵਾਲੇ ਪਦਾਰਥਾਂ ਲਈ ਵਿਸ਼ੇਸ਼ ਸ਼੍ਰੇਣੀ
ਪ੍ਰਸਤਾਵ ਵਿੱਚ ਮਿੱਠੇ ਪੀਣ ਵਾਲੇ ਪਦਾਰਥਾਂ ਲਈ ਇੱਕ ਵੱਖਰੀ ਕੈਟਾਗਰੀ ਬਣਾਉਣ ਦਾ ਜ਼ਿਕਰ ਕੀਤਾ ਗਿਆ ਹੈ। ਕਾਰਬੋਨੇਟਿਡ ਅਤੇ ਕੈਫ਼ੀਨਯੁਕਤ ਡਰਿੰਕਸ ਵਰਗੇ ਉਤਪਾਦਾਂ ਉੱਤੇ ਨਿਰਧਾਰਿਤ ਚਿਤਾਵਨੀ ਦੇ ਨਾਲ-ਨਾਲ ਉਸ ਪੀਣ ਵਾਲੇ ਪਦਾਰਥ ਦਾ ਨਾਂ ਪ੍ਰਮੁੱਖਤਾ ਨਾਲ ਦਰਜ ਕਰਨਾ ਪਵੇਗਾ। FSSAI ਅਨੁਸਾਰ ਇਸ ਪਹਿਲਕਦਮੀ ਦਾ ਮੁੱਖ ਮਕਸਦ ਲੋਕਾਂ, ਖ਼ਾਸ ਕਰਕੇ ਨੌਜਵਾਨਾਂ ਨੂੰ ਅਜਿਹੇ ਗ਼ੈਰ-ਸਿਹਤਮੰਦ ਡਰਿੰਕਸ ਦੇ ਬਹੁਤੇ ਸੇਵਨ ਤੋਂ ਰੋਕਣਾ ਅਤੇ ਨਿਰਉਤਸ਼ਾਹਿਤ ਕਰਨਾ ਹੈ।
ਇਸ ਦੇ ਨਾਲ ਹੀ ਪ੍ਰਸਤਾਵਿਤ ਲੇਬਲ ਉੱਤੇ ਗ਼ੈਰ-ਕੈਲੋਰੀ ਸਵੀਟਨਰ ਯੁਕਤ (ਨਾਨ-ਕੈਲੋਰੀ ਸਵੀਟਨਰ) ਹੋਣ ਦੀ ਸਪੱਸ਼ਟ ਚਿਤਾਵਨੀ ਦੇਣ ਦਾ ਵੀ ਸੁਝਾਅ ਦਿੱਤਾ ਗਿਆ ਹੈ। ਫ਼ਿਲਹਾਲ ਇਹ ਜਾਣਕਾਰੀ ਪੈਕੇਟ ਦੇ ਪਿਛਲੇ ਪਾਸੇ ਛੋਟੇ ਅੱਖਰਾਂ ਵਿੱਚ ਦਿੱਤੀ ਜਾਂਦੀ ਹੈ, ਜਿਸ ਨੂੰ ਹੁਣ ਸਾਹਮਣੇ ਲਿਆਉਣ ਦੀ ਤਿਆਰੀ ਹੈ। ਅਥਾਰਟੀ ਨੇ ਉਦਾਹਰਨ ਦਿੰਦਿਆਂ ਦੱਸਿਆ ਕਿ ਜੇਕਰ 250 ਮਿਲੀਲੀਟਰ ਦੀ ਇੱਕ ਕੈਫ਼ੀਨ ਵਾਲੀ ਡਰਿੰਕ ਵਿੱਚ 25 ਗ੍ਰਾਮ ਖੰਡ ਹੈ, ਤਾਂ ਸਿਰਫ਼ ਇੱਕ ਕੈਨ ਪੀਣ ਨਾਲ ਹੀ ਇੱਕ ਬਾਲਗ ਵਿਅਕਤੀ ਦੇ ਰੋਜ਼ਾਨਾ ਦੇ ਵਾਧੂ ਖੰਡ ਕੋਟੇ ਦੀ ਮਿਆਦ ਪੂਰੀ ਹੋ ਜਾਂਦੀ ਹੈ। ਅਜਿਹੇ ਦੋ ਕੈਨ ਲੈਣ ਨਾਲ ਵਾਧੂ ਖੰਡ ਦੀ ਮਾਤਰਾ 50 ਗ੍ਰਾਮ ਤੱਕ ਪਹੁੰਚ ਸਕਦੀ ਹੈ, ਜਿਸ ਬਾਰੇ ਪੈਕਟ ਤੇ ਸਾਫ਼ ਸ਼ਬਦਾਂ ਵਿੱਚ ਲਿਖਣਾ ਲਾਜ਼ਮੀ ਹੋਵੇਗਾ।
ਫ਼ੂਡ ਐਡੀਟਿਵਜ਼ ਨੂੰ ਲੈ ਕੇ ਅਥਾਰਟੀ ਦਾ ਸਪੱਸ਼ਟੀਕਰਨ
ਖ਼ੁਰਾਕੀ ਵਸਤਾਂ ਵਿੱਚ ਵਰਤੇ ਜਾਣ ਵਾਲੇ ਰਸਾਇਣਕ ਤੱਤਾਂ (ਐਡੀਟਿਵਜ਼) ਬਾਰੇ ਅਥਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਨੂੰ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਬੇਹੱਦ ਵਿਆਪਕ ਅਤੇ ਸਖ਼ਤ ਹੁੰਦੀ ਹੈ। ਦਾਇਰ ਦਸਤਾਵੇਜ਼ ਅਨੁਸਾਰ ਇਨ੍ਹਾਂ ਦੀ ਸੁਰੱਖਿਆ ਦੀ ਸਮੀਖਿਆ ਸੰਯੁਕਤ ਰਾਸ਼ਟਰ ਦੇ ਖ਼ੁਰਾਕ ਤੇ ਖੇਤੀਬਾੜੀ ਸੰਗਠਨ (FAO), ਵਿਸ਼ਵ ਸਿਹਤ ਸੰਗਠਨ (WHO), JECFA ਅਤੇ ਹੋਰ ਵਿਸ਼ਵ ਪੱਧਰੀ ਜੋਖ਼ਮ ਮੁਲਾਂਕਣ ਸੰਸਥਾਵਾਂ ਵੱਲੋਂ ਲਗਾਤਾਰ ਕੀਤੀ ਜਾਂਦੀ ਹੈ। FSSAI ਨੇ ਭਰੋਸਾ ਦਿੱਤਾ ਹੈ ਕਿ ਦੇਸ਼ ਦੇ ਖ਼ੁਰਾਕ ਸੁਰੱਖਿਆ ਨਿਯਮਾਂ ਵਿੱਚ ਦਰਜ ਸਾਰੇ ਐਡੀਟਿਵਜ਼ ਕੌਮਾਂਤਰੀ ਕੋਡੈਕਸ ਮਿਆਰਾਂ ਦੇ ਪੂਰੀ ਤਰ੍ਹਾਂ ਅਨੁਕੂਲ ਹਨ।


