Jio IPO Listing: ਸ਼ੇਅਰ ਬਾਜ਼ਾਰ ਚ ਜੀਓ ਦੀ ਧਮਾਕੇਦਾਰ ਐਂਟਰੀ, 1,358 ਰੁਪਏ ਤੇ ਹੋਈ ਲਿਸਟਿੰਗ; ਹੁਣ ਵੇਚੀਏ ਜਾਂ ਹੋਲਡ ਕਰੀਏ?
ਜੀਓ ਪਲੇਟਫਾਰਮਜ਼ ਦੇ ਸ਼ੇਅਰਾਂ ਨੇ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ 'ਚ 1,358 ਰੁਪਏ ਤੇ ਸ਼ਾਨਦਾਰ ਸ਼ੁਰੂਆਤ ਕੀਤੀ। 1,119 ਰੁਪਏ ਦੇ ਇਸ਼ੂ ਪ੍ਰਾਈਸ ਦੇ ਮੁਕਾਬਲੇ ਨਿਵੇਸ਼ਕਾਂ ਨੂੰ ਪਹਿਲੇ ਹੀ ਦਿਨ 21.35 ਫ਼ੀਸਦੀ ਦਾ ਲਿਸਟਿੰਗ ਮੁਨਾਫ਼ਾ ਮਿਲਿਆ ਹੈ।
ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ‘ਚ ਉਸ ਪਲ ਦੀ ਉਡੀਕ ਖ਼ਤਮ ਹੋ ਗਈ, ਜਿਸ ਤੇ ਕਰੋੜਾਂ ਨਿਵੇਸ਼ਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਜੀਓ ਪਲੇਟਫਾਰਮਜ਼ ਦੇ ਸ਼ੇਅਰਾਂ ਨੇ ਸਟਾਕ ਐਕਸਚੇਂਜ ‘ਤੇ ਧਮਾਕੇਦਾਰ ਸ਼ੁਰੂਆਤ ਕੀਤੀ। ਕੰਪਨੀ ਦੇ 30,200 ਕਰੋੜ ਰੁਪਏ ਦੇ ਇਸ ਵੱਡੇ IPO ਨੇ ਲਿਸਟ ਹੁੰਦੇ ਹੀ ਨਿਵੇਸ਼ਕਾਂ ਨੂੰ ਚੰਗਾ ਮੁਨਾਫ਼ਾ ਦਿੱਤਾ। ਜਿਨ੍ਹਾਂ ਨਿਵੇਸ਼ਕਾਂ ਨੂੰ ਇਸ IPO ‘ਚ ਸ਼ੇਅਰ ਅਲਾਟ ਹੋਏ ਸਨ, ਉਨ੍ਹਾਂ ਨੂੰ ਪਹਿਲੇ ਹੀ ਦਿਨ ਵੱਡਾ ਫ਼ਾਇਦਾ ਹੋਇਆ ਹੈ। ਸ਼ੇਅਰ ਦੀ ਲਿਸਟਿੰਗ ਉਮੀਦ ਮੁਤਾਬਕ ਮਜ਼ਬੂਤ ਰਹੀ।
1,358 ਰੁਪਏ ‘ਤੇ ਹੋਈ ਲਿਸਟਿੰਗ, ਇੱਕ ਲਾਟ ਤੇ ਕਿੰਨੀ ਕਮਾਈ?
ਕੰਪਨੀ ਨੇ ਆਪਣੇ IPO ਲਈ 1,119 ਰੁਪਏ ਦਾ ਉੱਪਰੀ ਪ੍ਰਾਈਸ ਬੈਂਡ ਤੈਅ ਕੀਤਾ ਸੀ। ਬੁੱਧਵਾਰ ਨੂੰ ਬਾਜ਼ਾਰ ਖੁੱਲ੍ਹਣ ‘ਤੇ ਜੀਓ ਪਲੇਟਫਾਰਮਜ਼ ਦਾ ਸ਼ੇਅਰ 21.35 ਫ਼ੀਸਦੀ ਦੇ ਪ੍ਰੀਮੀਅਮ ਨਾਲ 1,358 ਰੁਪਏ ‘ਤੇ ਲਿਸਟ ਹੋਇਆ। ਇਸ ਤਰ੍ਹਾਂ ਨਿਵੇਸ਼ਕਾਂ ਨੂੰ ਹਰ ਸ਼ੇਅਰ ‘ਤੇ ਸਿੱਧਾ 239 ਰੁਪਏ ਦਾ ਮੁਨਾਫ਼ਾ ਮਿਲਿਆ।
ਇਸ IPO ਦਾ ਲਾਟ ਸਾਈਜ਼ 12 ਇਕੁਇਟੀ ਸ਼ੇਅਰਾਂ ਦਾ ਸੀ। ਇਸ ਹਿਸਾਬ ਨਾਲ ਜਿਨ੍ਹਾਂ ਨਿਵੇਸ਼ਕਾਂ ਨੂੰ ਇੱਕ ਲਾਟ ਵੀ ਅਲਾਟ ਹੋਇਆ, ਉਨ੍ਹਾਂ ਨੂੰ ਲਿਸਟਿੰਗ ਦੇ ਨਾਲ ਹੀ 2,868 ਰੁਪਏ ਦਾ ਮੁਨਾਫ਼ਾ ਹੋਇਆ। ਲਿਸਟਿੰਗ ਤੋਂ ਪਹਿਲਾਂ ਗ੍ਰੇ ਮਾਰਕੀਟ ‘ਚ ਇਸ ਦਾ ਪ੍ਰੀਮੀਅਮ (GMP) ਲਗਭਗ 247 ਰੁਪਏ ਚੱਲ ਰਿਹਾ ਸੀ, ਜਿਸ ਕਾਰਨ ਸ਼ੇਅਰ ਦੀ ਲਿਸਟਿੰਗ ਕਰੀਬ 1,366 ਰੁਪਏ ‘ਤੇ ਹੋਣ ਦੀ ਉਮੀਦ ਸੀ। ਅਸਲ ਲਿਸਟਿੰਗ ਵੀ ਇਸ ਅਨੁਮਾਨ ਦੇ ਕਾਫ਼ੀ ਨੇੜੇ ਰਹੀ।
ਏਅਰਟੈੱਲ ਨੂੰ ਪਛਾੜ ਕੇ ਦੂਜੀ ਸਭ ਤੋਂ ਵੱਡੀ ਕੰਪਨੀ ਬਣੀ ਜੀਓ
ਇਸ ਮਜ਼ਬੂਤ ਲਿਸਟਿੰਗ ਨਾਲ ਭਾਰਤੀ ਸ਼ੇਅਰ ਬਾਜ਼ਾਰ ਦੇ ਸਮੀਕਰਨ ਵੀ ਬਦਲ ਗਏ ਹਨ। ਜੀਓ ਪਲੇਟਫਾਰਮਜ਼ ਹੁਣ ਆਪਣੀ ਮੂਲ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਤੋਂ ਬਾਅਦ ਭਾਰਤ ਦੀ ਦੂਜੀ ਸਭ ਤੋਂ ਕੀਮਤੀ ਕੰਪਨੀ ਬਣ ਗਈ ਹੈ।
ਜੀਓ ਪਲੇਟਫਾਰਮਜ਼ ਦਾ ਮਾਰਕੀਟ ਕੈਪ ਲਗਭਗ 12.61 ਰੁਪਏ ਲੱਖ ਕਰੋੜ ਤੋਂ ਪਾਰ ਪਹੁੰਚ ਗਿਆ ਹੈ। ਮੰਗਲਵਾਰ ਨੂੰ NSE ‘ਤੇ ਭਾਰਤੀ ਏਅਰਟੈੱਲ ਦਾ ਸ਼ੇਅਰ 1,978.80 ਰੁਪਏ ‘ਤੇ ਬੰਦ ਹੋਇਆ ਸੀ ਤੇ ਕੰਪਨੀ ਦਾ ਮਾਰਕੀਟ ਕੈਪ ਲਗਭਗ 12.35 ਲੱਖ ਕਰੋੜ ਰੁਪਏ ਸੀ। ਜੀਓ ਦੇ ਸ਼ੇਅਰਾਂ ‘ਚ ਆਈ ਤੇਜ਼ੀ ਕਾਰਨ ਭਾਰਤੀ ਏਅਰਟੈੱਲ ਤੀਜੇ ਸਥਾਨ ‘ਤੇ ਖਿਸਕ ਗਈ।
ਇਹ ਵੀ ਪੜ੍ਹੋ
IPO ਦੀ ਸਬਸਕ੍ਰਿਪਸ਼ਨ ਦੌਰਾਨ ਬਣਿਆ ਇਤਿਹਾਸਕ ਰਿਕਾਰਡ
ਜੀਓ ਪਲੇਟਫਾਰਮਜ਼ ਦਾ ਇਹ IPO 21 ਤੋਂ 23 ਅਕਤੂਬਰ ਤੱਕ ਸਬਸਕ੍ਰਿਪਸ਼ਨ ਲਈ ਖੁੱਲ੍ਹਿਆ ਸੀ। ਕੰਪਨੀ ਨੇ ਤਿੰਨ ਦਿਨਾਂ ਦੀ ਬੋਲੀ ਪ੍ਰਕਿਰਿਆ ਦੌਰਾਨ 1,065 ਤੋਂ 1,119 ਰੁਪਏ ਦੀ ਕੀਮਤ ਦੇ ਦਾਇਰੇ ‘ਚ ਸ਼ੇਅਰ ਪੇਸ਼ ਕੀਤੇ ਸਨ। ਇਹ ਇਸ਼ੂ ਪੂਰੀ ਤਰ੍ਹਾਂ 27 ਕਰੋੜ ਨਵੇਂ ਇਕੁਇਟੀ ਸ਼ੇਅਰਾਂ ਦਾ ਸੀ। ਇਸ ‘ਚ ਕੋਈ ਵੀ ਆਫ਼ਰ ਫ਼ਾਰ ਸੇਲ (OFS) ਸ਼ਾਮਲ ਨਹੀਂ ਸੀ।
ਸਬਸਕ੍ਰਿਪਸ਼ਨ ਦੌਰਾਨ ਇਸ IPO ਨੇ ਭਾਰਤੀ ਬਾਜ਼ਾਰ ਦੇ ਕਈ ਪੁਰਾਣੇ ਰਿਕਾਰਡ ਤੋੜ ਦਿੱਤੇ। ਇਸ ਨੂੰ ਕੁੱਲ 22.19 ਗੁਣਾ ਸਬਸਕ੍ਰਾਈਬ ਕੀਤਾ ਗਿਆ। IPO ਲਈ ਲਗਭਗ 1.4 ਕਰੋੜ ਅਰਜ਼ੀਆਂ ਆਈਆਂ ਤੇ ਇਨ੍ਹਾਂ ਰਾਹੀਂ 4.9 ਲੱਖ ਕਰੋੜ ਰੁਪਏ ਤੋਂ ਵੱਧ ਦੀਆਂ ਬੋਲੀਆਂ ਲਗਾਈਆਂ ਗਈਆਂ।
ਅਰਜ਼ੀਆਂ ਦੀ ਗਿਣਤੀ ਤੋਂ ਲੈ ਕੇ ਕੁੱਲ ਬੋਲੀ ਦੀ ਰਕਮ ਤੱਕ, ਇਸ ਇਸ਼ੂ ਨੇ ਭਾਰਤੀ IPO ਬਾਜ਼ਾਰ ‘ਚ ਨਵਾਂ ਰਿਕਾਰਡ ਬਣਾਇਆ। ਇਸ ਜ਼ਬਰਦਸਤ ਮੰਗ ‘ਚ ਸੰਸਥਾਗਤ ਨਿਵੇਸ਼ਕਾਂ ਦੀ ਅਹਿਮ ਭੂਮਿਕਾ ਰਹੀ, ਜਿਨ੍ਹਾਂ ਦਾ ਹਿੱਸਾ 70.55 ਗੁਣਾ ਤੋਂ ਵੱਧ ਸਬਸਕ੍ਰਾਈਬ ਹੋਇਆ।
ਹੁਣ ਮੁਨਾਫ਼ਾ ਵਸੂਲੀਏ ਜਾਂ ਲੰਬੇ ਸਮੇਂ ਲਈ ਸ਼ੇਅਰ ਰੱਖੀਏ?
1,358 ‘ਤੇ ਸ਼ਾਨਦਾਰ ਲਿਸਟਿੰਗ ਤੋਂ ਬਾਅਦ ਨਿਵੇਸ਼ਕਾਂ ਦੇ ਮਨ ‘ਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਮੁਨਾਫ਼ਾ ਵਸੂਲ ਕਰ ਲਿਆ ਜਾਵੇ ਜਾਂ ਸ਼ੇਅਰ ਲੰਬੇ ਸਮੇਂ ਲਈ ਆਪਣੇ ਕੋਲ ਰੱਖੇ ਜਾਣ। ਇਸ ਸਬੰਧੀ Nirivantes Research ਦੇ ਸੰਸਥਾਪਕ ਵਰੁਣ ਐੱਨ. ਜੋਸ਼ੀ ਨੇ ਨਿਵੇਸ਼ਕਾਂ ਨੂੰ ਲਿਸਟਿੰਗ ਵਾਲੇ ਦਿਨ ਮੁਨਾਫ਼ਾ ਬੁੱਕ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜਿਸ ਪੱਧਰ ‘ਤੇ ਸ਼ੇਅਰ ਦੀ ਲਿਸਟਿੰਗ ਹੋਈ ਹੈ, ਉੱਥੇ ਇਸ ਦੀ ਕੀਮਤ ਕਾਫ਼ੀ ਹੱਦ ਤੱਕ ਉਚਿਤ (Fairly Valued) ਹੋ ਚੁੱਕੀ ਹੈ। ਇਸ ਲਈ ਤੁਰੰਤ ਹੋਰ ਵੱਡੀ ਤੇਜ਼ੀ ਦੀ ਸੰਭਾਵਨਾ ਸੀਮਤ ਹੋ ਸਕਦੀ ਹੈ। ਉਨ੍ਹਾਂ ਮੁਤਾਬਕ, ਨਿਵੇਸ਼ਕਾਂ ਲਈ ਇੱਕ ਵਾਰ ਮੁਨਾਫ਼ਾ ਵਸੂਲ ਕਰਨਾ ਸਮਝਦਾਰੀ ਹੋ ਸਕਦੀ ਹੈ।
ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਜੇਕਰ ਬਾਜ਼ਾਰ ‘ਚ ਉਤਰਾਅ-ਚੜ੍ਹਾਅ ਦੌਰਾਨ ਜੀਓ ਦਾ ਸ਼ੇਅਰ 1,200 ਜਾਂ 1,250 ਰੁਪਏ ਦੇ ਪੱਧਰ ‘ਤੇ ਆਉਂਦਾ ਹੈ, ਤਾਂ ਨਿਵੇਸ਼ਕ ਮੁੜ ਖਰੀਦਦਾਰੀ ਬਾਰੇ ਵਿਚਾਰ ਕਰ ਸਕਦੇ ਹਨ।
Source: TV9Hindi.com


