ਦੇਸ਼ ‘ਚ ਪਹਿਲੀ ਵਾਰ ਕੀਤਾ ਗਿਆ ਮਹੀਨਾਵਾਰ ਰੁਜ਼ਗਾਰ ਸਰਵੇਖਣ, ਸ਼ਹਿਰਾਂ ਵਿੱਚ ਮਰਦਾਂ ਅਤੇ ਔਰਤਾਂ ਦੀ ਬੇਰੁਜ਼ਗਾਰੀ ਦਰ ਵੱਧ
Unemployment rate 5.1%: ਸਰਵੇਖਣ ਮੁਤਾਬਕ ਅਪ੍ਰੈਲ, 2025 ਦੌਰਾਨ ਸਾਰੇ ਉਮਰ ਸਮੂਹਾਂ ਦੇ ਲਈ ਬੇਰੁਜ਼ਗਾਰੀ ਦਰ 5.1% ਸੀ। ਮਰਦਾਂ ਵਿੱਚ ਬੇਰੁਜ਼ਗਾਰੀ ਦਰ 5.2 ਪ੍ਰਤੀਸ਼ਤ ਸੀ, ਜਦੋਂ ਕਿ ਔਰਤਾਂ ਵਿੱਚ ਇਹ 5 ਪ੍ਰਤੀਸ਼ਤ ਸੀ।

ਮਾਸਿਕ ਆਧਾਰ ਤੇ ਸਰਵੇਖਣ ਵਿਖੇ ਦੇਸ਼ ਵਿੱਚ ਬੇਰੁਜ਼ਗਾਰੀ ਦਰ ਮਾਪੀ ਗਈ ਹੈ। ਇਸ ਸਾਲ ਅਪ੍ਰੈਲ ਵਿੱਚ 5.1% ਰਹੀ। ਇਹ ਜਾਣਕਾਰੀ ਵੀਰਵਾਰ ਨੂੰ ਜਾਰੀ ਕੀਤੇ ਗਏ ਸਰਕਾਰੀ ਅੰਕੜਿਆਂ ਵਿੱਚ ਦਿੱਤੀ ਗਈ ਹੈ। ਅੰਕੜੇ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਨੇ ਦੇਸ਼ ਵਿੱਚ ਨੌਕਰੀਆਂ ਲਈ ਯੋਗ ਲੋਕਾਂ ਅਤੇ ਬੇਰੁਜ਼ਗਾਰਾਂ ਦੇ ਅਨੁਪਾਤ ਦੀ ਅਸਲ ਸਮੇਂ ਵਿੱਚ ਨਿਗਰਾਨੀ ਕਰਨ ਦੇ ਆਪਣੇ ਯਤਨਾਂ ਦੇ ਹਿੱਸੇ ਵਜੋਂ ਪਹਿਲਾ ਮਾਸਿਕ ਪੀਰੀਅਡਿਕ ਲੇਬਰ ਫੋਰਸ ਸਰਵੇਖਣ ਜਾਰੀ ਕੀਤਾ। ਹੁਣ ਤੱਕ ਕਿਰਤ ਸ਼ਕਤੀ ਸਰਵੇਖਣ ਸਿਰਫ਼ ਤਿਮਾਹੀ ਅਤੇ ਸਾਲਾਨਾ ਆਧਾਰ ‘ਤੇ ਜਾਰੀ ਕੀਤਾ ਜਾਂਦਾ ਸੀ।
ਮੌਜੂਦਾ ਹਫਤਾਵਾਰੀ ਸਥਿਤੀ ਵਿੱਚ ਇਕੱਠੇ ਕੀਤੇ ਗਏ ਤਾਜ਼ਾ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਅਪ੍ਰੈਲ, 2025 ਦੌਰਾਨ ਸਾਰੇ ਉਮਰ ਸਮੂਹਾਂ ਦੇ ਲਈ ਬੇਰੁਜ਼ਗਾਰੀ ਦਰ 5.1 ਪ੍ਰਤੀਸ਼ਤ ਸੀ। ਮਰਦਾਂ ਵਿੱਚ ਬੇਰੁਜ਼ਗਾਰੀ ਦਰ 5.2 ਪ੍ਰਤੀਸ਼ਤ ਅਤੇ ਔਰਤਾਂ ਵਿੱਚ 5 ਪ੍ਰਤੀਸ਼ਤ ਸੀ। ਇਸ ਸਮੇਂ ਦੌਰਾਨ, ਦੇਸ਼ ਭਰ ਵਿੱਚ 15-29 ਸਾਲ ਦੀ ਉਮਰ ਸਮੂਹ ਦੇ ਲੋਕਾਂ ਵਿੱਚ ਬੇਰੁਜ਼ਗਾਰੀ ਦਰ 13.8% ਸੀ। ਸ਼ਹਿਰੀ ਇਲਾਕੀਆਂ ‘ਚ ਬੇਰੁਜ਼ਗਾਰੀ ਦਰ 17.2% ਸੀ, ਜਦੋਂ ਕਿ ਪੇਂਡੂ ਇਲਾਕੀਆਂ ‘ਚ ਇਹ 12.3% ਸੀ।
ਅਪ੍ਰੈਲ, 2025 ਦੌਰਾਨ ਦੇਸ਼ ਭਰ ਵਿੱਚ ਕੁੱਲ 7,511 ਪਹਿਲੇ ਪੜਾਅ ਦੇ ਸੈਂਪਲਿੰਗ ਯੂਨਿਟਾਂ ਦਾ ਸਰਵੇਖਣ ਕੀਤਾ ਗਿਆ ਹੈ। ਸਰਵੇਖਣ ਵਿੱਚ ਸ਼ਾਮਲ ਘਰਾਂ ਦੀ ਗਿਣਤੀ 89,434 ਸੀ (ਪੇਂਡੂ ਖੇਤਰਾਂ ਵਿੱਚ 49,323 ਅਤੇ ਸ਼ਹਿਰੀ ਖੇਤਰਾਂ ਵਿੱਚ 40,111) ਜਦੋਂ ਕਿ ਸਰਵੇਖਣ ਕੀਤੇ ਗਏ ਵਿਅਕਤੀਆਂ ਦੀ ਗਿਣਤੀ 3,80,838 ਸੀ (ਪੇਂਡੂ ਖੇਤਰਾਂ ਵਿੱਚ 2,17,483 ਅਤੇ ਸ਼ਹਿਰੀ ਖੇਤਰਾਂ ਵਿੱਚ 1,63,355)।
ਸ਼ਹਿਰਾਂ ਵਿੱਚ ਔਰਤਾਂ ਅਤੇ ਮਰਦਾਂ ਦੀ ਬੇਰੁਜ਼ਗਾਰੀ ਦਰ ਵੱਧ
ਸਰਵੇਖਣ ‘ਚ ਦੇਸ਼ ਭਰ ‘ਚ 15-29 ਸਾਲ ਦੀ ਉਮਰ ਦੀਆਂ ਔਰਤਾਂ ‘ਚ 14.4 ਪ੍ਰਤੀਸ਼ਤ ਬੇਰੁਜ਼ਗਾਰੀ ਦਰ ਸੀ, ਸ਼ਹਿਰਾਂ ਵਿੱਚ 23.7 ਪ੍ਰਤੀਸ਼ਤ ਅਤੇ ਪਿੰਡਾਂ ਵਿੱਚ 10.7 ਪ੍ਰਤੀਸ਼ਤ ਸੀ। ਦੇਸ਼ ਵਿੱਚ 15-29 ਸਾਲ ਦੀ ਉਮਰ ਦੇ ਮਰਦਾਂ ਵਿੱਚ 13.6% ਬੇਰੁਜ਼ਗਾਰੀ ਦਰ ਦਰਜ ਕੀਤੀ ਗਈ, ਜਦੋਂ ਕਿ ਸ਼ਹਿਰਾਂ ਵਿੱਚ 15% ਅਤੇ ਪਿੰਡਾਂ ਵਿੱਚ 13% ਸੀ।
ਜਾਣਕਾਰੀ ਮੁਤਾਬਕ ਅਪ੍ਰੈਲ 2025 ਦੌਰਾਨ 15 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਕਿਰਤ ਸ਼ਕਤੀ ਭਾਗੀਦਾਰੀ ਦਰ 55.6 ਪ੍ਰਤੀਸ਼ਤ ਸੀ। ਪੇਂਡੂ ਖੇਤਰਾਂ ਵਿੱਚ ਭਾਗੀਦਾਰੀ ਦਰ 58.0 ਪ੍ਰਤੀਸ਼ਤ ਸੀ, ਜਦੋਂ ਕਿ ਸ਼ਹਿਰੀ ਖੇਤਰਾਂ ਵਿੱਚ ਇਹ 50.7 ਪ੍ਰਤੀਸ਼ਤ ਸੀ। ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ 15 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਮਰਦਾਂ ਵਿੱਚ ਕਿਰਤ ਸ਼ਕਤੀ ਭਾਗੀਦਾਰੀ ਦਰ ਕ੍ਰਮਵਾਰ 79.0 ਪ੍ਰਤੀਸ਼ਤ ਅਤੇ 75.3 ਪ੍ਰਤੀਸ਼ਤ ਸੀ। ਅਪ੍ਰੈਲ 2025 ਦੌਰਾਨ ਪੇਂਡੂ ਖੇਤਰਾਂ ਵਿੱਚ 15 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਵਿੱਚ ਕਿਰਤ ਸ਼ਕਤੀ ਭਾਗੀਦਾਰੀ ਦਰ 38.2 ਪ੍ਰਤੀਸ਼ਤ ਸੀ।
ਇਹ ਵੀ ਪੜ੍ਹੋ