ਹਿੰਡਨਬਰਗ ਨੂੰ ਕਰਾਰਾ ਜਵਾਬ ਦੇਣਗੇ ਅਡਾਨੀ, ਹਾਇਰ ਕੀਤਾ ਅਮਰੀਕਾ ਦਾ ਪਾਵਰਹਾਊਸ !
ਹਿੰਡਨਬਰਗ ਰਿਸਰਚ ਰਿਪੋਰਟ ਤੋਂ ਬਾਅਦ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ ਦਾ ਕਾਰਪੋਰੇਟ ਸਾਮਰਾਜ ਬੁਰੀ ਤਰ੍ਹਾਂ ਉਲਝ ਗਿਆ ਹੈ। ਅਡਾਨੀ ਗਰੁੱਪ ਦੀ ਅਡਾਨੀ ਟੋਟਲ ਗੈਸ, ਅਡਾਨੀ ਇੰਟਰਪ੍ਰਾਈਜਿਜ਼, ਅਡਾਨੀ ਟਰਾਂਸਮਿਸ਼ਨ ਅਤੇ ਅਡਾਨੀ ਪੋਰਟ ਐਂਡ ਐਸਈਜੈਜ ਸਮੇਤ ਅਡਾਨੀ ਸਮੂਹ ਦੀਆਂ 10 ਕੰਪਨੀਆਂ ਦੇ ਕੁੱਲ ਮਾਰਕੀਟ ਕੈਪ ਵਿੱਚ 117 ਬਿਲੀਅਨ ਡਾਲਰ ਦੀ ਗਿਰਾਵਟ ਆਈ ਹੈ।
ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀਆਂ ਵਿੱਚੋਂ ਇੱਕ ਗੌਤਮ ਅਡਾਨੀ ਹਿੰਡਨਬਰਗ ਨੂੰ ਕਰਾਰਾ ਜਵਾਬ ਦੇਣ ਦੀ ਤਿਆਰੀ ਕਰ ਰਹੇ ਹਨ। ਇਸ ਦੇ ਲਈ ਉਹ ਪੂਰੀ ਤਿਆਰੀ ਨਾਲ ਅੱਗੇ ਆਉਣ ਦੀ ਯੋਜਨਾ ਬਣਾ ਰਹੇ ਹਨ। ਈਟੀ ਦੀ ਰਿਪੋਰਟ ਮੁਤਾਬਕ ਗੌਤਮ ਅਡਾਨੀ ਦੀ ਕੰਪਨੀ ਨੇ ਅਮਰੀਕਾ ਦੀ ਸਭ ਤੋਂ ਵੱਡੀ ਲਾਅ ਫਰਮਾਂ ‘ਚੋਂ ਇਕ ਵਾਚਟੇਲ, ਲਿਪਟਨ, ਰੋਸੇਨ ਐਂਡ ਕਾਟਸ ਨੂੰ ਹਾਇਰ ਕੀਤਾ ਹੈ। ਅਮਰੀਕਾ ਸਥਿਤ ਸ਼ਾਰਟ ਸੇਲਰ ਫਰਮ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਸੰਕਟ ‘ਚੋਂ ਗੁਜਰ ਰਿਹਾ ਹੈ। ਹਿੰਡਨਬਰਗ ਨੇ ਆਪਣੀ ਰਿਪੋਰਟ ‘ਚ ਅਡਾਨੀ ਗਰੁੱਪ ‘ਤੇ ਕਾਰਪੋਰੇਟ ਫਰਾਡ ‘ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਹਾਲਾਂਕਿ, ਈਟੀ ਦੁਆਰਾ ਇਸ ਰਿਪੋਰਟ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।
ਰਿਪੋਰਟ ਕਾਰਨ ਅਦਾਨੀ ਨੂੰ ਹੋਇਆ ਵੱਡਾ ਨੁਕਸਾਨ
ਹਿੰਡਨਬਰਗ ਰਿਸਰਚ ਰਿਪੋਰਟ ਤੋਂ ਬਾਅਦ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ ਦਾ ਕਾਰਪੋਰੇਟ ਸਾਮਰਾਜ ਬੁਰੀ ਤਰ੍ਹਾਂ ਉਲਝ ਗਿਆ ਹੈ। ਅਡਾਨੀ ਸਮੂਹ ਦੀਆਂ ਅਡਾਨੀ ਟੋਟਲ ਗੈਸ, ਅਡਾਨੀ ਇੰਟਰਪ੍ਰਾਈਜਿਜ਼, ਅਡਾਨੀ ਟਰਾਂਸਮਿਸ਼ਨ ਅਤੇ ਅਡਾਨੀ ਪੋਰਟ ਐਂਡ ਐਸਈਜੈਡ ਸਮੇਤ 10 ਕੰਪਨੀਆਂ ਦੇ ਕੁੱਲ ਮਾਰਕੀਟ ਕੈਪ ਵਿੱਚ 17 ਬਿਲੀਅਨ ਦੀ ਗਿਰਾਵਟ ਆਈ ਹੈ। ਜਿਸ ਕਾਰਨ ਗੌਤਮ ਅਡਾਨੀ ਨੂੰ ਕਰਜ਼ੇ ਲਈ ਆਪਣੇ ਸ਼ੇਅਰ ਗਿਰਵੀ ਰੱਖਣ ਲਈ ਮਜਬੂਰ ਹੋਣਾ ਪਿਆ। ਹਿੰਡਨਬਰਗ ਰਿਸਰਚ ਨੇ ਦੋਸ਼ ਲਾਇਆ ਕਿ ਟੈਕਸ ਹੈਵਨ ਵਿੱਚ ਅਡਾਨੀ-ਪਰਿਵਾਰ ਦੁਆਰਾ ਨਿਯੰਤਰਿਤ ਆਫਸ਼ੋਰ ਸ਼ੈੱਲ ਕੰਪਨੀਆਂ ਦੀ ਵਰਤੋਂ ਮਨੀ ਲਾਂਡਰਿੰਗ ਅਤੇ ਟੈਕਸ ਚੋਰੀ ਲਈ ਕੀਤੀ ਗਈ ਸੀ। ਜਿਸ ਦੇ ਜਵਾਬ ‘ਚ ਅਡਾਨੀ ਸਮੂਹ ਨੇ ਰਿਪੋਰਟ ਨੂੰ ‘ਫਰਜ਼ੀ’ ਦੱਸਿਆ ਹੈ ਅਤੇ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਹੈ। ਅਡਾਨੀ ਨੇ ਪਿਛਲੇ ਹਫ਼ਤੇ ਇੱਕ ਵੀਡੀਓ ਭਾਸ਼ਣ ਵਿੱਚ ਕਿਹਾ ਸੀ ਕਿ ਸਮੂਹ ਦੀ ਬੈਲੇਂਸ ਸ਼ੀਟ ਹੈਲਦੀ ਹੈ।
ਕਾਨੂੰਨੀ ਕਾਰਵਾਈ ਦੀ ਦਿੱਤੀ ਸੀ ਧਮਕੀ
ਅਡਾਨੀ ਸਮੂਹ ਨੇ ਕਿਹਾ ਸੀ ਕਿ ਉਹ ਸ਼ੇਅਰ ਬਾਜਾਰ ਚ ਹੇਰਫੇਰ ਅਤੇ ਅਕਾਉਂਟਿੰਗ ਫਰਾਡ ਦੇ ਦੋਸ਼ਾਂ ਲਈ ਹਿੰਡਨਬਰਗ ਰਿਸਰਚ ਦੇ ਖਿਲਾਫ ਕਾਨੂੰਨੀ ਕਾਰਵਾਈ ‘ਤੇ ਵਿਚਾਰ ਕਰ ਰਿਹਾ ਹੈ, ਜਿਸ ਕਾਰਨ ਨਿਵੇਸ਼ਕਾਂ ਨੇ ਉਨ੍ਹਾਂ ਦੇ ਸ਼ੇਅਰਾਂ ਨੂੰ ਡੰਪ ਕਰ ਦਿੱਤਾ ਹੈ। ਹਿੰਡਨਬਰਗ ਰਿਸਰਚ ਨੇ ਇੱਕ ਖੰਡਨ ਵਿੱਚ ਕਿਹਾ ਕਿ ਉਹ ਅਡਾਨੀ ਸਮੂਹ ਦੁਆਰਾ ਕਾਨੂੰਨੀ ਕਾਰਵਾਈ ਦਾ ਸਵਾਗਤ ਕਰੇਗਾ। ਬਿਆਨ ‘ਚ ਕਿਹਾ ਗਿਆ ਹੈ ਕਿ ਅਸੀਂ ਪੂਰੀ ਤਰ੍ਹਾਂ ਆਪਣੀ ਰਿਪੋਰਟ ‘ਤੇ ਕਾਇਮ ਹਾਂ ਅਤੇ ਮੰਨਦੇ ਹਾਂ ਕਿ ਸਾਡੇ ਖਿਲਾਫ ਕੀਤੀ ਗਈ ਕੋਈ ਵੀ ਕਾਨੂੰਨੀ ਕਾਰਵਾਈ ਬੇਕਾਰ ਹੋਵੇਗੀ।
ਅਡਾਨੀ ‘ਤੇ ਚਾਰੇ ਪਾਸਿਓਂ ਦਬਾਅ
ਰਾਇਟਰਸ ਦੇ ਅਨੁਸਾਰ, 2022 ਵਿੱਚ ਟਵਿੱਟਰ ਇੰਕ ਦੁਆਰਾ ਇਸੇ ਯੂਐਸ ਅਧਾਰਤ ਲਾਅ ਫਰਮ ਨੂੰ ਹਾਇਰ ਕੀਤਾ ਗਿਆ ਸੀ, ਜਦੋਂ ਐਲੋਨ ਮਸਕ ਨੇ ਟਵਿੱਟਰ ਡੀਲ ਨੂੰ ਪੂਰਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਇਸ ਲਾਅ ਫਰਮ ਦੀ ਮਦਦ ਨਾਲ ਟਵਿੱਟਰ ਨੇ ਅਦਾਲਤ ‘ਚ ਜਾ ਕੇ ਸੌਦਾ ਪੂਰਾ ਕਰਵਾਇਆ ਸੀ। ਇਹ ਸੌਦਾ ਲਗਭਗ 44 ਬਿਲੀਅਨ ਡਾਲਰ ਦਾ ਸੀ। ਦੂਜੇ ਪਾਸੇ ਅਡਾਨੀ ਗਰੁੱਪ ‘ਤੇ ਦਬਾਅ ਵਧਾਉਂਦੇ ਹੋਏ ਨਾਰਵੇ ਦੇ 1.4 ਟ੍ਰਿਲੀਅਨ ਡਾਲਰ ਦੇ ਸੌਵਰੇਨ ਵੈਲਥ ਫੰਡ ਨੇ ਵੀਰਵਾਰ ਨੂੰ ਸਬੰਧਤ ਕੰਪਨੀਆਂ ‘ਚ ਆਪਣੀ ਬਾਕੀ ਹਿੱਸੇਦਾਰੀ ਵੀ ਵੇਚ ਦਿੱਤੀ ਹੈ। ਉੱਧਰ ਐਲਆਈਸੀ ਵੀ ਜਲਦੀ ਹੀ ਗਰੁੱਪ ਦੇ ਪ੍ਰਬੰਧਕਾਂ ਨਾਲ ਗੱਲ ਕਰਨ ਦੀ ਗੱਲ ਕਰ ਰਹੀ ਹੈ।