2000 ਰੁਪਏ ਦੇ ਨੋਟ ਬਦਲਣ ਦਾ ਅੱਜ ਆਖਰੀ ਮੌਕਾ ਹੈ। ਜੇਕਰ ਤੁਹਾਡੇ ਕੋਲ ਵੀ 2000 ਰੁਪਏ ਦੇ ਨੋਟ ਕਿਤੇ ਰੱਖੇ ਹੋਏ ਹਨ, ਤਾਂ ਅੱਜ ਹੀ ਸਮਾਂ ਕੱਢ ਕੇ ਬਦਲਵਾ ਲਓ। ਦਰਅਸਲ, ਆਰਬੀਆਈ ਦੇ ਅੰਕੜਿਆਂ ਦੇ ਮੁਤਾਬਕ, 24,000 ਕਰੋੜ ਰੁਪਏ ਦੇ 2000 ਰੁਪਏ ਦੇ ਨੋਟ ਅਜੇ ਵੀ ਬੈਂਕਿੰਗ ਪ੍ਰਣਾਲੀ ਵਿੱਚ ਵਾਪਸ ਨਹੀਂ ਆਏ ਹਨ। ਇਹ ਨੋਟ ਅਜੇ ਵੀ ਬਾਜ਼ਾਰ ਵਿੱਚ ਹਨ। ਅਜਿਹੇ ‘ਚ ਲੋਕਾਂ ਦੇ ਮਨ ‘ਚ ਸਵਾਲ ਇਹ ਵੀ ਹੈ ਕਿ ਕੀ ਆਰਬੀਆਈ ਇਨ੍ਹਾਂ ਨੋਟਾਂ ਨੂੰ ਬੈਂਕ ‘ਚ ਵਾਪਿਸ ਲਿਆਉਣ ਲਈ ਨੋਟ ਬਦਲਣ ਦੀ ਸਮਾਂ ਸੀਮਾ ਵਧਾਏਗਾ? ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਕੀ 2000 ਰੁਪਏ ਦੇ ਨੋਟਾਂ ਨੂੰ ਬਦਲਣ ਦੀ ਸਮਾਂ ਸੀਮਾ ਵਧਾਈ ਜਾਵੇਗੀ।
ਕੀ ਸਮਾਂ ਸੀਮਾ ਵਧਾਈ ਜਾਵੇਗੀ?
ਮਨੀ ਕੰਟਰੋਲ ਦੀ ਰਿਪੋਰਟ ਦੇ ਮੁਤਾਬਕ, ਆਰਬੀਆਈ 2000 ਰੁਪਏ ਦੇ ਨੋਟਾਂ ਨੂੰ ਬਦਲਣ ਦੀ ਸਮਾਂ ਸੀਮਾ 31 ਅਕਤੂਬਰ ਤੱਕ ਵਧਾ ਸਕਦਾ ਹੈ। ਇਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਆਰਬੀਆਈ 24,000 ਕਰੋੜ ਰੁਪਏ ਦੇ 2000 ਰੁਪਏ ਦੇ ਬਾਕੀ ਨੋਟਾਂ ਨੂੰ ਬੈਂਕਿੰਗ ਪ੍ਰਣਾਲੀ ‘ਚ ਵਾਪਸ ਮੰਗਵਾਉਣ ਦੀ ਸਮਾਂ ਸੀਮਾ ਵਧਾਉਣ ‘ਤੇ ਵਿਚਾਰ ਕਰ ਰਿਹਾ ਹੈ। ਹਾਲਾਂਕਿ ਇਸ ਮਾਮਲੇ ‘ਚ ਅਜੇ ਤੱਕ ਆਰਬੀਆਈ ਤੋਂ ਕੋਈ ਠੋਸ ਜਾਣਕਾਰੀ ਨਹੀਂ ਆਈ ਹੈ।
ਇਸ ਲਈ ਸਮਾਂ ਸੀਮਾ ਵਧ ਸਕਦੀ ਹੈ
ਮੀਡੀਆ ਰਿਪੋਰਟ ਮੁਤਾਬਕ ਇਸ ਮਾਮਲੇ ‘ਤੇ ਗੱਲ ਕਰਦੇ ਹੋਏ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਮਾਂ ਸੀਮਾ ਵਧਾਉਣ ਦੇ ਪਿੱਛੇ ਕਈ ਕਾਰਨ ਹਨ। ਅਜਿਹੇ ‘ਚ RBI ਇਸ ਨੂੰ ਇਕ ਵਾਰ ਵਧਾਉਣ ‘ਤੇ ਵਿਚਾਰ ਕਰ ਸਕਦਾ ਹੈ। ਸਮਾਂ ਸੀਮਾ ਵਧਾਉਣ ਪਿੱਛੇ ਇੱਕ ਵੱਡਾ ਕਾਰਨ ਇਹ ਹੈ ਕਿ ਬਹੁਤ ਸਾਰੇ ਭਾਰਤੀ ਵਿਦੇਸ਼ਾਂ ਵਿੱਚ ਰਹਿੰਦੇ ਹਨ। ਅਜਿਹੇ ‘ਚ ਇਨ੍ਹਾਂ ਪਰਵਾਸੀ ਭਾਰਤੀਆਂ ਨੂੰ ਇਹ ਨੋਟ ਬੈਂਕਾਂ ‘ਚ ਜਮ੍ਹਾ ਕਰਵਾਉਣ ਲਈ ਇਕ ਮਹੀਨੇ ਦਾ ਹੋਰ ਸਮਾਂ ਮਿਲੇਗਾ।
ਹੁਣ ਤੱਕ 3.32 ਲੱਖ ਕਰੋੜ ਰੁਪਏ ਵਾਪਸ ਆ ਚੁੱਕੇ ਹਨ
ਆਰਬੀਆਈ ਨੇ 19 ਮਈ, 2023 ਨੂੰ 2000 ਰੁਪਏ ਦੇ ਨੋਟਾਂ ਦਾ ਪ੍ਰਚਲਨ ਰੋਕਣ ਅਤੇ ਉਨ੍ਹਾਂ ਨੂੰ ਬੈਂਕਾਂ ਵਿੱਚ ਵਾਪਸ ਲਿਆਉਣ ਦਾ ਐਲਾਨ ਕੀਤਾ ਸੀ। ਕੇਂਦਰੀ ਬੈਂਕ ਮੁਤਾਬਕ 31 ਮਾਰਚ 2023 ਤੱਕ 2000 ਰੁਪਏ ਦੇ ਕੁੱਲ 3.62 ਲੱਖ ਕਰੋੜ ਰੁਪਏ ਦੇ ਨੋਟ ਪ੍ਰਚਲਨ ਵਿੱਚ ਸਨ, ਜੋ 19 ਮਈ ਤੱਕ ਘਟ ਕੇ 3.56 ਲੱਖ ਕਰੋੜ ਰੁਪਏ ਰਹਿ ਗਏ ਸਨ। 1 ਸਤੰਬਰ, 2023 ਨੂੰ ਹਾਲ ਹੀ ਵਿੱਚ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਕੁੱਲ 3.32 ਲੱਖ ਕਰੋੜ ਰੁਪਏ ਮੁੱਲ ਦੇ 2000 ਰੁਪਏ ਦੇ ਨੋਟ ਬੈਂਕਿੰਗ ਪ੍ਰਣਾਲੀ ਵਿੱਚ ਵਾਪਸ ਆ ਗਏ ਸਨ। ਅਜਿਹੇ ‘ਚ ਸਤੰਬਰ ਦੀ ਸ਼ੁਰੂਆਤ ਤੱਕ 2000 ਰੁਪਏ ਦੇ ਕੁੱਲ 93 ਫੀਸਦੀ ਨੋਟ ਬੈਂਕਿੰਗ ਸਿਸਟਮ ‘ਚ ਆ ਚੁੱਕੇ ਹਨ। ਇਸ ਤੋਂ ਬਾਅਦ ਵੀ ਕਰੀਬ 24,000 ਕਰੋੜ ਰੁਪਏ ਦੇ ਨੋਟ ਅਜੇ ਵੀ ਬਾਜ਼ਾਰ ਵਿੱਚ ਹਨ।
RBI 100 ਫੀਸਦੀ ਨੋਟ ਵਾਪਸ ਚਾਹੁੰਦਾ ਹੈ
ਮਾਹਰਾਂ ਦੇ ਮੁਤਾਬਕ ਆਰਬੀਆਈ 2000 ਰੁਪਏ ਦੇ ਸਾਰੇ ਨੋਟਾਂ ਦਾ 100 ਫੀਸਦ ਬੈਂਕਿੰਗ ਪ੍ਰਣਾਲੀ ਵਿੱਚ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਲਈ ਬੈਂਕ 2000 ਰੁਪਏ ਦੇ ਨੋਟ ਕਢਵਾਉਣ ਦੀ ਸਮਾਂ ਸੀਮਾ ਵਧਾ ਸਕਦਾ ਹੈ। ਤੁਸੀਂ ਆਪਣੇ ਨਜ਼ਦੀਕੀ ਬੈਂਕ ਜਾਂ ਡਾਕਘਰ ਜਾ ਕੇ ਇਹ ਨੋਟ ਬਦਲਵਾ ਸਕਦੇ ਹੋ।