300 ਰੁਪਏ ਕਮਿਸ਼ਨ ‘ਤੇ ਬਦਲੇ ਜਾ ਰਹੇ 2000 ਦੇ ਨੋਟ!, ਮੀਡੀਆ ਰਿਪੋਰਟਸ ਤੋਂ ਬਾਅਦ ਜਾਂਚ ਸ਼ੁਰੂ
ਬੁੱਧਵਾਰ ਨੂੰ ਭਾਰਤੀ ਰਿਜ਼ਰਵ ਬੈਂਕ ਨੇ ਦੱਸਿਆ ਸੀ ਕਿ 2000 ਰੁਪਏ ਦੇ 97 ਫੀਸਦੀ ਨੋਟ ਬੈਂਕਾਂ ਨੂੰ ਵਾਪਸ ਕਰ ਦਿੱਤੇ ਗਏ ਹਨ। ਇਸ ਦੌਰਾਨ ਇੱਕ ਖ਼ਬਰ ਨੇ ਨਾ ਸਿਰਫ ਆਰਬੀਆਈ ਸਗੋਂ ਜਾਂਚ ਏਜੰਸੀਆਂ ਨੂੰ ਵੀ ਹੈਰਾਨ ਕਰ ਦਿੱਤਾ। ਦਰਅਸਲ, ਓਡੀਸ਼ਾ ਵਿੱਚ 2000 ਰੁਪਏ ਦੇ ਨੋਟ ਬਦਲਣ ਲਈ ਆਰਬੀਆਈ ਦੇ ਕਾਊਂਟਰਾਂ ਦੇ ਬਾਹਰ ਭੀੜ ਇਕੱਠੀ ਹੋ ਰਹੀ ਹੈ। ਭਾਰਤੀ ਰਿਜ਼ਰਵ ਬੈਂਕ ਦੇ ਕਾਊਂਟਰ 'ਤੇ 2,000 ਰੁਪਏ ਦੇ ਨੋਟ ਬਦਲਣ ਲਈ ਲਾਈਨ ਵਿੱਚ ਖੜ੍ਹੇ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ
2000 ਰੁਪਏ ਦੇ ਨੋਟ ਬਦਲਣ ਦੀ ਸਮਾਂ ਸੀਮਾ 7 ਅਕਤੂਬਰ ਨੂੰ ਖਤਮ ਹੋ ਗਈ ਹੈ। ਪਰ ਦੇਸ਼ ਵਿੱਚ ਅਜੇ ਵੀ ਇੱਕ ਅਜਿਹਾ ਰਾਜ ਹੈ ਜਿੱਥੇ 2000 ਰੁਪਏ ਦੇ ਨੋਟ ਬਦਲਣ ਲਈ ਭਾਰਤੀ ਰਿਜ਼ਰਵ ਬੈਂਕ (RBI) ਦੇ ਕਾਊਂਟਰਾਂ ‘ਤੇ ਭੀੜ ਹੈ। ਹੋਰ ਤਾਂ ਹੋਰ ਕਿਹਾ ਇਹ ਵੀ ਜਾ ਰਿਹਾ ਹੈ ਕਿ ਲੋਕਾਂ ਨੂੰ 2000 ਰੁਪਏ ਦੇ ਨੋਟ ਬਦਲਣ ਲਈ ਲਾਈਨ ਵਿੱਚ ਲੱਗਣ ਲਈ 300 ਰੁਪਏ ਦਿੱਤੇ ਜਾ ਰਹੇ ਹਨ।ਮਾਮਲੇ ਬਾਰੇ ਸ਼ੱਕ ਹੋਣ ‘ਤੇ ਉੜੀਸਾ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (ਈਓਡਬਲਯੂ) ਨੇ ਭਾਰਤੀ ਰਿਜ਼ਰਵ ਬੈਂਕ ਦੇ ਕਾਊਂਟਰ ‘ਤੇ 2,000 ਰੁਪਏ ਦੇ ਨੋਟ ਬਦਲਣ ਲਈ ਲਾਈਨ ਵਿੱਚ ਖੜ੍ਹੇ ਲੋਕਾਂ ਤੋਂ ਪੁੱਛਗਿੱਛ ਕੀਤੀ ਅਤੇ ਇਹ ਜਾਣਨਾ ਚਾਹਿਆ ਕਿ ਕੀ ਉਹ ਹੋਰ ਲੋਕਾਂ ਦੇ ਏਜੰਟ ਵਜੋਂ ਕੰਮ ਕਰ ਰਹੇ ਹਨ।
ਦਰਅਸਲ ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਕੁਝ ਲੋਕਾਂ ਨੂੰ 2,000 ਰੁਪਏ ਦੇ ਨੋਟ ਬਦਲਵਾਉਣ ਲਈ ਪੈਸੇ ਦਿੱਤੇ ਜਾ ਰਹੇ ਹਨ। EOW ਟੀਮ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਜਾਂਚ ਲਈ ਉਹ RBI ਦਫ਼ਤਰ ਪਹੁੰਚੀ। ਇਨ੍ਹਾਂ ਮੀਡੀਆ ਰਿਪੋਰਟਾਂ ‘ਚ ਕਿਹਾ ਗਿਆ ਸੀ ਕਿ ਆਰਬੀਆਈ ਕਾਊਂਟਰ ‘ਤੇ 20,000 ਰੁਪਏ ਤੱਕ ਦੇ ਨੋਟ ਬਦਲਵਾਉਣ ਲਈ 300 ਰੁਪਏ ਦਿੱਤੇ ਜਾ ਰਹੇ ਹਨ।
ਈਓਡਬਲਯੂ ਅਧਿਕਾਰੀ ਦੇ ਅਨੁਸਾਰ ਮੀਡੀਆ ਵਿੱਚ ਅਜਿਹੀਆਂ ਖਬਰਾਂ ਆਈਆਂ ਸਨ ਕਿ ਕੁਝ ਲੋਕਾਂ ਨੇ ਆਰਬੀਆਈ ਦੇ ਕਾਊਂਟਰ ‘ਤੇ ਜਾ ਕੇ 2,000 ਰੁਪਏ ਦੇ ਨੋਟ ਬਦਲਵਾਉਣ ਦਾ ਕੰਮ ਕਰ ਰਹੇ ਹਨ। ਜਦੋਂ ਇਹ ਮਾਮਲਾ ਸ਼ੱਕੀ ਹੋ ਗਿਆ ਤਾਂ ਅਧਿਕਾਰੀਆਂ ਨੇ ਨੋਟ ਬਦਲਣ ਲਈ ਲਾਈਨਾਂ ਵਿੱਚ ਖੜ੍ਹੇ ਲੋਕਾਂ ਦੇ ਆਧਾਰ ਕਾਰਡਾਂ ਦੀ ਪੜਤਾਲ ਕੀਤੀ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਲਈ।
ਸ਼ੱਕ ਵਧਣ ‘ਤੇ ਜਾਂਚ ਸ਼ੁਰੂ
ਪੂਰੇ ਮਾਮਲੇ ‘ਚ ਸ਼ੱਕ ਵਧਦਾ ਦੇਖ ਕੇ ਅਧਿਕਾਰੀਆਂ ਨੇ ਸੋਚਿਆ ਕਿ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਲਾਈਨ ‘ਚ ਖੜ੍ਹੇ ਜ਼ਿਆਦਾਤਰ ਲੋਕਾਂ ਕੋਲ 2000 ਰੁਪਏ ਦੇ ਠੀਕ ਦਸ ਨੋਟ ਹੋਣ? ਅਧਿਕਾਰੀ ਇਹ ਜਾਨਣ ਦੀ ਕੋਸ਼ੀਸ਼ ਕਰ ਰਹੇ ਹਨ ਕਿ ਲਾਈਨ ‘ਚ ਖੜ੍ਹੇ ਲੋਕ ਆਪਣੇ ਹੀ ਨੋਟ ਬਦਲਵਾ ਰਹੇ ਹਨ ਜਾਂ ਕਿਸੇ ਹੋਰ ਦੀ ਤਰਫੋਂ ਨੋਟ ਬਦਲਵਾ ਰਹੇ ਹਨ। ਲੋਕਾਂ ਤੋਂ ਪੁੱਛਗਿੱਛ ਕਰਨ ਤੋਂ ਇਲਾਵਾ, EOW ਅਧਿਕਾਰੀਆਂ ਨੇ RBI ਦੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਹੈ।
ਆਰਬੀਆਈ ਨੇ ਕੀ ਕਿਹਾ ?
ਇਸ ਦੌਰਾਨ ਆਰਬੀਆਈ ਦੇ ਖੇਤਰੀ ਨਿਰਦੇਸ਼ਕ ਐਸਪੀ ਮੋਹੰਤੀ ਨੇ ਕਿਹਾ ਕਿ ਕੋਈ ਵੀ EOW ਅਧਿਕਾਰੀ ਮੈਨੂੰ ਨਹੀਂ ਮਿਲਿਆ। ਇਹ ਹੋ ਸਕਦਾ ਹੈ ਕਿ ਉਹ ਲਾਈਨ ‘ਚ ਲੱਗੇ ਲੋਕਾਂ ਤੋਂ ਜਾਣਕਾਰੀ ਲੈ ਰਹੇ ਹੋਣ। ਜੇਕਰ ਕੋਈ ਜਾਂਚ ਏਜੰਸੀ ਕਿਸੇ ਵੀ ਤਰ੍ਹਾਂ ਦਾ ਸਪੱਸ਼ਟੀਕਰਨ ਚਾਹੁੰਦੀ ਹੈ ਤਾਂ ਅਸੀਂ ਪੂਰਾ ਸਹਿਯੋਗ ਦੇਵਾਂਗੇ। ਇਹ ਪੁੱਛੇ ਜਾਣ ‘ਤੇ ਕਿ ਲੋਕ ਕਾਊਂਟਰ ਦੀ ਬਜਾਏ ਆਪਣੇ ਬੈਂਕ ਖਾਤਿਆਂ ‘ਚ 2000 ਰੁਪਏ ਕਿਉਂ ਨਹੀਂ ਜਮ੍ਹਾ ਕਰਵਾ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਇਹ ਦੋਵੇਂ ਸੁਵਿਧਾਵਾਂ ਉਪਲਬਧ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਹਰ ਰੋਜ਼ 2 ਕਰੋੜ ਰੁਪਏ ਦੇ 2,000 ਰੁਪਏ ਦੇ ਨੋਟ ਮਿਲ ਰਹੇ ਹਨ, ਜਿਨ੍ਹਾਂ ‘ਚੋਂ 95 ਫੀਸਦੀ ਬਦਲੇ ਜਾ ਰਹੇ ਹਨ ਅਤੇ ਸਿਰਫ ਪੰਜ ਫੀਸਦੀ ਹੀ ਬੈਂਕ ਖਾਤਿਆਂ ‘ਚ ਜਮ੍ਹਾ ਹੋ ਰਹੇ ਹਨ।