ਕੀ ਖਤਮ ਹੋਵੇਗੀ EV ਦੀ ਸਭ ਤੋਂ ਵੱਡੀ ਟੈਂਸ਼ਨ? 3 ਮਿੰਟ ‘ਚ ਚਾਰਜ ਹੋਵੇਗੀ ਇਲੈਕਟ੍ਰਿਕ ਕਾਰ, ਚੀਨ ਵਿੱਚ ਬਣੀ ਗੇਮਚੇਂਜਰ ਤਕਨਾਲੋਜੀ
EV battery swapping: ਦੁਨੀਆ ਭਰ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਮੰਗ ਵੱਧ ਰਹੀ ਹੈ। ਇਸ ਖੇਤਰ ਵਿੱਚ ਹਰ ਰੋਜ਼ ਨਵੀਆਂ-ਨਵੀਆਂ ਇਨੋਵੇਸ਼ਨ ਵੀ ਹੋ ਰਹੀਆਂ ਹਨ। ਪੂਰੀ ਕੋਸ਼ਿਸ਼ ਇਲੈਕਟ੍ਰਿਕ ਵਾਹਨਾਂ ਨੂੰ ਪ੍ਰਸਿੱਧ ਬਣਾਉਣ ਦੀ ਹੈ। ਇਸੀ ਕੜੀ ਵਿੱਚ ਇੱਕ ਭਾਰਤੀ ਸਟਾਰਟਅਪ ਨੇ ਇੱਕ ਅਜਿਹੀ ਕਾਰ ਬਣਾਈ ਹੈ ਜੋ ਸਿਰਫ਼ 3 ਮਿੰਟ ਤੋਂ ਘੱਟ ਸਮੇਂ ਵਿੱਚ ਫੁੱਲ ਚਾਰਜ ਹੋ ਸਕਦੀ ਹੈ। ਇਹ ਉਹ ਤਕਨਾਲੋਜੀ ਹੈ ਜਿਸਨੇ ਚੀਨ ਅਤੇ ਯੂਰਪ ਵਿੱਚ ਈਵੀ ਕ੍ਰਾਂਤੀ ਲਿਆਉਣ ਵਿੱਚ ਕਾਫੀ ਮਦਦ ਕੀਤੀ ਹੈ।
ਬਲਿੰਕ ਮੋਬਿਲਿਟੀ ਇਲੈਕਟ੍ਰਿਕ ਕਾਰ
ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ (EV) ਦੀ ਲੋਕਪ੍ਰਿਯਤਾ ਤੇਜ਼ੀ ਨਾਲ ਵੱਧ ਰਹੀ ਹੈ, ਪਰ ਹਜੇ ਵੀ ਕਈ ਲੋਕ ਲੰਬੇ ਚਾਰਜਿੰਗ ਸਮੇਂ ਕਰਕੇ EV ਖਰੀਦਣ ਤੋਂ ਹਿਚਕਿਚਾਉਂਦੇ ਹਨ। ਹਾਲਾਂਕਿ, ਇਹ ਸਮੱਸਿਆ ਹੁਣ ਬਹੁਤ ਜਲਦ ਖਤਮ ਹੋ ਸਕਦੀ ਹੈ। ਗੁਰੂਗ੍ਰਾਮ ਦੀ EV ਸਟਾਰਟਅਪ ਕੰਪਨੀ ਬਲਿੰਕ ਮੋਬਿਲਿਟੀ ਇਸ ਵੱਡੀ ਸਮੱਸਿਆ ਦਾ ਹੱਲ ਲੈ ਕੇ ਆ ਰਹੀ ਹੈ।
ਕੰਪਨੀ ਇੱਕ ਅਜਿਹੀ ਇਲੈਕਟ੍ਰਿਕ ਕਾਰ ਤੇ ਕੰਮ ਕਰ ਰਹੀ ਹੈ ਜੋ ਭਾਰਤ ਦੀ ਸਭ ਤੋਂ ਸਸਤੀ EV ਵਿੱਚੋਂ ਇੱਕ ਹੋ ਸਕਦੀ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਕਾਰ ਨੂੰ 250 ਕਿਲੋਮੀਟਰ ਤੋਂ ਵੱਧ ਦੀ ਡ੍ਰਾਈਵਿੰਗ ਰੇਂਜ ਦੇਣ ਲਈ ਘੰਟਿਆਂ ਤੱਕ ਚਾਰਜ ਕਰਨ ਦੀ ਲੋੜ ਨਹੀਂ ਹੋਵੇਗੀ। ਕੰਪਨੀ ਦਾ ਦਾਅਵਾ ਹੈ ਕਿ ਸਿਰਫ਼ 2 ਮਿੰਟ 48 ਸਕਿੰਟ ਵਿੱਚ ਬੈਟਰੀ ਬਦਲ ਕੇ ਕਾਰ ਨੂੰ ਮੁੜ ਚਲਾਉਣ ਲਈ ਤਿਆਰ ਕੀਤਾ ਜਾ ਸਕਦਾ ਹੈ।
ਚਾਰਜਿੰਗ ਨਹੀਂ, ਬੈਟਰੀ ਸਵੈਪਿੰਗ ਹੋਵੇਗੀ ਹੱਲ
ਆਮ ਤੌਰ ਤੇ ਇਲੈਕਟ੍ਰਿਕ ਕਾਰਾਂ ਨੂੰ ਚਾਰਜ ਕਰਨ ਵਿੱਚ 30 ਮਿੰਟ ਤੋਂ ਲੈ ਕੇ ਕਈ ਘੰਟਿਆਂ ਤੱਕ ਦਾ ਸਮਾਂ ਲੱਗ ਸਕਦਾ ਹੈ। ਪਰ ਬਲਿੰਕ ਮੋਬਿਲਿਟੀ ਨੇ ਇੱਕ ਵੱਖਰਾ ਰਸਤਾ ਚੁਣਿਆ ਹੈ। ਇਸ ਤਕਨਾਲੋਜੀ ਵਿੱਚ ਕਾਰ ਦੀ ਖਾਲੀ ਹੋ ਚੁੱਕੀ ਬੈਟਰੀ ਨੂੰ ਕੱਢ ਕੇ ਉਸ ਦੀ ਥਾਂ ਪਹਿਲਾਂ ਤੋਂ ਪੂਰੀ ਤਰ੍ਹਾਂ ਚਾਰਜ ਕੀਤੀ ਬੈਟਰੀ ਲਗਾ ਦਿੱਤੀ ਜਾਂਦੀ ਹੈ। ਯਾਨੀ ਤੁਹਾਨੂੰ ਚਾਰਜ ਹੋਣ ਦੀ ਉਡੀਕ ਨਹੀਂ ਕਰਨੀ ਪਵੇਗੀ। ਕੁਝ ਹੀ ਮਿੰਟਾਂ ਵਿੱਚ ਨਵੀਂ ਬੈਟਰੀ ਲਗਾ ਕੇ ਤੁਸੀਂ ਆਪਣੀ ਯਾਤਰਾ ਜਾਰੀ ਰੱਖ ਸਕਦੇ ਹੋ। ਕੰਪਨੀ ਨੇ ਹਾਲ ਹੀ ਵਿੱਚ ਆਪਣੇ ਆਫੀਸ਼ੀਅਲ ਯੂਟਿਊਬ ਚੈਨਲ ਤੇ ਬੈਟਰੀ ਸਵੈਪਿੰਗ ਦਾ ਡੈਮੋ ਵੀਡੀਓ ਵੀ ਦਿਖਾਇਆ ਹੈ। ਫਿਲਹਾਲ ਇਸ ਕਾਰ ਦਾ ਕੋਈ ਅਧਿਕਾਰਿਕ ਨਾਮ ਨਹੀਂ ਰੱਖਿਆ ਗਿਆ ਹੈ ਅਤੇ ਇਸਨੂੰ Car 001 ਕਿਹਾ ਜਾ ਰਿਹਾ ਹੈ।
3 ਮਿੰਟ ਵਿੱਚ ਕਾਰ ਦੀ ਬੈਟਰੀ ਕਿਵੇਂ ਬਦਲੀ ਜਾਂਦੀ ਹੈ? ਦੇਖੋ ਵੀਡੀਓ
ਕਿਵੇਂ ਕੰਮ ਕਰਦੀ ਹੈ ਬੈਟਰੀ ਸਵੈਪਿੰਗ ਪ੍ਰਕਿਰਿਆ ?
ਬੈਟਰੀ ਬਦਲਣ ਦੀ ਪੂਰੀ ਪ੍ਰਕਿਰਿਆ ਕਾਫੀ ਐਡਵਾਂਸ ਅਤੇ ਆਟੋਮੈਟਿਕ ਹੈ। ਸਭ ਤੋਂ ਪਹਿਲਾਂ ਕਾਰ ਨੂੰ ਬੈਟਰੀ ਸਵੈਪਿੰਗ ਸਟੇਸ਼ਨ ਤੇ ਲਿਆਂਦਾ ਜਾਂਦਾ ਹੈ। ਇਸ ਤੋਂ ਬਾਅਦ ਕਾਰ ਨੂੰ ਇੱਕ ਖਾਸ ਰੈਂਪ ਤੇ ਖੜ੍ਹਾ ਕੀਤਾ ਜਾਂਦਾ ਹੈ। ਡਰਾਈਵਰ ਕਾਰ ਦੇ ਸੈਂਟਰ ਕੰਸੋਲ ਵਿੱਚ ਮੌਜੂਦ ਰੋਟਰੀ ਕੰਟਰੋਲਰ ਨਾਲ Swap ਜਾਂ S ਮੋਡ ਐਕਟੀਵੇਟ ਕਰਦਾ ਹੈ। ਮੋਡ ਐਕਟੀਵੇਟ ਹੋਣ ਦੇ ਨਾਲ ਹੀ ਆਟੋਮੈਟਿਕ ਕਲੈਂਪ ਕਾਰ ਦੇ ਪਹੀਆਂ ਨੂੰ ਸੁਰੱਖਿਅਤ ਕਰ ਦਿੰਦੇ ਹਨ। ਰੋਬੋਟਿਕ ਸਿਸਟਮ ਪੁਰਾਣੀ ਬੈਟਰੀ ਨੂੰ ਬਾਹਰ ਕੱਢ ਲੈਂਦਾ ਹੈ ਅਤੇ ਫਿਰ ਪੂਰੀ ਤਰ੍ਹਾਂ ਚਾਰਜ ਕੀਤੀ ਨਵੀਂ ਬੈਟਰੀ ਕਾਰ ਵਿੱਚ ਫਿੱਟ ਕਰ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਸਿਸਟਮ ਕਈ ਸੁਰੱਖਿਆ ਜਾਂਚਾਂ ਕਰਦਾ ਹੈ। ਜਦੋਂ ਸਾਰੀਆਂ ਜਾਂਚਾਂ ਪੂਰੀਆਂ ਹੋ ਜਾਂਦੀਆਂ ਹਨ, ਤਾਂ ਕਾਰ ਨੂੰ ਮੁੜ ਜ਼ਮੀਨ ਤੇ ਉਤਾਰ ਦਿੱਤਾ ਜਾਂਦਾ ਹੈ। ਡੈਮੋ ਵੀਡੀਓ ਵਿੱਚ ਬੈਟਰੀ ਬਦਲਣ ਤੋਂ ਬਾਅਦ ਕਾਰ ਦੀ ਸਕ੍ਰੀਨ ਤੇ 100% ਚਾਰਜ ਅਤੇ ਲਗਭਗ 252 ਕਿਲੋਮੀਟਰ ਦੀ ਰੇਂਜ ਦਿਖਾਈ ਗਈ।
ਬੈਟਰੀ ਦੀ ਸਮਰੱਥਾ ਦਾ ਖੁਲਾਸਾ ਨਹੀਂ
ਕੰਪਨੀ ਨੇ ਹੁਣ ਤੱਕ ਬੈਟਰੀ ਦੀ ਕੈਪੇਸਿਟੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਹਾਲਾਂਕਿ ਵੀਡੀਓ ਦੇਖ ਕੇ ਇਹ ਲੱਗਦਾ ਹੈ ਕਿ ਬੈਟਰੀ ਪੈਕ ਦਾ ਸਾਈਜ਼ ਕਾਫ਼ੀ ਕੌਂਪੈਕਟ ਹੈ। ਇਹ ਇਲੈਕਟ੍ਰਿਕ ਕਾਰ ਇੱਕ ਖਾਸ ਸਕੇਟਬੋਰਡ ਪਲੇਟਫਾਰਮ ਤੇ ਬਣਾਈ ਗਈ ਹੈ, ਜਿਸਨੂੰ ਖਾਸ ਤੌਰ ਤੇ EV ਲਈ ਡਿਜ਼ਾਇਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ
ਖਤਮ ਹੋ ਸਕਦੀ ਹੈ ਚਾਰਜਿੰਗ ਦੀ ਟੈਂਸ਼ਨ
ਜੇ ਇਹ ਬੈਟਰੀ ਸਵੈਪਿੰਗ ਮਾਡਲ ਵੱਡੇ ਪੱਧਰ ਤੇ ਸਫਲ ਹੋ ਜਾਂਦਾ ਹੈ, ਤਾਂ EV ਯੂਜ਼ਰਜ਼ ਦੀ ਸਭ ਤੋਂ ਵੱਡੀ ਸਮੱਸਿਆ ਖਤਮ ਹੋ ਸਕਦੀ ਹੈ। ਅੱਜ ਜਿੱਥੇ ਚਾਰਜਿੰਗ ਸਟੇਸ਼ਨ ਤੇ ਲੰਬਾ ਇੰਤਜ਼ਾਰ ਕਰਨਾ ਪੈਂਦਾ ਹੈ, ਉੱਥੇ ਬੈਟਰੀ ਸਵੈਪਿੰਗ ਦੀ ਮਦਦ ਨਾਲ ਕੁਝ ਹੀ ਮਿੰਟਾਂ ਵਿੱਚ ਨਵੀਂ ਬੈਟਰੀ ਲੈ ਕੇ ਅੱਗੇ ਵਧਿਆ ਜਾ ਸਕੇਗਾ। ਇਸ ਨਾਲ ਲੰਬੀ ਦੂਰੀ ਦੀ ਯਾਤਰਾ ਵੀ ਆਸਾਨ ਹੋ ਜਾਵੇਗੀ। ਹਾਲਾਂਕਿ ਇਸ ਤਕਨਾਲੋਜੀ ਦੀ ਸਫਲਤਾ ਇਸ ਗੱਲ ਤੇ ਨਿਰਭਰ ਕਰੇਗੀ ਕਿ ਦੇਸ਼ ਭਰ ਵਿੱਚ ਕਿੰਨੇ ਬੈਟਰੀ ਸਵੈਪਿੰਗ ਸਟੇਸ਼ਨ ਬਣਾਏ ਜਾਂਦੇ ਹਨ। ਫਿਲਹਾਲ ਕੰਪਨੀ ਨੇ ਗੁਰੂਗ੍ਰਾਮ ਵਿੱਚ ਇੱਕ ਅਜਿਹਾ ਸਟੇਸ਼ਨ ਬਣਾਇਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਸਟੇਸ਼ਨ ਸ਼ੁਰੂ ਕਰਨ ਦੀ ਯੋਜਨਾ ਹੈ।
ਕੀ ਭਾਰਤ ਵਿੱਚ EV ਸੈਕਟਰ ਲਈ ਇਹ ਤਕਨਾਲੋਜੀ ਗੇਮ ਚੇਂਜਰ ਸਾਬਤ ਹੋਵੇਗੀ?
ਬੈਟਰੀ ਸਵੈਪਿੰਗ ਤਕਨਾਲੋਜੀ ਪਹਿਲਾਂ ਹੀ ਇਲੈਕਟ੍ਰਿਕ ਸਕੂਟਰਾਂ ਅਤੇ ਬਾਈਕਾਂ ਵਿੱਚ ਵਰਤੀ ਜਾ ਰਹੀ ਹੈ, ਪਰ ਯਾਤਰੀ ਕਾਰਾਂ ਵਿੱਚ ਇਸਦਾ ਇਸਤੇਮਾਲ ਹਜੇ ਨਵਾਂ ਹੈ। ਜੇ ਬਲਿੰਕ ਮੋਬਿਲਿਟੀ ਆਪਣੀ ਯੋਜਨਾ ਵਿੱਚ ਸਫਲ ਰਹਿੰਦੀ ਹੈ, ਤਾਂ ਇਹ ਤਕਨਾਲੋਜੀ ਭਾਰਤ ਦੇ EV ਮਾਰਕੀਟ ਵਿੱਚ ਵੱਡਾ ਬਦਲਾਅ ਲਿਆ ਸਕਦੀ ਹੈ। ਘੱਟ ਕੀਮਤ, ਤੇਜ਼ ਬੈਟਰੀ ਸਵੈਪ ਅਤੇ 250 ਕਿਲੋਮੀਟਰ ਤੋਂ ਵੱਧ ਦੀ ਰੇਂਜ ਵਰਗੀਆਂ ਖੂਬੀਆਂ ਇਸ ਕਾਰ ਨੂੰ ਆਮ ਲੋਕਾਂ ਲਈ ਇੱਕ ਵਧੀਆ ਵਿਕਲਪ ਬਣਾ ਸਕਦੀਆਂ ਹਨ। ਹੁਣ ਸਭ ਦੀ ਨਜ਼ਰ ਕੰਪਨੀ ਦੀ ਇਸ ਨਵੀਂ ਇਲੈਕਟ੍ਰਿਕ ਕਾਰ ਦੀ ਲਾਂਚਿੰਗ ਅਤੇ ਇਸਦੀ ਅੰਤਿਮ ਕੀਮਤ ਤੇ ਟਿਕੀ ਹੋਈ ਹੈ।
ਬੈਟਰੀ ਸਵੈਪਿੰਗ ਨਾਲ ਚੀਨ ਵਿੱਚ ਆਇਆ ਵੱਡਾ ਬਦਲਾਅ
ਦੁਨੀਆ ਦਾ ਸਭ ਤੋਂ ਵੱਡਾ EV ਮਾਰਕੀਟ ਚੀਨ ਬੈਟਰੀ ਸਵੈਪਿੰਗ ਦੇ ਵਿਕਾਸ ਅਤੇ ਇਸਤੇਮਾਲ ਵਿੱਚ ਸਭ ਤੋਂ ਅੱਗੇ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਚੀਨ ਵਿੱਚ ਲਗਭਗ 16 ਹਜ਼ਾਰ ਤੋਂ ਵੱਧ ਬੈਟਰੀ ਸਵੈਪਿੰਗ ਸਟੇਸ਼ਨ ਬਣ ਚੁੱਕੇ ਹਨ। ਬੀਜਿੰਗ, ਸ਼ੰਘਾਈ ਅਤੇ ਗੁਆਂਗਜ਼ੌ ਵਰਗੇ ਕਈ ਵੱਡੇ ਸ਼ਹਿਰਾਂ ਵਿੱਚ ਇਹ ਤਕਨਾਲੋਜੀ ਤੇਜ਼ੀ ਨਾਲ ਲੋਕਪ੍ਰਿਯ ਹੋ ਰਹੀ ਹੈ। ਚੀਨੀ ਸਰਕਾਰ ਵੀ ਬੈਟਰੀ ਸਵੈਪਿੰਗ ਤਕਨਾਲੋਜੀ ਨੂੰ ਅਪਣਾਉਣ ਵਿੱਚ ਸਬਸਿਡੀ ਅਤੇ ਪਾਇਲਟ ਪ੍ਰੋਗਰਾਮਾਂ ਰਾਹੀਂ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਚੀਨ ਤੋਂ ਇਲਾਵਾ ਯੂਰਪ ਦੇ ਜਰਮਨੀ, ਨਾਰਵੇ ਅਤੇ ਨੀਦਰਲੈਂਡ ਵਰਗੇ ਦੇਸ਼ਾਂ ਵਿੱਚ ਵੀ ਇਹ ਤਕਨਾਲੋਜੀ ਹੌਲੀ-ਹੌਲੀ ਪ੍ਰਸਿੱਧ ਹੋ ਰਹੀ ਹੈ। ਭਾਰਤ ਵਿੱਚ ਇਹ ਤਕਨਾਲੋਜੀ ਮੁੱਖ ਤੌਰ ਤੇ ਇਲੈਕਟ੍ਰਿਕ ਦੋਪਹੀਆ ਵਾਹਨਾਂ ਲਈ ਕੰਮ ਕਰ ਰਹੀ ਹੈ।
