ਕੀ ਤੁਹਾਡੀ ਕਾਰ ਨੂੰ ਵੀ ਹੈ ਸਾਈਬਰ ਅਟੈਕ ਦਾ ਖ਼ਤਰਾ? ਇਸ ਐਡਵਾਂਸ ਤਕਨਾਲੋਜੀ ਨੇ ਵਧਾਈ ਚਿੰਤਾ!
OTA Update: ਕਾਰ ਨਿਰਮਾਤਾ ਕੰਪਨੀਆਂ ਹੁਣ OTA ਤਕਨਾਲੋਜੀ ਰਾਹੀਂ ਇੰਟਰਨੈੱਟ ਦੇ ਜ਼ਰੀਏ ਕਾਰਾਂ ਦਾ ਸਾਫਟਵੇਅਰ ਅਪਡੇਟ ਕਰ ਰਹੀਆਂ ਹਨ। ਇਸ ਨਾਲ ਸਰਵਿਸ ਸੈਂਟਰ ਗਏ ਬਿਨਾਂ ਹੀ ਨਵੇਂ ਫੀਚਰ ਅਤੇ ਬੱਗ ਫਿਕਸ ਮਿਲ ਜਾਂਦੇ ਹਨ। ਹਾਲਾਂਕਿ, ਸਾਈਬਰ ਸੁਰੱਖਿਆ ਮਾਹਰਾ ਨੇ ਚੇਤਾਵਨੀ ਦਿੱਤੀ ਹੈ ਕਿ ਇੰਟਰਨੈੱਟ ਨਾਲ ਜੁੜੀਆਂ ਕਾਰਾਂ ਹੈਕਿੰਗ, ਡਾਟਾ ਚੋਰੀ ਅਤੇ ਸਿਸਟਮ ਨਾਲ ਛੇੜਛਾੜ ਵਰਗੇ ਖ਼ਤਰਿਆਂ ਦਾ ਸ਼ਿਕਾਰ ਹੋ ਸਕਦੀਆਂ ਹਨ।
ਕੀ ਤੁਹਾਡੀ ਕਾਰ ਨੂੰ ਵੀ ਹੈ ਸਾਈਬਰ ਅਟੈਕ ਦਾ ਖ਼ਤਰਾ?
ਅੱਜਕੱਲ੍ਹ ਕਾਰਾਂ ਵੀ ਸਮਾਰਟਫੋਨ ਦੀ ਤਰ੍ਹਾਂ ਲਗਾਤਾਰ ਅਪਡੇਟ ਹੋ ਰਹੀਆਂ ਹਨ। ਪਹਿਲਾਂ ਕਿਸੇ ਨਵੇਂ ਫੀਚਰ ਜਾਂ ਸਾਫਟਵੇਅਰ ਦੀ ਸਮੱਸਿਆ ਨੂੰ ਠੀਕ ਕਰਵਾਉਣ ਲਈ ਕਾਰ ਨੂੰ ਸਰਵਿਸ ਸੈਂਟਰ ਲੈ ਕੇ ਜਾਣਾ ਪੈਂਦਾ ਸੀ, ਪਰ ਹੁਣ ਕਈ ਕੰਪਨੀਆਂ ਓਵਰ-ਦ-ਏਅਰ ਤਕਨਾਲੋਜੀ ਦਾ ਇਸਤੇਮਾਲ ਕਰ ਰਹੀਆਂ ਹਨ। ਇਸ ਦੀ ਮਦਦ ਨਾਲ ਕਾਰ ਦਾ ਸਾਫਟਵੇਅਰ ਇੰਟਰਨੈੱਟ ਦੇ ਜ਼ਰੀਏ ਘਰ ਬੈਠੇ ਹੀ ਅਪਡੇਟ ਕੀਤਾ ਜਾ ਸਕਦਾ ਹੈ।
Google, Apple ਅਤੇ Samsung ਵਰਗੀਆਂ ਕੰਪਨੀਆਂ ਕਈ ਸਾਲਾਂ ਤੋਂ ਆਪਣੇ ਸਮਾਰਟਫੋਨਾਂ ਵਿੱਚ OTA ਅਪਡੇਟ ਦਿੰਦੀਆਂ ਆ ਰਹੀਆਂ ਹਨ। ਹੁਣ ਇਹੀ ਤਕਨਾਲੋਜੀ ਆਟੋਮੋਬਾਈਲ ਸੈਕਟਰ ਵਿੱਚ ਵੀ ਤੇਜ਼ੀ ਨਾਲ ਲੋਕਪ੍ਰਿਯ ਹੋ ਰਹੀ ਹੈ। ਟੈਸਲਾ ਨੇ ਸਾਲ 2012 ਵਿੱਚ ਸਭ ਤੋਂ ਪਹਿਲਾਂ ਆਪਣੀਆਂ Model S ਕਾਰਾਂ ਵਿੱਚ OTA ਅਪਡੇਟ ਦੇਣਾ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਕਈ ਵੱਡੀਆਂ ਕਾਰ ਕੰਪਨੀਆਂ ਨੇ ਵੀ ਇਸ ਤਕਨਾਲੋਜੀ ਨੂੰ ਅਪਣਾ ਲਿਆ ਹੈ।
ਇਹ ਸੁਵਿਧਾਵਾਂ ਦਿੰਦਿਆਂ ਹਨ OTA ਅਪਡੇਟ
OTA ਅਪਡੇਟ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਕਾਰ ਮਾਲਕਾਂ ਨੂੰ ਛੋਟੀਆਂ-ਮੋਟੀਆਂ ਸਾਫਟਵੇਅਰ ਸਮੱਸਿਆਵਾਂ ਠੀਕ ਕਰਵਾਉਣ ਜਾਂ ਨਵੇਂ ਫੀਚਰ ਹਾਸਲ ਕਰਨ ਲਈ ਵਾਰ-ਵਾਰ ਸਰਵਿਸ ਸੈਂਟਰ ਨਹੀਂ ਜਾਣਾ ਪੈਂਦਾ। ਇੰਟਰਨੈੱਟ ਦੇ ਜ਼ਰੀਏ ਕੰਪਨੀ ਸਿੱਧਾ ਕਾਰ ਵਿੱਚ ਨਵਾਂ ਸਾਫਟਵੇਅਰ ਭੇਜ ਦਿੰਦੀ ਹੈ। ਇਸ ਨਾਲ ਸਮੇਂ ਅਤੇ ਖਰਚ ਦੋਵਾਂ ਦੀ ਬਚਤ ਹੁੰਦੀ ਹੈ। ਹਾਲਾਂਕਿ, ਸਾਈਬਰ ਸੁਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਕਨਾਲੋਜੀ ਦੇ ਕਈ ਫਾਇਦੇ ਹਨ, ਪਰ ਇਸ ਨਾਲ ਕੁਝ ਗੰਭੀਰ ਖ਼ਤਰੇ ਵੀ ਜੁੜੇ ਹੋਏ ਹਨ।
ਸਾਈਬਰ ਅਪਰਾਧੀਆਂ ਤੋਂ ਖ਼ਤਰਾ
ਮਾਹਰਾ ਦੇ ਮੁਤਾਬਕ, ਜੇਕਰ ਕਿਸੇ ਕਾਰ ਦਾ ਸਾਫਟਵੇਅਰ ਇੰਟਰਨੈੱਟ ਨਾਲ ਜੁੜਿਆ ਹੋਇਆ ਹੈ, ਤਾਂ ਉਹ ਹੈਕਰਾਂ ਅਤੇ ਸਾਈਬਰ ਅਪਰਾਧੀਆਂ ਦੇ ਨਿਸ਼ਾਨੇ ‘ਤੇ ਵੀ ਆ ਸਕਦਾ ਹੈ। ਅਜਿਹੀ ਸਥਿਤੀ ਵਿੱਚ ਵਾਹਨ ਦਾ ਡਾਟਾ ਚੋਰੀ ਹੋਣ, ਸਿਸਟਮ ਹੈਕ ਹੋਣ ਜਾਂ ਕਾਰ ਦੇ ਕੁਝ ਡਿਜੀਟਲ ਸਿਸਟਮ ਨਾਲ ਛੇੜਛਾੜ ਕਰਨ ਦਾ ਖ਼ਤਰਾ ਵੱਧ ਸਕਦਾ ਹੈ। CNBC ਦੀ ਰਿਪੋਰਟ ਮੁਤਾਬਕ, ਇਹ ਸਿਰਫ਼ ਡਾਟਾ ਸੁਰੱਖਿਆ ਦਾ ਮਾਮਲਾ ਨਹੀਂ ਹੈ। ਜੇਕਰ ਕੋਈ ਵਿਦੇਸ਼ੀ ਹੈਕਰ ਕਿਸੇ ਚੱਲਦੀ ਹੋਈ ਗੱਡੀ ਦੇ ਕੰਟਰੋਲ ਸਿਸਟਮ ਤੱਕ ਪਹੁੰਚ ਬਣਾ ਲੈਂਦਾ ਹੈ, ਤਾਂ ਇਹ ਰਾਸ਼ਟਰੀ ਸੁਰੱਖਿਆ ਲਈ ਵੀ ਖ਼ਤਰਾ ਬਣ ਸਕਦਾ ਹੈ। ਇਸੇ ਕਾਰਨ ਕਈ ਦੇਸ਼ ਇਸ ਤਕਨਾਲੋਜੀ ਨੂੰ ਲੈ ਕੇ ਸਾਵਧਾਨੀ ਵਰਤ ਰਹੇ ਹਨ।
ਇਨ੍ਹਾਂ ਦੇਸ਼ਾਂ ਵਿੱਚ ਕਰਵਾਈ ਗਈ ਜਾਂਚ
ਰਿਪੋਰਟ ਦੇ ਮੁਤਾਬਕ, ਪਿਛਲੇ ਸਾਲ ਨਾਰਵੇ ਵਿੱਚ ਹੋਈ ਇੱਕ ਜਾਂਚ ਵਿੱਚ ਪਤਾ ਲੱਗਾ ਕਿ ਬੱਸ ਦੇ ਬੈਟਰੀ ਅਤੇ ਪਾਵਰ ਸਿਸਟਮ ਤੱਕ ਮੋਬਾਈਲ ਨੈੱਟਵਰਕ ਦੇ ਜ਼ਰੀਏ ਪਹੁੰਚ ਸੰਭਵ ਸੀ। ਰਿਪੋਰਟ ਵਿੱਚ ਕਿਹਾ ਗਿਆ ਕਿ ਸਿਧਾਂਤਕ ਤੌਰ ‘ਤੇ ਜੇਕਰ ਨਿਰਮਾਤਾ ਕੰਪਨੀ ਚਾਹੇ ਤਾਂ ਉਹ ਦੂਰੋਂ ਹੀ ਬੱਸ ਨੂੰ ਰੋਕ ਸਕਦੀ ਹੈ ਜਾਂ ਉਸ ਨੂੰ ਬੰਦ ਕਰ ਸਕਦੀ ਹੈ। ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਬ੍ਰਿਟੇਨ ਅਤੇ ਡੈਨਮਾਰਕ ਵਰਗੇ ਦੇਸ਼ਾਂ ਨੇ ਵੀ ਆਪਣੇ ਇੱਥੇ OTA ਤਕਨਾਲੋਜੀ ਦੀ ਸੁਰੱਖਿਆ ਦੀ ਜਾਂਚ ਸ਼ੁਰੂ ਕੀਤੀ ਸੀ। ਮਾਹਰਾ ਦਾ ਮੰਨਣਾ ਹੈ ਕਿ ਭਵਿੱਖ ਦੀਆਂ ਕਨੈਕਟਡ ਅਤੇ ਸਾਫਟਵੇਅਰ ਆਧਾਰਿਤ ਕਾਰਾਂ ਵਿੱਚ OTA ਅਪਡੇਟ ਇੱਕ ਬਹੁਤ ਜ਼ਰੂਰੀ ਤਕਨਾਲੋਜੀ ਹੋਵੇਗੀ। ਪਰ ਇਸ ਦੇ ਨਾਲ ਮਜ਼ਬੂਤ ਸਾਈਬਰ ਸੁਰੱਖਿਆ, ਸੁਰੱਖਿਅਤ ਸਾਫਟਵੇਅਰ ਅਤੇ ਨਿਯਮਿਤ ਨਿਗਰਾਨੀ ਵੀ ਉਨ੍ਹੀ ਹੀ ਜ਼ਰੂਰੀ ਹੋਵੇਗੀ।
