E20 ਪੈਟਰੋਲ ਨਾਲ ਮਾਈਲੇਜ ਘਟਿਆ ਤਾਂ ਜੇਬ ‘ਤੇ ਕਿੰਨਾ ਪਵੇਗਾ ਅਸਰ? ਇੱਥੇ ਦੇਖੋ ਪੂਰਾ ਹਿਸਾਬ
E20 ਪੈਟਰੋਲ ਨੂੰ ਲੈ ਕੇ ਇਨ੍ਹੀਂ ਦਿਨੀਂ ਕਾਫ਼ੀ ਚਰਚਾ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਕਾਰ ਦਾ ਮਾਈਲੇਜ ਘਟਣ ਦੇ ਕਈ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਕੁਝ ਵਾਹਨਾਂ ਵਿੱਚ ਮਾਈਲੇਜ 'ਤੇ ਸੀਮਿਤ ਅਸਰ ਪੈ ਸਕਦਾ ਹੈ। ਅਜਿਹੇ ਵਿੱਚ ਇਹ ਸਮਝਣਾ ਜ਼ਰੂਰੀ ਹੈ ਕਿ ਜੇਕਰ E20 ਪੈਟਰੋਲ ਕਾਰਨ ਤੁਹਾਡੀ ਕਾਰ ਦਾ ਮਾਈਲੇਜ ਘੱਟ ਹੁੰਦਾ ਹੈ, ਤਾਂ ਇੱਕ ਸਾਲ ਦੌਰਾਨ ਪੈਟਰੋਲ 'ਤੇ ਤੁਹਾਡਾ ਖਰਚਾ ਕਿੰਨਾ ਵੱਧ ਸਕਦਾ ਹੈ।
E20 ਪੈਟਰੋਲ: ਜੇਬ 'ਤੇ ਕਿੰਨਾ ਪਵੇਗਾ ਅਸਰ?
E20 ਪੈਟਰੋਲ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਾਫ਼ੀ ਚਰਚਾ ਚੱਲ ਰਹੀ ਹੈ। ਕਈ ਲੋਕ ਦਾਅਵਾ ਕਰ ਰਹੇ ਹਨ ਕਿ E20 ਪੈਟਰੋਲ ਦੀ ਵਰਤੋਂ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਗੱਡੀਆਂ ਦਾ ਮਾਈਲੇਜ ਘੱਟ ਹੋ ਗਿਆ ਹੈ ਅਤੇ ਕੁਝ ਖਰਾਬੀਆਂ ਵੀ ਆਈਆਂ ਹਨ। ਦੂਜੇ ਪਾਸੇ ਸਰਕਾਰ ਅਤੇ ਵਾਹਨ ਨਿਰਮਾਤਾ ਕੰਪਨੀਆਂ ਦਾ ਕਹਿਣਾ ਹੈ ਕਿ E20 ਪੈਟਰੋਲ ਨਾਲ ਵਾਹਨਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਹਾਲਾਂਕਿ ਸਰਕਾਰ ਨੇ ਇਹ ਮੰਨਿਆ ਹੈ ਕਿ 2023 ਤੋਂ ਪਹਿਲਾਂ ਦੇ ਕੁਝ ਵਾਹਨਾਂ ਵਿੱਚ ਇਸ ਦੀ ਵਰਤੋਂ ਨਾਲ ਮਾਈਲੇਜ ਵਿੱਚ ਥੋੜ੍ਹੀ ਕਮੀ ਆ ਸਕਦੀ ਹੈ, ਪਰ ਇਹ ਸੜਕ ਦੀ ਸਥਿਤੀ ਅਤੇ ਗੱਡੀ ਚਲਾਉਣ ਦੇ ਤਰੀਕੇ ‘ਤੇ ਵੀ ਨਿਰਭਰ ਕਰੇਗਾ।
ਕੇਂਦਰ ਸਰਕਾਰ ਨੇ ਮੰਨਿਆ ਹੈ ਕਿ 20% ਇਥਨੋਲ ਮਿਲੇ E20 ਪੈਟਰੋਲ ਦੀ ਵਰਤੋਂ ਨਾਲ ਕੁਝ ਵਾਹਨਾਂ ਦਾ ਮਾਈਲੇਜ 3% ਤੋਂ 5% ਤੱਕ ਘੱਟ ਹੋ ਸਕਦਾ ਹੈ। ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਇਸ ਦੇ ਬਦਲੇ ਮਿਲਣ ਵਾਲੇ ਫਾਇਦੇ ਇਸ ਨੁਕਸਾਨ ਨਾਲੋਂ ਕਾਫ਼ੀ ਵੱਧ ਹਨ। ਸਰਕਾਰ ਦੇ ਅਨੁਸਾਰ E20 ਪੈਟਰੋਲ ਨਾਲ ਇੰਜਣ ਦੀ ਕਾਰਗੁਜ਼ਾਰੀ ਬਿਹਤਰ ਹੋ ਸਕਦੀ ਹੈ, ਵਾਹਨਾਂ ਤੋਂ ਨਿਕਲਣ ਵਾਲਾ ਪ੍ਰਦੂਸ਼ਣ ਘਟਦਾ ਹੈ ਅਤੇ ਕੱਚੇ ਤੇਲ ਦੀ ਦਰਾਮਦ ‘ਤੇ ਦੇਸ਼ ਦੀ ਨਿਰਭਰਤਾ ਵੀ ਘੱਟ ਹੁੰਦੀ ਹੈ।
E20 ਪੈਟਰੋਲ ਦੀ ਵਰਤੋਂ ਨਾਲ 3% ਤੋਂ 5% ਤੱਕ ਮਾਈਲੇਜ ਘਟਣਾ ਪਹਿਲੀ ਨਜ਼ਰ ਵਿੱਚ ਵੱਡਾ ਨੁਕਸਾਨ ਨਹੀਂ ਲੱਗਦਾ। ਪਰ ਜੇਕਰ ਲੰਬੇ ਸਮੇਂ ਤੱਕ ਇਸ ਦੀ ਵਰਤੋਂ ਕੀਤੀ ਜਾਵੇ, ਤਾਂ ਵਧਣ ਵਾਲਾ ਖਰਚ ਕਾਫ਼ੀ ਜ਼ਿਆਦਾ ਹੋ ਸਕਦਾ ਹੈ। ਹੁਣ ਸਵਾਲ ਇਹ ਹੈ ਕਿ ਜੇ ਤੁਹਾਡੀ ਕਾਰ ਦਾ ਮਾਈਲੇਜ 5% ਘੱਟ ਹੋ ਜਾਵੇ, ਤਾਂ ਇੱਕ ਸਾਲ ਵਿੱਚ ਤੁਹਾਡੀ ਜੇਬ ‘ਤੇ ਇਸ ਦਾ ਕਿੰਨਾ ਅਸਰ ਪਵੇਗਾ? ਆਓ ਇਸ ਨੂੰ ਇੱਕ ਸੌਖੀ ਉਦਾਹਰਨ ਰਾਹੀਂ ਸਮਝਦੇ ਹਾ..
ਕਿੰਨਾ ਵੱਧ ਲੱਗੇਗਾ ਪੈਟਰੋਲ?
ਮੰਨ ਲਓ ਕਿ ਤੁਸੀਂ ਆਪਣੀ ਕਾਰ ਰੋਜ਼ਾਨਾ 50 ਕਿਲੋਮੀਟਰ ਚਲਾਉਂਦੇ ਹੋ। ਇਸ ਹਿਸਾਬ ਨਾਲ ਇੱਕ ਸਾਲ ਵਿੱਚ ਤੁਹਾਡੀ ਕੁੱਲ ਡਰਾਈਵਿੰਗ 18,250 ਕਿਲੋਮੀਟਰ ਹੋਵੇਗੀ। ਜੇਕਰ ਤੁਹਾਡੀ ਕਾਰ ਪਹਿਲਾਂ 20 ਕਿਲੋਮੀਟਰ ਪ੍ਰਤੀ ਲੀਟਰ (kmpl) ਦਾ ਮਾਈਲੇਜ ਦਿੰਦੀ ਸੀ, ਤਾਂ ਇਹ ਦੂਰੀ ਤੈਅ ਕਰਨ ਲਈ ਲਗਭਗ 913 ਲੀਟਰ ਪੈਟਰੋਲ ਦੀ ਲੋੜ ਪੈਂਦੀ। ਹੁਣ ਮੰਨ ਲਓ ਕਿ E20 ਪੈਟਰੋਲ ਦੀ ਵਰਤੋਂ ਤੋਂ ਬਾਅਦ ਤੁਹਾਡੀ ਕਾਰ ਦਾ ਮਾਈਲੇਜ 5% ਘਟ ਕੇ 19 kmpl ਰਹਿ ਜਾਂਦਾ ਹੈ। ਅਜਿਹੇ ਵਿੱਚ ਉਹੀ 18,250 ਕਿਲੋਮੀਟਰ ਚਲਾਉਣ ਲਈ ਤੁਹਾਨੂੰ ਲਗਭਗ 961 ਲੀਟਰ ਪੈਟਰੋਲ ਦੀ ਲੋੜ ਹੋਵੇਗੀ। ਇਸ ਦਾ ਮਤਲਬ ਹੈ ਕਿ ਪਹਿਲਾਂ ਦੇ ਮੁਕਾਬਲੇ ਤੁਹਾਨੂੰ ਕਰੀਬ 48 ਲੀਟਰ ਵੱਧ ਪੈਟਰੋਲ ਖਰਚ ਕਰਨਾ ਪਵੇਗਾ।
ਕਿੰਨਾ ਵੱਧ ਸਕਦਾ ਹੈ ਤੁਹਾਡਾ ਖਰਚ?
ਜੇਕਰ ਪੈਟਰੋਲ ਦੀ ਕੀਮਤ ₹100 ਪ੍ਰਤੀ ਲੀਟਰ ਮੰਨੀ ਜਾਵੇ, ਤਾਂ ਸਿਰਫ਼ ਮਾਈਲੇਜ ਵਿੱਚ 5% ਦੀ ਕਮੀ ਕਾਰਨ ਤੁਹਾਨੂੰ ਸਾਲਾਨਾ ਲਗਭਗ ₹4,800 ਵਾਧੂ ਖਰਚ ਕਰਨਾ ਪੈ ਸਕਦਾ ਹੈ। ਜੇ ਤੁਹਾਡੇ ਸ਼ਹਿਰ ਵਿੱਚ ਪੈਟਰੋਲ ਦੀ ਕੀਮਤ ਇਸ ਤੋਂ ਵੱਧ ਹੈ, ਤਾਂ ਇਹ ਖਰਚ ਵੀ ਹੋਰ ਵੱਧ ਸਕਦਾ ਹੈ। ਹਾਲਾਂਕਿ, ਇਹ ਸਿਰਫ਼ ਇੱਕ ਉਦਾਹਰਨ ਹੈ। ਅਸਲ ਮਾਈਲੇਜ ਹਰ ਕਾਰ ਵਿੱਚ ਵੱਖਰਾ ਹੋ ਸਕਦਾ ਹੈ। ਆਟੋ ਮਾਹਿਰਾਂ ਦੇ ਮੁਤਾਬਕ, ਮਾਈਲੇਜ ‘ਤੇ ਵਾਹਨ ਦੀ ਹਾਲਤ, ਟ੍ਰੈਫਿਕ, ਏਅਰ ਕੰਡੀਸ਼ਨਰ ਦੀ ਵਰਤੋਂ, ਟਾਇਰਾਂ ਦਾ ਪ੍ਰੈਸ਼ਰ ਅਤੇ ਡਰਾਈਵਿੰਗ ਸਟਾਈਲ ਦਾ ਵੀ ਵੱਡਾ ਅਸਰ ਪੈਂਦਾ ਹੈ। ਇਸ ਲਈ ਮਾਈਲੇਜ ਘਟਣ ਲਈ ਸਿਰਫ਼ E20 ਪੈਟਰੋਲ ਨੂੰ ਹੀ ਜ਼ਿੰਮੇਵਾਰ ਠਹਿਰਾਉਣਾ ਸਹੀ ਨਹੀਂ ਹੋਵੇਗਾ।
ਇਹ ਵੀ ਪੜ੍ਹੋ
ਡਿਸਕਲੇਮਰ: ਇਹ ਗਣਨਾ ਸਿਰਫ਼ ਸਮਝਾਉਣ ਦੇ ਉਦੇਸ਼ ਨਾਲ ਮਾਈਲੇਜ ਵਿੱਚ 5% ਕਮੀ ਦੇ ਇੱਕ ਉਦਾਹਰਨ ‘ਤੇ ਆਧਾਰਿਤ ਹੈ। ਸਰਕਾਰ ਦੇ ਅਨੁਸਾਰ E20 ਪੈਟਰੋਲ ਦਾ ਅਸਰ ਸਾਰੇ ਵਾਹਨਾਂ ‘ਤੇ ਇੱਕੋ ਜਿਹਾ ਨਹੀਂ ਹੁੰਦਾ ਅਤੇ ਅਸਲ ਮਾਈਲੇਜ ਵਾਹਨ ਦੀ ਹਾਲਤ ਅਤੇ ਇਸ ਦੀ ਵਰਤੋਂ ਦੀਆਂ ਸਥਿਤੀਆਂ ਦੇ ਅਨੁਸਾਰ ਵੱਖ-ਵੱਖ ਹੋ ਸਕਦਾ ਹੈ।
