ਅਮਰੀਕਾ ‘ਚ ਸਾਰੀਆਂ ਉਡਾਣਾਂ ‘ਤੇ ਰੋਕ ਲੱਗਣ ਨਾਲ ਮਚਿਆ ਹੜਕੰਪ, 9/11 ਹਮਲੇ ਤੋਂ ਬਾਅਦ ਦੂਜੀ ਵਾਰ ਹੋਇਆ ਅਜਿਹਾ ਸ਼ੱਟਡਾਊਨ

Published: 

14 Nov 2026 07:33 AM IST

ਅਮਰੀਕਾ ਦੇ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਸ਼ੁੱਕਰਵਾਰ ਦੁਪਹਿਰ ਨੂੰ ਪੂਰੇ ਦੇਸ਼ ਵਿੱਚ ਸਾਰੀਆਂ ਉਡਾਣਾਂ 'ਤੇ ਅਚਾਨਕ ਰੋਕ ਲਗਾ ਦਿੱਤੀ। FAA ਵੱਲੋਂ ਜਾਰੀ ਨੋਟਿਸ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਫ਼ੈਸਲਾ ਅਸਧਾਰਨ ਹਾਲਾਤ ਅਤੇ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਲਿਆ ਗਿਆ ਹੈ।

ਅਮਰੀਕਾ ਚ ਸਾਰੀਆਂ ਉਡਾਣਾਂ ਤੇ ਰੋਕ ਲੱਗਣ ਨਾਲ ਮਚਿਆ ਹੜਕੰਪ, 9/11 ਹਮਲੇ ਤੋਂ ਬਾਅਦ ਦੂਜੀ ਵਾਰ ਹੋਇਆ ਅਜਿਹਾ ਸ਼ੱਟਡਾਊਨ

ਅਮਰੀਕਾ ਦੇ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਸ਼ੁੱਕਰਵਾਰ ਦੁਪਹਿਰ ਨੂੰ ਪੂਰੇ ਦੇਸ਼ ਵਿੱਚ ਸਾਰੀਆਂ ਉਡਾਣਾਂ ‘ਤੇ ਅਚਾਨਕ ਰੋਕ ਲਗਾ ਦਿੱਤੀ। FAA ਵੱਲੋਂ ਜਾਰੀ ਨੋਟਿਸ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਫ਼ੈਸਲਾ ਅਸਧਾਰਨ ਹਾਲਾਤ ਅਤੇ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਰੀਕੀ ਟਰਾਂਸਪੋਰਟੇਸ਼ਨ ਸੈਕਟਰੀ ਸ਼ੌਨ ਡਫ਼ੀ ਨੇ ਦੱਸਿਆ ਕਿ ਸੰਚਾਰ (ਕਮਿਊਨੀਕੇਸ਼ਨ) ਨਾਲ ਜੁੜੀ ਇੱਕ ਗੰਭੀਰ ਸਮੱਸਿਆ ਦੇਸ਼ ਭਰ ਦੇ 22 ਖੇਤਰੀ ਏਅਰ ਟਰੈਫ਼ਿਕ ਕੰਟਰੋਲ ਸੈਂਟਰਾਂ ਨੂੰ ਪ੍ਰਭਾਵਿਤ ਕਰ ਰਹੀ ਹੈ, ਜੋ ਵੱਖ-ਵੱਖ ਹਵਾਈ ਅੱਡਿਆਂ ਦਰਮਿਆਨ ਉੱਡਣ ਵਾਲੇ ਜਹਾਜ਼ਾਂ ਨੂੰ ਦਿਸ਼ਾ-ਨਿਰਦੇਸ਼ ਪ੍ਰਦਾਨ ਕਰਦੇ ਹਨ।

ਉਨ੍ਹਾਂ ਕਿਹਾ ਕਿ FAA ਦੇ ਤਕਨੀਕੀ ਮਾਹਿਰ ਇਸ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਜਨਵਰੀ 2023 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਪੂਰੇ ਅਮਰੀਕਾ ਵਿੱਚ ਉਡਾਣਾਂ ਨੂੰ ਰੋਕਿਆ ਗਿਆ ਹੈ। ਉਸ ਸਮੇਂ FAA ਦੇ ਇੱਕ ਮੁੱਖ ਕੰਪਿਊਟਰ ਸਿਸਟਮ ਵਿੱਚ ਤਕਨੀਕੀ ਖ਼ਰਾਬੀ ਆ ਗਈ ਸੀ, ਜਦਕਿ ਉਸ ਤੋਂ ਪਹਿਲਾਂ 11 ਸਤੰਬਰ, 2001 ਦੇ ਅੱਤਵਾਦੀ ਹਮਲਿਆਂ ਤੋਂ ਬਾਅਦ ਅਜਿਹਾ ਕਦਮ ਚੁੱਕਿਆ ਗਿਆ ਸੀ।

ਪੁਰਾਣੀ ਤਕਨੀਕ ਨੂੰ ਬਦਲਣ ਦਾ ਕੰਮ ਜਾਰੀ

ਪਿਛਲੇ ਸਾਲ ਅਮਰੀਕੀ ਕਾਂਗਰਸ ਵੱਲੋਂ ਇਸ ਪ੍ਰੋਜੈਕਟ ਲਈ 12.5 ਬਿਲੀਅਨ ਅਮਰੀਕੀ ਡਾਲਰ ਦੀ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਸਰਕਾਰ ਏਅਰ ਟਰੈਫ਼ਿਕ ਕੰਟਰੋਲਰਾਂ ਵੱਲੋਂ ਵਰਤੀ ਜਾ ਰਹੀ ਪੁਰਾਣੀ ਤਕਨੀਕ ਨੂੰ ਆਧੁਨਿਕ ਬਣਾਉਣ ਵਿੱਚ ਜੁਟੀ ਹੋਈ ਹੈ। ਇਸ ਤਹਿਤ ਦੇਸ਼ ਭਰ ਦੇ ਹਵਾਈ ਅੱਡਿਆਂ ‘ਤੇ ਮੀਲਾਂ ਲੰਬੀਆਂ ਪੁਰਾਣੀਆਂ ਤਾਂਬੇ (ਕਾਪਰ) ਦੀਆਂ ਤਾਰਾਂ ਦੀ ਥਾਂ ਫਾਈਬਰ ਆਪਟਿਕ ਲਾਈਨਾਂ ਵਿਛਾਈਆਂ ਗਈਆਂ ਹਨ ਅਤੇ ਪੁਰਾਣੇ ਰੇਡੀਓ ਸਿਸਟਮ ਨੂੰ ਵੀ ਪੜਾਅਵਾਰ ਬਦਲਿਆ ਜਾ ਰਿਹਾ ਹੈ।

ਹਾਲਾਂਕਿ, ਅਜੇ ਵੀ ਕਾਫ਼ੀ ਕੰਮ ਬਾਕੀ ਹੈ। ਟਰਾਂਸਪੋਰਟੇਸ਼ਨ ਸੈਕਟਰੀ ਡਫ਼ੀ ਮੁਤਾਬਕ ਇਸ ਆਧੁਨਿਕੀਕਰਨ ਦੇ ਕੰਮ ਨੂੰ ਮੁਕੰਮਲ ਕਰਨ ਲਈ 30 ਬਿਲੀਅਨ ਅਮਰੀਕੀ ਡਾਲਰ ਦੀ ਹੋਰ ਲੋੜ ਪਵੇਗੀ ਅਤੇ ਵ੍ਹਾਈਟ ਹਾਊਸ ਨੇ ਇਸ ਲਈ ਕਾਂਗਰਸ ਤੋਂ ਮਨਜ਼ੂਰੀ ਲੈਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਦੂਜੇ ਪਾਸੇ, ਉਡਾਣਾਂ ਰੋਕਣ ਦੇ ਇਸ ਅਚਾਨਕ ਲਏ ਗਏ ਫ਼ੈਸਲੇ ਕਾਰਨ ਅਮਰੀਕਾ ਭਰ ਦੇ ਹਵਾਈ ਅੱਡਿਆਂ ‘ਤੇ ਹਫ਼ੜਾ-ਦਫ਼ੜੀ ਦਾ ਮਾਹੌਲ ਬਣ ਗਿਆ ਹੈ ਅਤੇ ਹਜ਼ਾਰਾਂ ਯਾਤਰੀਆਂ ਦਾ ਸਫ਼ਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।

ਕਦੋਂ ਅਤੇ ਕੀ ਹੁਕਮ ਜਾਰੀ ਹੋਇਆ?

FAA ਏਅਰ ਟਰੈਫ਼ਿਕ ਕੰਟਰੋਲ ਸਿਸਟਮ ਕਮਾਂਡ ਸੈਂਟਰ ਨੇ ਸ਼ੁੱਕਰਵਾਰ ਸ਼ਾਮ ਨੂੰ ਇੱਕ ਐਮਰਜੈਂਸੀ ਐਡਵਾਈਜ਼ਰੀ ਜਾਰੀ ਕਰਦਿਆਂ ਸਾਰੇ ਅਮਰੀਕੀ ਹਵਾਈ ਅੱਡਿਆਂ ਤੋਂ ਉਡਾਣ ਭਰਨ ਵਾਲੇ ਜਹਾਜ਼ਾਂ ਨੂੰ ਅਗਲੇ ਹੁਕਮਾਂ ਤੱਕ ਰੋਕ ਦਿੱਤਾ। ਸ਼ੁਰੂਆਤੀ ਨੋਟਿਸ ਵਿੱਚ ਕਾਰਨ ਸਪੱਸ਼ਟ ਨਾ ਹੋਣ ਕਰਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਪਰ ਕੁਝ ਹੀ ਦੇਰ ਬਾਅਦ ਅਮਰੀਕੀ ਟਰਾਂਸਪੋਰਟੇਸ਼ਨ ਸੈਕਟਰੀ ਸ਼ੌਨ ਡਫ਼ੀ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਸਾਂਝੀ ਕੀਤੀ ਕਿ ਦੇਸ਼ ਦੇ ਸਾਰੇ ਏਅਰ ਰੂਟ ਟਰੈਫ਼ਿਕ ਕੰਟਰੋਲ ਸੈਂਟਰਾਂ ਨੂੰ ਪ੍ਰਭਾਵਿਤ ਕਰਨ ਵਾਲੀ ਇੱਕ ਗੰਭੀਰ ਸੰਚਾਰ ਖ਼ਰਾਬੀ ਕਾਰਨ ਇਹ ਗਰਾਊਂਡ ਸਟੌਪ ਲਗਾਇਆ ਗਿਆ ਹੈ।

ਤਕਨੀਕੀ ਜਾਂਚ ਜਾਰੀ

ਮੀਡੀਆ ਰਿਪੋਰਟਾਂ ਅਨੁਸਾਰ FAA ਦੇ ਤਕਨੀਸ਼ੀਅਨ ਇਸ ਖ਼ਰਾਬੀ ਦੀ ਜੜ੍ਹ ਤੱਕ ਪਹੁੰਚਣ ਲਈ ਜਾਂਚ ਕਰ ਰਹੇ ਹਨ ਅਤੇ ਸਿਸਟਮ ਨੂੰ ਠੀਕ ਕਰਨ ਦੇ ਯਤਨ ਤੇਜ਼ ਕਰ ਦਿੱਤੇ ਗਏ ਹਨ। ਸੂਤਰਾਂ ਮੁਤਾਬਕ ਕਈ ਟਰੈਫ਼ਿਕ ਕੰਟਰੋਲ ਕੇਂਦਰਾਂ ‘ਤੇ ਰੇਡੀਓ ਫ੍ਰੀਕੁਐਂਸੀ ਅਤੇ ਰਾਡਾਰ ਸੰਚਾਰ ਵਿੱਚ ਵਿਘਨ ਪੈਣ (ਰੋਲਿੰਗ ਫ੍ਰੀਕੁਐਂਸੀ ਆਊਟੇਜ) ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਸਨ।

ਕੌਮਾਂਤਰੀ ਅਤੇ ਹਵਾ ਵਿੱਚ ਮੌਜੂਦ ਉਡਾਣਾਂ ਦੀ ਮੌਜੂਦਾ ਸਥਿਤੀ

ਇਸ ਹੁਕਮ ਤਹਿਤ ਫਿਲਹਾਲ ਸਿਰਫ਼ ਅਮਰੀਕਾ ਤੋਂ ਉਡਾਣ ਭਰਨ ਵਾਲੇ ਜਹਾਜ਼ਾਂ ਨੂੰ ਹੀ ਰੋਕਿਆ ਗਿਆ ਹੈ:

ਹਵਾ ਵਿੱਚ ਮੌਜੂਦ ਜਹਾਜ਼: ਜਿਹੜੇ ਜਹਾਜ਼ ਪਹਿਲਾਂ ਹੀ ਉਡਾਣ ਭਰ ਚੁੱਕੇ ਹਨ, ਉਨ੍ਹਾਂ ਨੂੰ ਆਪਣੀ ਮੰਜ਼ਿਲ ਤੱਕ ਸੁਰੱਖਿਅਤ ਉਤਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।

ਕੌਮਾਂਤਰੀ ਉਡਾਣਾਂ: ਵਿਦੇਸ਼ਾਂ ਤੋਂ ਅਮਰੀਕਾ ਆਉਣ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ ਨੂੰ ਕੇਸ-ਬਾਈ-ਕੇਸ (ਹਰੇਕ ਉਡਾਣ ਦੀ ਸਥਿਤੀ ਦੇ ਆਧਾਰ ‘ਤੇ) ਪ੍ਰਬੰਧਿਤ ਕੀਤਾ ਜਾ ਰਿਹਾ ਹੈ।

ਇਤਿਹਾਸ ਵਿੱਚ ਕਦੋਂ-ਕਦੋਂ ਵਾਪਰੀਆਂ ਅਜਿਹੀਆਂ ਘਟਨਾਵਾਂ?

ਅਮਰੀਕਾ ਦੇ ਹਵਾਬਾਜ਼ੀ ਇਤਿਹਾਸ ਵਿੱਚ ਪੂਰੇ ਦੇਸ਼ ਦੀਆਂ ਉਡਾਣਾਂ ਨੂੰ ਇੱਕੋ ਸਮੇਂ ਰੋਕਣਾ ਬੇਹੱਦ ਦੁਰਲੱਭ ਮੰਨਿਆ ਜਾਂਦਾ ਹੈ। ਇਸ ਤਾਜ਼ਾ ਘਟਨਾਕ੍ਰਮ ਤੋਂ ਪਹਿਲਾਂ ਅਜਿਹਾ ਸਿਰਫ਼ ਦੋ ਵਾਰ ਹੀ ਵਾਪਰਿਆ ਹੈ:

ਜਨਵਰੀ 2023 ਦਾ ਕੰਪਿਊਟਰ ਆਊਟੇਜ: ਇਸ ਤੋਂ ਪਹਿਲਾਂ 11 ਜਨਵਰੀ 2023 ਨੂੰ FAA ਦੇ ਨੋਟਿਸ ਟੂ ਏਅਰ ਮਿਸ਼ਨਜ਼ (NOTAM) ਕੰਪਿਊਟਰ ਸਿਸਟਮ ਵਿੱਚ ਖ਼ਰਾਬੀ ਆਉਣ ਕਾਰਨ ਪੂਰੇ ਅਮਰੀਕਾ ਵਿੱਚ ਉਡਾਣਾਂ ਨੂੰ ਰੋਕਣਾ ਪਿਆ ਸੀ, ਜਿਸ ਨਾਲ ਹਜ਼ਾਰਾਂ ਉਡਾਣਾਂ ਪ੍ਰਭਾਵਿਤ ਹੋਈਆਂ ਸਨ।

9/11 ਦਾ ਅੱਤਵਾਦੀ ਹਮਲਾ: ਸਾਲ 2023 ਤੋਂ ਪਹਿਲਾਂ ਕੇਵਲ 11 ਸਤੰਬਰ 2001 ਨੂੰ ਅਮਰੀਕਾ ‘ਤੇ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਰਾਸ਼ਟਰੀ ਸੁਰੱਖਿਆ ਦੇ ਮੱਦੇਨਜ਼ਰ ਪੂਰੇ ਦੇਸ਼ ਦੇ ਹਵਾਈ ਖੇਤਰ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਸੀ।

ਯਾਤਰੀਆਂ ‘ਤੇ ਅਸਰ ਅਤੇ ਸੇਵਾਵਾਂ ਬਹਾਲ ਹੋਣ ਦੀ ਉਮੀਦ

ਫਲਾਈਟ ਟਰੈਕਿੰਗ ਵੈੱਬਸਾਈਟ ਦੇ ਅੰਕੜਿਆਂ ਮੁਤਾਬਕ ਜਿਸ ਵੇਲੇ ਇਹ ਹੁਕਮ ਜਾਰੀ ਹੋਇਆ, ਉਸ ਸਮੇਂ 1,000 ਤੋਂ ਵੱਧ ਜਹਾਜ਼ ਅਮਰੀਕੀ ਹਵਾਈ ਅੱਡਿਆਂ ਵੱਲ ਵਧ ਰਹੇ ਸਨ। ਸ਼ੁਰੂਆਤੀ ਐਡਵਾਈਜ਼ਰੀ ਵਿੱਚ ਇਸ ਗਰਾਊਂਡ ਸਟੌਪ ਦੀ ਸਮਾਂ-ਸੀਮਾ ਸ਼ੁੱਕਰਵਾਰ ਰਾਤ 11:00 ਵਜੇ (ET) ਤੱਕ ਦਰਜ ਕੀਤੀ ਗਈ ਹੈ, ਹਾਲਾਂਕਿ FAA ਨੇ ਅਜੇ ਤੱਕ ਆਮ ਸੰਚਾਲਨ ਬਹਾਲ ਹੋਣ ਦਾ ਕੋਈ ਪੱਕਾ ਸਮਾਂ ਨਹੀਂ ਦੱਸਿਆ ਹੈ।

ਯਾਤਰੀਆਂ ਲਈ ਜ਼ਰੂਰੀ ਸਲਾਹ

ਹਵਾਬਾਜ਼ੀ ਅਧਿਕਾਰੀਆਂ ਅਤੇ ਏਅਰਲਾਈਨਜ਼ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹਵਾਈ ਅੱਡੇ ਲਈ ਰਵਾਨਾ ਹੋਣ ਤੋਂ ਪਹਿਲਾਂ ਆਪਣੀ ਸਬੰਧਤ ਏਅਰਲਾਈਨ ਨਾਲ ਸੰਪਰਕ ਕਰਨ ਅਤੇ ਆਪਣੀ ਉਡਾਣ ਦੀ ਤਾਜ਼ਾ ਸਥਿਤੀ ਜ਼ਰੂਰ ਜਾਂਚ ਲੈਣ। ਅਧਿਕਾਰੀਆਂ ਮੁਤਾਬਕ ਗਰਾਊਂਡ ਸਟੌਪ ਹਟਣ ਤੋਂ ਬਾਅਦ ਵੀ ਜਹਾਜ਼ਾਂ ਅਤੇ ਕਰੂ ਮੈਂਬਰਾਂ ਦੇ ਸ਼ਡਿਊਲ ਨੂੰ ਮੁੜ ਲੀਹ ‘ਤੇ ਆਉਣ ਵਿੱਚ ਕਈ ਘੰਟਿਆਂ ਦਾ ਸਮਾਂ ਲੱਗ ਸਕਦਾ ਹੈ।

Loading...
Unable to load recommendations.
Follow Us