Russia Ukraine War: ਰੂਸ ਦੇ ਹਮਲੇ ਨਾਲ ਹਿੱਲਿਆ ਯੂਕਰੇਨ, ਵਿਕਟਰੀ ਡੇਅ ਤੋਂ ਪਹਿਲਾਂ ਇਨ੍ਹਾਂ ਸ਼ਹਿਰਾਂ ਤੇ ਨਿਸ਼ਾਨਾ
Russia Ukraine War: ਰੂਸ ਨੇ ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਦਰਜਨਾਂ ਡਰੋਨ ਹਮਲੇ ਕੀਤੇ ਹਨ। ਕੀਵ ਤੋਂ ਲੈ ਕੇ ਬਾਖਮੁਤ, ਖੇਰਸਾਨ, ਜ਼ਾਪੋਰੀਝੀਆ ਤੱਕ, ਇੱਕ ਤੋਂ ਬਾਅਦ ਇੱਕ ਕਈ ਧਮਾਕੇ ਸੁਣੇ ਗਏ। ਹਮਲੇ ਲਈ ਈਰਾਨੀ ਡਰੋਨ ਦੀ ਵਰਤੋਂ ਕੀਤੀ ਗਈ।
Russia Ukraine War: ਰੂਸ ਨੇ ਇੱਕ ਵਾਰ ਫਿਰ ਯੂਕਰੇਨ ਨੂੰ (Ukrain) ਹਿਲਾ ਕੇ ਰੱਖ ਦਿੱਤਾ ਹੈ। ਰੂਸੀ ਫੌਜ ਨੇ ਐਤਵਾਰ ਰਾਤ ਨੂੰ ਕੀਵ ਸਮੇਤ ਯੂਕਰੇਨ ਦੇ ਹੋਰ ਸ਼ਹਿਰਾਂ ‘ਤੇ ਇਕ ਤੋਂ ਬਾਅਦ ਇਕ ਦਰਜਨਾਂ ਡਰੋਨ ਹਮਲੇ ਕੀਤੇ। ਹਮਲੇ ਲਈ ਖਾਸ ਤੌਰ ‘ਤੇ ਈਰਾਨੀ ਡਰੋਨ ‘ਸ਼ਾਹਿਦ’ ਦੀ ਵਰਤੋਂ ਕੀਤੀ ਗਈ ਸੀ। ਯੂਕਰੇਨ ਦੇ ਸੀਨੀਅਰ ਫੌਜੀ ਅਧਿਕਾਰੀ ਨੇ ਦੱਸਿਆ ਕਿ ਯੂਕਰੇਨ ਦੀ ਫੌਜ ਨੇ ਸਾਰੇ 35 ਰੂਸੀ ਡਰੋਨਾਂ ਨੂੰ ਮਾਰ ਮੁਕਾਇਆ। ਰੂਸ ਨੇ ਇਹ ਹਮਲਾ ਵਿਕਟਰੀ ਡੇਅ ਤੋਂ ਪਹਿਲਾਂ ਕੀਤਾ ਹੈ। ਰੂਸ ਵੱਲੋਂ ਕੀਤੇ ਗਏ ਹਮਲੇ ਵਿੱਚ ਪੰਜ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਮੰਨਿਆ ਜਾ ਰਿਹਾ ਹੈ ਕਿ ਰੂਸ ਨੇ ਇਹ ਹਮਲੇ ਯੂਕਰੇਨ ਦੇ ਰੱਖਿਆ ਹਥਿਆਰਾਂ ਨੂੰ ਖਤਮ ਕਰਨ ਲਈ ਕੀਤੇ ਹਨ। ਯੂਕਰੇਨ ਦੇ ਫੌਜੀ ਅਧਿਕਾਰੀ ਮੁਤਾਬਕ ਰੂਸ ਨੇ ਦਰਜਨਾਂ ਮਿਜ਼ਾਈਲਾਂ ਵੀ ਦਾਗੀਆਂ ਹਨ। ਰੂਸ ਵਿਕਟਰੀ ਡੇਅ ਪਰੇਡ ਦੀ ਤਿਆਰੀ ਕਰ ਰਿਹਾ ਹੈ। ਦੂਜੇ ਵਿਸ਼ਵ ਯੁੱਧ ਵਿੱਚ ਨਾਜ਼ੀ ਜਰਮਨੀ ਨੂੰ ਹਰਾਉਣ ਦੀ ਯਾਦ ਵਿੱਚ ਰੂਸ ਹਰ ਸਾਲ 9 ਮਈ ਨੂੰ ਵਿਕਟਰੀ ਡੇਅ ਮਨਾਉਂਦਾ ਹੈ।
ਯੂਕਰੇਨ ਦੇ ਇਨ੍ਹਾਂ ਸ਼ਹਿਰਾਂ ‘ਤੇ ਰੂਸ ਨੇ ਕੀਤੇ ਹਮਲੇ
ਰੂਸ ਨੇ ਬਖਮੁਤ ਨੂੰ ਵੀ ਨਿਸ਼ਾਨਾ ਬਣਾਇਆ ਹੈ। ਯੂਕਰੇਨ ਦੇ ਰੱਖਿਆ ਅਧਿਕਾਰੀ ਨੇ ਦੱਸਿਆ ਕਿ ਰੂਸ ਨੇ ਵੀ ਇਸ ਸ਼ਹਿਰ ‘ਚ ਵੱਡੇ ਹਮਲੇ ਕੀਤੇ ਹਨ। ਇਸ ਸ਼ਹਿਰ ਨੂੰ ਸਾਲਟ ਮਾਇਨਿੰਗ ਕਰਨ ਵਾਲੇ ਪਹਿਲੇ ਸ਼ਹਿਰ ਵਜੋਂ ਜਾਣਿਆ ਜਾਂਦਾ ਸੀ। ਹੁਣ ਰੂਸ ਨੇ ਇਸ ਨੂੰ ਕਬਰਿਸਤਾਨ ਬਣਾ ਦਿੱਤਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਕੀਵ ਵਿੱਚ ਇੱਕ ਤੋਂ ਬਾਅਦ ਇੱਕ ਕਈ ਧਮਾਕਿਆਂ ਦੀ ਆਵਾਜ਼ ਸੁਣੀ। ਕੀਵ ਦੇ ਸੋਲੋਮਯਾਂਸਕੀ ਜ਼ਿਲ੍ਹੇ ਵਿੱਚ ਹੋਏ ਹਮਲੇ ਵਿੱਚ ਤਿੰਨ ਲੋਕ ਜ਼ਖ਼ਮੀ ਹੋ ਗਏ ਹਨ।
ਨਿਊਕਲੀਅਰ ਪਾਵਰ ਪਲਾਂਟ ਦੀ ਸੁਰੱਖਿਆ ਅਹਿਮ
ਰੂਸੀ ਹਮਲੇ ਤੋਂ ਬਾਅਦ ਹਵਾਈ ਹਮਲਿਆਂ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ। ਦੇਸ਼ ਦੇ ਦੋ ਤਿਹਾਈ ਹਿੱਸੇ ਨੂੰ ਅਲਰਟ ਕਰ ਦਿੱਤਾ ਗਿਆ। ਖੇਰਸਾਨ ਅਤੇ ਜ਼ਾਪੋਰੀਝੀਆ ਵੀ ਰੂਸ ਦਾ ਵੱਡਾ ਨਿਸ਼ਾਨਾ ਰਿਹਾ ਹੈ। ਜ਼ਾਪੋਰੀਝੀਆ ਵਿੱਚ ਇੱਕ ਪ੍ਰਮਾਣੂ ਊਰਜਾ ਪਲਾਂਟ ਹੈ, ਜਿਸ ਦੀ ਸੁਰੱਖਿਆ ਯੂਕਰੇਨ ਸਮੇਤ ਪੂਰੇ ਯੂਰੱਪ ਲਈ ਚਿੰਤਾ ਦਾ ਵਿਸ਼ਾ ਹੈ। ਰੂਸੀ-ਯੂਕਰੇਨੀ ਨੇਤਾਵਾਂ ਨੇ ਪਲਾਂਟ ਦੀ ਸੁਰੱਖਿਆ ‘ਤੇ ਵੀ ਗੱਲਬਾਤ ਕੀਤੀ। ਕੂਲਿੰਗ ਸਿਸਟਮ ਨੂੰ ਚਲਾਉਣ ਲਈ ਪਲਾਂਟ ਦਾ ਸੰਚਾਲਨ ਜ਼ਰੂਰੀ ਹੈ। ਜੰਗ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਇਸ ਪਲਾਂਟ ਨੂੰ 6 ਵਾਰ ਬੰਦ ਕਰਨਾ ਪਿਆ ਹੈ।