ਬੀ. ਐਸ. ਐਫ. ਲਈ ਵੱਡੀ ਚੁਣੌਤੀ ਬਣੇ ਪਾਕਿਸਤਾਨੀ ਡਰੋਨ

Published: 

06 Jan 2023 06:44 AM

ਨਵਾਂ ਸਾਲ ਸ਼ੁਰੂ ਹੋ ਚੁੱਕਿਆ ਹੈ, ਪ੍ਰੰਤੂ ਪਾਕਿਸਤਾਨ ਵਲੋਂ ਕੀਤੀ ਜਾ ਰਹੀ ਡਰੋਨ ਘੁਸਪੈਠ ਦੀਆਂ ਘਟਨਾਵਾਂ ਵਿੱਚ ਅਜੇ ਵੀ ਕੋਈ ਰੋਕ ਨਹੀਂ ਲੱਗੀ ਹੈ। ਡਰੋਨ ਘੁਸਪੈਠ ਦੀਆਂ ਬਹੁਗਿਣਤੀ ਘਟਨਾਵਾਂ ਨੂੰ ਬੀਐਸਐਫ ਵਲੋਂ ਅਸਫਲ ਬਣਾਇਆ ਜਾ ਚੁੱਕਿਆ ਹੈ।

ਬੀ. ਐਸ. ਐਫ. ਲਈ ਵੱਡੀ ਚੁਣੌਤੀ ਬਣੇ ਪਾਕਿਸਤਾਨੀ ਡਰੋਨ
Follow Us On

ਪਾਕਿਸਤਾਨ ਵਲੋਂ ਭਾਰਤੀ ਸੀਮਾ ਵਿੱਚ ਭੇਜੇ ਜਾ ਰਹੇ ਡਰੋਨ ਬਾਰਡਰ ਸੁਰੱਖਿਆ ਫੋਰਸ (ਬੀ.ਐਸ.ਐਫ.) ਦੇ ਲਈ ਚਣੋਤੀ ਬਣ ਰਹੇ ਹਨ। ਸਾਲ 2022 ਦੌਰਾਨ ਡਰੋਨ ਘੁਸਪੈਠ ਦੀਆਂ 215 ਘਟਨਾਵਾਂ ਦਰਜ ਕੀਤੀ ਗਈਆਂ ਹਨ। ਪੰਜਾਬ ਦੇ ਨਾਲ ਲੱਗਦੇ ਸਰਹੱਦ ਖੇਤਰ ਚ ਲੰਘੇ ਸਮੇਂ ਦੌਰਾਨ ਪਾਕਿਸਤਾਨੀ ਤਸਕਰਾਂ ਅਤੇ ਹੋਰਨਾਂ ਅੱਤਵਾਦੀ ਸੰਗਠਨਾਂ ਵਲੋਂ ਲਗਾਤਾਰ ਡਰੋਨ ਰਾਹੀਂ ਭਾਰਤੀ ਸਰਹੱਦ ਚ ਹਥਿਆਰ ਅਤੇ ਹੈਰੋਇਨ ਸੁੱਟੀ ਜਾ ਰਹੀ ਹੈ। ਸਾਲ 2022 ਚ ਡਰੋਨ ਘੁਸਪੈਠ ਦੀ ਗਿਣਤੀ ਪਿਛਲੇ ਤਿੰਨ ਸਾਲਾਂ ਦਾ ਆਂਕੜਾ ਤੋੜਦੀ ਨਜ਼ਰ ਆਈ ਹੈ। ਜੇਕਰ ਆਂਕੜੇ ਤੇ ਨਜ਼ਰ ਮਾਰੀ ਜਾਵੇ ਤਾਂ ਸਾਲ 2020 ਵਿਚ ਭਾਰਤ-ਪਾਕਿਸਤਾਨ ਬਾਰਡਰ ਤੇ 79 ਵਾਰ ਪਾਕਿਸਤਾਨੀ ਡਰੋਨ ਨੇ ਘੁਸਪੈਠ ਕੀਤੀ ਸੀ।

ਇਸ ਤੋਂ ਬਾਅਦ ਸਾਲ 2021 ਵਿਚ ਇਨ੍ਹਾਂ ਡਰੋਨਾਂ ਦੀ ਗਿਣਤੀ ਵੱਧ ਕੇ 109 ਹੋ ਗਈ ਸੀ। ਪਰ ਲੰਘੇ ਵਰ੍ਹੇ 2022 ਦੌਰਾਨ ਸਭ ਤੋਂ ਵੱਧ 215 ਵਾਰ ਪਾਕਿਸਤਾਨੀ ਡਰੋਨਾਂ ਨੇ ਭਾਰਤੀ ਸਰਹੱਦ ਚ ਘੁਸਪੈਠ ਕਰਕੇ ਆਪਣੀਆਂ ਨਾਪਾਕ ਕੋਸ਼ਿਸ਼ਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਹੈ। ਜਿਆਦਾਤਰ ਡਰੋਨ ਬੀ. ਐਸ. ਐਫ. ਦੇ ਜਵਾਨਾ ਵਲੋਂ ਫਾਈਰਿੰਗ ਕਰਨ ਉਪਰੰਤ ਵਾਪਸ ਪਾਕਿਸਤਾਨ ਵਾਲੇ ਪਾਸੇ ਚਲੇ ਗਏ ਜਦਕਿ ਕੁੱਝ ਡਰੋਨ ਜਵਾਨਾਂ ਵਲੋਂ ਨਸ਼ਟ ਕਰ ਦਿੱਤੇ ਗਏ।

ਪਾਕਿਸਤਾਨੀ ਨਸ਼ਾ ਤਸਕਰ ਅਤੇ ਅੱਤਵਾਦੀ ਭਾਰਤੀ ਸਰਹੱਦ ਚ ਹਥਿਆਰ ਅਤੇ ਹੈਰੋਇਨ ਸੁੱਟਣ ਲਈ ਸੰਘਣੀ ਧੁੰਦ ਦੌਰਾਨ ਅੱਧੀ ਰਾਤ ਸਮੇਂ ਡਰੋਨਾਂ ਦੀ ਵਰਤੋਂ ਜਿਆਦਾ ਕਰਦੇ ਹਨ ਅਤੇ ਸੰਘਣੀ ਧੁੰਦ ਕਾਰਨ ਬੀ. ਐਸ. ਐਫ. ਦੇ ਜਵਾਨਾਂ ਲਈ ਵੀ ਇਹ ਵੱਡੀ ਚੁਣੌਤੀ ਬਣ ਜਾਂਦੀ ਹੈ ਕਿਉਂਕਿ ਘੱਟ ਦੂਰੀ ਤੱਕ ਦਿਖਾਈ ਦੇਣ ਕਾਰਨ ਡਰੋਨ ਦੀ ਆਵਾਜ਼ ਸੁਣ ਕੇ ਹੀ ਫਾਈਰਿੰਗ ਕੀਤੀ ਜਾ ਸਕਦੀ ਹੈ।

ਡਰੋਨ ਘੁਸਪੈਠ ਰੋਕਣ ਲਈ ਬੀ. ਐਸ. ਐਫ. ਦਾ ਪਲਾਨ

ਜਿਕਰਯੋਗ ਹੈ ਕਿ ਭਾਰਤ ਪਾਕਿਸਤਾਨ ਦਰਮਿਆਨ ਕੌਮਾਂਤਰੀ ਸਰਹੱਦ ਦੀ ਕੁੱਲ ਲੰਬਾਈ 2900 ਕਿਲੋਮੀਟਰ ਦੀ ਹੈ। ਇਸਦੀ ਸੁਰੱਖਿਆ ਦੀ ਜਿੰਮੇਵਾਰੀ ਬੀ.ਐਸ.ਐਫ. ਦੇ ਜਵਾਨਾਂ ਤੇ ਹੈ। ਹੁਣ ਬੀ.ਐਸ.ਐਫ. ਵਲੋਂ ਡਰੋਨ ਘੁਸਪੈਠ ਰੋਕਣ ਲਈ ਸਰਹੱਦ ਤੇ ਐਂਟੀ ਡਰੋਨ ਸਿਸਟਮ ਲਗਾਏ ਗਏ ਹਨ, ਜਿਨ੍ਹਾਂ ਦੀ ਗਿਣਤੀ ਨੂੰ ਆਉਣ ਵਾਲੇ ਦਿਨਾਂ ਵਿਚ ਹੋਰ ਵਧਾਇਆ ਜਾਵੇਗਾ। ਇਸ ਤਕਨੀਕ ਨਾਲ ਬੀ. ਐਸ.ਐਫ.ਦੇ ਜਵਾਨਾਂ ਨੂੰ ਡਰੋਨ ਨੂੰ ਜਾਮ ਕਰਨ ਅਤੇ ਮਾਰ ਗਿਰਾਉਣ ਵਿੱਚ ਮਦਦ ਮਿਲੇਗੀ। ਬੀ. ਐਸ.ਐਫ.ਵਲੋਂ 30 ਕਰੋੜ ਰੁਪਏ ਖਰਚ ਕੇ 5500 ਵਾਧੂ ਕੈਮਰੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਇਨ੍ਹਾਂ ਕੈਮਰਿਆਂ ਦੀ ਮਦਦ ਨਾਲ ਬੀ.ਐਸ.ਐਫ.ਦੇ ਜਵਾਨਾਂ ਨੂੰ ਸਮੇਂ ਸਿਰ ਡਰੋਨ ਦੀ ਸਥਿਤੀ ਅਤੇ ਹੋਰ ਜਾਣਕਾਰੀ ਮਿਲੇਗੀ ਅਤੇ ਉਹ ਅਗਲੇ ਐਕਸ਼ਨ ਲਈ ਤਿਆਰ ਬਰ ਤਿਆਰ ਰਹਿਣਗੇ।