Subscribe to
Notifications
Subscribe to
Notifications
ਪਾਕਿਸਤਾਨ ਵਿੱਚ ਕੱਟੜਪੰਥੀਆਂ ਦੇ ਢਿੱਡ ਵਿੱਚ ਹੁਣ ਇੱਕ ਨਵੀਂ ਵਜ੍ਹਾ ਕਾਰਨ ਦਰਦ ਸ਼ੁਰੂ ਹੋ ਗਿਆ ਹੈ। ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ (Julfikar Ali Bhutto) ਦੀ ਪੋਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ (Benazir Bhutto) ਦੀ ਭਤੀਜੀ ਨੇ ਐਤਵਾਰ ਨੂੰ ਈਸਾਈ ਧਰਮ ਦੇ ਨਾਗਰਿਕ ਨਾਲ ਵਿਆਹ ਕੀਤਾ। ਹੁਣ ਤੱਕ ਤਾਂ ਚੰਗਾ, ਪਰ ਉਸ ਤੋਂ ਬਾਅਦ ਜੋ ਕਦਮ ਉਨ੍ਹਾਂ ਨੇ ਚੁੱਕਿਆ, ਉਸ ਨਾਲ ਨਫਰਤ ਫੈਲਾਉਣ ਵਾਲਿਆਂ ਦੇ ਸੀਨੇ ‘ਤੇ ਸੱਪ ਲੌਟ ਗਿਆ ਹੈ।
ਕਾਬੁਲ ਵਿੱਚ ਜਨਮੀ 40 ਸਾਲਾ ਫਾਤਿਮਾ (Fatima) ਇੱਕ ਮਸ਼ਹੂਰ ਪੱਤਰਕਾਰ ਅਤੇ ਲੇਖਿਕਾ ਹੈ। ਉਨ੍ਹਾਂ ਨੇ ਬਹੁਤ ਹੀ ਸਾਦੇ ਢੰਗ ਨਾਲ ਈਸਾਈ ਧਰਮ ਦੇ ਗ੍ਰਾਹਮ ਨਾਲ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਦੋਵੇਂ ਕਰਾਚੀ ਦੇ ਇਕ ਸ਼ਿਵ ਮੰਦਰ ਗਏ। ਭੋਲੇਨਾਥ ਦਾ ਆਸ਼ੀਰਵਾਦ ਲਿਆ ਅਤੇ ਸ਼ਿਵਲਿੰਗ ‘ਤੇ ਦੁੱਧ ਵੀ ਚੜ੍ਹਾਇਆ। ਉਨ੍ਹਾਂ ਨੇ ਅਜਿਹਾ ਕਰਾਚੀ ਵਿੱਚ ਰਹਿਣ ਵਾਲੇ ਸਿੰਧੀ ਲੋਕਾਂ ਦੇ ਸਨਮਾਨ ਵਿੱਚ ਕੀਤਾ ਸੀ, ਪਰ ਕੁਝ ਲੋਕਾਂ ਨੂੰ ਇਹ ਬੁਰਾ ਲੱਗਿਆ। ਇਸ ਕਾਰਨ ਸੋਸ਼ਲ ਮੀਡੀਆ ‘ਤੇ ਬਹਿਸ ਛਿੜ ਗਈ।
ਮੈਰਿਜ ਹਾਲ ਵਿੱਚ ਨਹੀਂ ਲਾਇਬ੍ਰੇਰੀ ਵਿੱਚ ਨਿਕਾਹ
ਫਾਤਿਮਾ ਭੁੱਟੋ ਅਤੇ ਗ੍ਰਾਹਮ ਵੱਲੋਂ ਵਿਆਹ ਲਈ ਚੁਣੇ ਗਏ ਸਥਾਨ ਦੀ ਕਾਫੀ ਤਾਰੀਫ ਹੋ ਰਹੀ ਹੈ। ਦੋਵਾਂ ਨੇ 70 ਕਲਿਫਟਨ ਸਥਿਤ ਸਾਬਕਾ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਦੀ ਇਤਿਹਾਸਕ ਲਾਇਬ੍ਰੇਰੀ ਵਿੱਚ ਵਿਆਹ ਕੀਤਾ। ਇਸ ਦੌਰਾਨ ਫਾਤਿਮਾ ਦੇ ਭਰਾ ਨੇ ਦਾਦੀ ਦੀ ਤਸਵੀਰ ਨੂੰ ਆਪਣੀ ਬਾਂਹ ‘ਤੇ ਬੰਨ੍ਹ ਲਿਆ। ਦੋਵਾਂ ਨੇ ਜ਼ੁਲਫਿਕਾਰ ਅਲੀ ਭੁੱਟੋ ਦੀ ਪਾਰਟੀ ਦੇ ਪਹਿਲੇ ਝੰਡੇ ਅਤੇ ਉਨ੍ਹਾਂ ਦੀਆਂ ਤਸਵੀਰਾਂ ਦੀ ਮੌਜੂਦਗੀ ਵਿੱਚ ਵਿਆਹ ਕੀਤਾ।
ਸ਼ਿਵਲਿੰਗ ‘ਤੇ ਦੁੱਧ ਚੜ੍ਹਾਇਆ
ਫਾਤਿਮਾ ਦਾ ਮੰਨਣਾ ਹੈ ਕਿ ਉਹ ਪਹਿਲਾਂ ਮੁਸਲਮਾਨ ਹੈ, ਪਰ ਸਾਰੇ ਧਰਮਾਂ ਦਾ ਸਨਮਾਨ ਕਰਦੀ ਹੈ। ਉਹ ਆਪਣੇ ਆਪ ਨੂੰ ਧਰਮ ਨਿਰਪੱਖ ਸਮਝਦੀ ਹੈ। ਕਈ ਮੌਕਿਆਂ ‘ਤੇ ਉਹ ਇਸਲਾਮ ਧਰਮ ਦੇ ਸਮਰਥਨ ‘ਚ ਵੀ ਖੜ੍ਹੀ ਨਜ਼ਰ ਆਉਂਦੀ ਹੈ। ਇੱਥੋਂ ਤੱਕ ਕਿ ਬੁਰਕੇ ਦੇ ਪੱਖ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਇਸ ਨੂੰ ਪਹਿਨਣਾ ਜਾਂ ਨਾ ਪਹਿਨਣਾ ਔਰਤਾਂ ਦਾ ਅਧਿਕਾਰ ਹੈ।
ਕਰਾਚੀ ਵਿੱਚ ਪ੍ਰਾਚੀਨ ਕਾਲ ਤੋਂ ਹੀ ਸਿੰਧੀਆਂ ਦਾ ਦਬਦਬਾ ਰਿਹਾ ਹੈ। ਉਨ੍ਹਾਂ ਦੇ ਸਨਮਾਨ ‘ਚ ਫਾਤਿਮਾ ਆਪਣੇ ਭਰਾ ਅਤੇ ਪਤੀ ਨਾਲ ਇੱਥੇ ਪ੍ਰਾਚੀਨ ਮਹਾਦੇਵ ਮੰਦਰ ਗਈ। ਕਈ ਸਥਾਨਕ ਹਿੰਦੂ ਆਗੂ ਵੀ ਉਨ੍ਹਾਂ ਦੇ ਨਾਲ ਸਨ। ਇਸ ਤੋਂ ਬਾਅਦ ਉਨ੍ਹਾਂ ਸ਼ਿਵਲਿੰਗ ‘ਤੇ ਦੁੱਧ ਚੜ੍ਹਾਇਆ। ਇਸ ਨੂੰ ਫਿਰਕੂ ਸਦਭਾਵਨਾ ਵਜੋਂ ਦੇਖਦਿਆਂ ਕਈ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਤਾਰੀਫਾਂ ਦੇ ਪੁਲ ਬੰਨ੍ਹ ਦਿੱਤੇ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਇਸ ‘ਤੇ ਨਾਰਾਜ਼ਗੀ ਜ਼ਾਹਰ ਕੀਤੀ। ਇੱਕ ਵਿਅਕਤੀ ਨੇ ਲਿਖਿਆ ਕਿ ਇਸ ਰਸਮ ਦੀ ਕੀ ਲੋੜ ਸੀ।
ਦਾਦਾ, ਪਿਤਾ, ਚਾਚਾ ਅਤੇ ਭੂਆ ਦਾ ਕਤਲ
ਭੁੱਟੋ ਪਰਿਵਾਰ ਦਾ ਖੂਨ ਪਾਕਿਸਤਾਨ ਦੀ ਰਾਜਨੀਤੀ ਵਿੱਚ ਵੀ ਸ਼ਾਮਲ ਹੈ। ਇਸ ਪਰਿਵਾਰ ਦੇ ਕਈ ਲੋਕਾਂ ਨੇ ਆਪਣਾ ਖੂਨ ਵਹਾਇਆ ਹੈ। 1979 ਵਿਚ ਫ਼ੌਜੀ ਤਖ਼ਤਾ ਪਲਟਿਆ ਅਤੇ ਤਾਨਾਸ਼ਾਹ ਜ਼ਿਆ-ਉਲ-ਹੱਕ ਨੇ ਜ਼ੁਲਫ਼ਕਾਰ ਅਲੀ ਭੁੱਟੋ ਨੂੰ ਫਾਂਸੀ ਦੇ ਦਿੱਤੀ। 1985 ਵਿੱਚ ਚਾਚਾ ਸ਼ਾਹਨਵਾਜ਼ ਭੁੱਟੋ ਦੀ ਲਾਸ਼ ਫਰਾਂਸ ਦੇ ਇੱਕ ਅਪਾਰਟਮੈਂਟ ਵਿੱਚ ਮਿਲੀ ਸੀ। ਸਾਲ 1996 ਵਿੱਚ ਪਿਤਾ ਮੁਰਤਜ਼ਾ ਭੁੱਟੋ ਵੀ ਫਾਤਿਮਾ ਨੂੰ ਛੱਡ ਕੇ ਚਲੇ ਗਏ। ਉਨ੍ਹਾਂ ਦਾ ਘਰ ਦੇ ਬਾਹਰ ਹੀ ਐਨਕਾਉਂਟਰ ਕਰ ਦਿੱਤਾ ਗਿਆ ਸੀ। ਭਾਵੇਂ ਬੂਆ ਬੇਨਜ਼ੀਰ ਭੁੱਟੋ ਦੇਸ਼ ਦੀ ਪ੍ਰਧਾਨ ਮੰਤਰੀ ਬਣ ਗਈ ਸੀ ਪਰ ਦਸੰਬਰ 2007 ਵਿੱਚ ਇੱਕ ਰੈਲੀ ਦੌਰਾਨ ਉਨ੍ਹਾਂ ਦੀ ਵੀ ਹੱਤਿਆ ਕਰ ਦਿੱਤੀ ਗਈ ਸੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ