Al-Qadir Trust Case: ਬੁਸ਼ਰਾ ਬੀਬੀ ਨੂੰ ਲਾਹੌਰ ਹਾਈ ਕੋਰਟ ‘ਤੋ ਜ਼ਮਾਨਤ, ਇਮਰਾਨ ਖ਼ਾਨ ‘ਤੇ ਫ਼ੈਸਲਾ ਬਾਕੀ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਲ-ਕਾਦਿਰ ਟਰੱਸਟ ਮਾਮਲੇ ਵਿੱਚ ਆਪਣੀ ਪਤਨੀ ਬੁਸ਼ਰਾ ਬੀਬੀ ਦੇ ਨਾਲ ਲਾਹੌਰ ਹਾਈ ਕੋਰਟ ਵਿੱਚ ਪੇਸ਼ ਹੋਏ, ਜਿੱਥੇ ਹਾਈ ਕੋਰਟ ਨੇ ਉਨ੍ਹਾਂ ਦੀ ਪਤਨੀ ਨੂੰ 23 ਮਈ ਤੱਕ ਪ੍ਰੋਟੈਕਟਿਵ ਜ਼ਮਾਨਤ ਦੇ ਦਿੱਤੀ ਹੈ।
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਦੀ ਗ੍ਰਿਫਤਾਰੀ ਤੋਂ ਬਾਅਦ ਤੋਂ ਹੀ ਪਾਕਿਸਤਾਨ ‘ਚ ਹੰਗਾਮਾ ਮਚਿਆ ਹੋਇਆ ਹੈ। ਉਹ ਸੋਮਵਾਰ ਨੂੰ ਅਲ-ਕਾਦਿਰ ਟਰੱਸਟ ਮਾਮਲੇ ‘ਚ ਆਪਣੀ ਪਤਨੀ ਬੁਸ਼ਰਾ ਬੀਬੀ ਨਾਲ ਲਾਹੌਰ ਹਾਈ ਕੋਰਟ ‘ਚ ਮੁੜ ਪੇਸ਼ ਹੋਏ, ਜਿੱਥੇ ਹਾਈ ਕੋਰਟ ਨੇ ਉਨ੍ਹਾਂ ਦੀ ਪਤਨੀ ਨੂੰ 23 ਮਈ ਤੱਕ ਪ੍ਰੋਟੈਕਟਿਵ ਜ਼ਮਾਨਤ ਦੇ ਦਿੱਤੀ ਹੈ। ਉੱਥੇ ਹੀ ਇਮਰਾਨ ਖਾਨ ਦੀ ਜ਼ਮਾਨਤ ਨੂੰ ਲੈ ਕੇ ਅਜੇ ਫੈਸਲਾ ਨਹੀਂ ਲਿਆ ਗਿਆ ਹੈ। ਬੁਸ਼ਰਾ ਬੀਬੀ ਨੇ ਇਸ ਮਾਮਲੇ ‘ਚ ਲਾਹੌਰ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ।
ਪਾਕਿਸਤਾਨ ਰੇਂਜਰਾਂ ਨੇ ਇਮਰਾਨ ਖਾਨ ਨੂੰ 9 ਮਈ ਨੂੰ ਐੱਨਏਬੀ ਵੱਲੋਂ ਅਲ-ਕਾਦਿਰ ਟਰੱਸਟ ਮਾਮਲੇ ‘ਚ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਇਮਰਾਨ ਨੂੰ ਰਿਹਾਅ ਕਰ ਦਿੱਤਾ ਸੀ। ਅਗਲੇ ਹੀ ਦਿਨ ਇਸਲਾਮਾਬਾਦ ਹਾਈ ਕੋਰਟ ਨੇ ਇਮਰਾਨ ਨੂੰ ਦੋ ਹਫ਼ਤਿਆਂ ਲਈ ਜ਼ਮਾਨਤ ਦੇ ਦਿੱਤੀ ਸੀ।
ਰਾਵਲਪਿੰਡੀ ‘ਚ ਇਮਰਾਨ ਤੋਂ ਕੀਤੀ ਗਈ ਸੀ ਪੁੱਛਗਿੱਛ
ਗ੍ਰਿਫਤਾਰ ਕਰਨ ਤੋਂ ਬਾਅਦ ਇਮਰਾਨ ਖਾਨ ਨੂੰ NAB ਦਫਤਰ ਲਿਜਾਇਆ ਗਿਆ। ਉਨ੍ਹਾਂ ਦਾ ਦਫ਼ਤਰ ਰਾਵਲਪਿੰਡੀ ਵਿੱਚ ਹੈ। ਇਸ ਦਫ਼ਤਰ ਵਿੱਚ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ। ਹਾਲਾਂਕਿ, ਪੀਟੀਆਈ ਮੁਖੀ ਨੂੰ ਉਦੋਂ ਰਾਹਤ ਮਿਲੀ ਜਦੋਂ ਇਸ ਫੈਸਲੇ ਨੂੰ ਪਾਰਟੀ ਦੀ ਲੀਡਰਸ਼ਿਪ ਵੱਲੋਂ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ। ਐੱਨਏਬੀ ਦਾ ਕਹਿਣਾ ਹੈ ਕਿ ਇਮਰਾਨ ਖਾਨ ਅਤੇ ਪਤਨੀ ਬੁਸ਼ਰਾ ਬੀਬੀ ਅਤੇ ਹੋਰਾਂ ‘ਤੇ ਅਲ ਕਾਦਿਰ ਯੂਨੀਵਰਸਿਟੀ ਟਰੱਸਟ ਦੇ ਨਾਂ ‘ਤੇ ਸੈਂਕੜੇ ਕਨਾਲ ਜ਼ਮੀਨ ਕਥਿਤ ਤੌਰ ‘ਤੇ ਐਕਵਾਇਰ ਕਰਨ ਦਾ ਦੋਸ਼ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਕੌਮੀ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ ਹੈ।
9 ਮਈ ਨੂੰ ਇਮਰਾਨ ਦੀ ਗ੍ਰਿਫਤਾਰੀ ਤੋਂ ਬਾਅਦ ਪਾਕਿਸਤਾਨ ਵਿਚ ਭੂਚਾਲ ਆ ਗਿਆ ਸੀ। ਉਨ੍ਹਾਂ ਦੇ ਸਮਰਥਕ ਅਤੇ ਪਾਰਟੀ ਵਰਕਰਾਂ ਨੇ ਸੜਕਾਂ ‘ਤੇ ਆ ਕੇ ਕਾਫੀ ਹੰਗਾਮਾ ਕੀਤਾ। ਫੌਜੀ ਅਫਸਰਾਂ ਦੇ ਘਰਾਂ ਨੂੰ ਅੱਗ ਲਾ ਦਿੱਤੀ ਗਈ, ਦੁਕਾਨਾਂ ਲੁੱਟੀਆਂ ਗਈਆਂ। ਪੱਥਰਬਾਜ਼ੀ ਵਿੱਚ ਸੈਂਕੜੇ ਲੋਕ ਜ਼ਖ਼ਮੀ ਹੋ ਗਏ ਅਤੇ 47 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ। ਇਮਰਾਨ ਖਾਨ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਪਾਰਟੀ ਦੇ 7000 ਵਰਕਰਾਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਹੈ।
ਇਮਰਾਨ ਖਾਨ ਦੇ ਸੁਰੱਖਿਆ ਏਜੰਸੀਆਂ ਤੇ ਦੋਸ਼
ਇਮਰਾਨ ਖਾਨ ਦਾ ਕਹਿਣਾ ਹੈ ਕਿ ਸਰਕਾਰੀ ਇਮਾਰਤ ‘ਤੇ ਅੱਗਜ਼ਨੀ ਅਤੇ ਗੋਲੀਬਾਰੀ ਕਾਰਨ ਪ੍ਰਦਰਸ਼ਨਕਾਰੀਆਂ ਦੀਆਂ ਮੌਤਾਂ ਲਈ ਕੌਣ ਜ਼ਿੰਮੇਵਾਰ ਸੀ, ਇਸ ਦੀ ਜਾਂਚ ਨਹੀਂ ਕੀਤੀ ਗਈ। ਕਰੀਬ 7000 ਪੀਟੀਆਈ ਵਰਕਰਾਂ (PTI Worker) ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ। ਇਸ ਦੌਰਾਨ ਸਾਡੀਆਂ ਸੁਰੱਖਿਆ ਏਜੰਸੀਆਂ ਸੁਪਰੀਮ ਕੋਰਟ ‘ਤੇ ਕਬਜ਼ਾ ਕਰਨ ਅਤੇ ਸੰਵਿਧਾਨ ਨੂੰ ਤਬਾਹ ਕਰਨ ਲਈ ਗੁੰਡਿਆਂ ਦੀ ਮਦਦ ਕਰ ਰਹੀਆਂ ਹਨ। ਸਾਰੇ ਨਾਗਰਿਕਾਂ ਨੂੰ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਲਈ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਇਕ ਵਾਰ ਸੰਵਿਧਾਨ ਅਤੇ ਸੁਪਰੀਮ ਕੋਰਟ ਨੂੰ ਨਸ਼ਟ ਹੋ ਜਾਣ ਤੋਂ ਬਾਅਦ ਇਹ ਪਾਕਿਸਤਾਨ ਦੇ ਸੁਪਨਿਆਂ ਦਾ ਅੰਤ ਹੈ।