ਤਾਂ ਕੀ ਇਤਿਹਾਸ ਬਣ ਜਾਵੇਗੀ ਇਮਰਾਨ ਦੀ ਪਾਰਟੀ ? PTI ਛੱਡਣ ਵਾਲੇ ਬਣਾ ਰਹੇ ਨਵਾਂ ਮੋਰਚਾ
What is Imran Khan Party Future: ਪਾਕਿਸਤਾਨ ਵਿਚ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ 9 ਮਈ ਨੂੰ ਵੱਡੇ ਪੱਧਰ 'ਤੇ ਹਿੰਸਾ ਹੋਈ ਸੀ। ਇਸ ਤੋਂ ਬਾਅਦ ਫੌਜ ਨੇ ਪੀਟੀਆਈ ਨੇਤਾਵਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਸੀ।
ਤਾਂ ਕੀ ਇਮਰਾਨ ਖਾਨ ਦੀ ਪਾਰਟੀ ਇਤਿਹਾਸ ਬਣ ਜਾਵੇਗੀ ? ਪਾਕਿਸਤਾਨ ਤਹਿਰੀਕ-ਏ-ਇਨਸਾਫ (PTI) ਨੂੰ ਸਾਲ-ਦਰ-ਸਾਲ ਲੋਕਾਂ ਦਾ ਬਹੁਤ ਪਿਆਰ ਮਿਲਿਆ। ਦੇਸ਼ ਦੀ ਕਮਾਨ ਵੀ ਉਨ੍ਹਾਂ ਨੂੰ ਸੌਂਪੀ। ਪਰ ਹੁਣ ਇਕ-ਇਕ ਕਰਕੇ ਸਾਰੇ ਵਿਛੜਦੇ ਜਾ ਰਹੇ ਹਨ। 9 ਮਈ ਦੀ ਹਿੰਸਾ ਤੋਂ ਬਾਅਦ ਪੀਟੀਆਈ ਦੀ ਕਿਸਮਤ ਬਦਲਦੀ ਨਜ਼ਰ ਆ ਰਹੀ ਹੈ। ਹੁਣ ਇਸ ਨੂੰ ਸਰਕਾਰ ਅਤੇ ਫੌਜ ਦਾ ਦਬਾਅ ਕਹੋ ਜਾਂ ਇਮਰਾਨ ਖਾਨ ਨਾਲ ਅੰਦਰੂਨੀ ਨਾਰਾਜ਼ਗੀ, ਪਰ ਹੁਣ ਤੱਕ ਪਾਰਟੀ ਦੇ 100 ਦੇ ਕਰੀਬ ਆਗੂ ਅਤੇ ਵਰਕਰ ਵੱਖ ਹੋ ਚੁੱਕੇ ਹਨ।
ਪੀਟੀਆਈ ਨੇ ਇਨ੍ਹਾਂ ਆਗੂਆਂ ਨੂੰ ਮੌਕਾਪ੍ਰਸਤ ਕਰਾਰ ਦਿੱਤਾ ਹੈ, ਪਰ ਇਹ ਵੀ ਮੰਨਿਆ ਹੈ ਕਿ ਉਨ੍ਹਾਂ ਨੇ ਦਬਾਅ ਹੇਠ ਇਹ ਫੈਸਲਾ ਲਿਆ ਹੈ। ਇਮਰਾਨ ਦੀ ਪਾਰਟੀ ਤੋਂ ਵੱਖ ਹੋਏ ਨੇਤਾਵਾਂ ਨੂੰ ਹੋਰ ਛੋਟੀਆਂ ਪਾਰਟੀਆਂ ਇਕਜੁੱਟ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਇਸ ਦੇ ਨਾਲ ਹੀ ਪਾਰਟੀ ਛੱਡ ਚੁੱਕੇ ਕੁਝ ਆਗੂ ਆਪਣੀ ਨਵੀਂ ਪਾਰਟੀ ਬਣਾਉਣ ਦੀ ਤਿਆਰੀ ਕਰ ਰਹੇ ਹਨ।
ਹਾਸ਼ਿਮ ਡੋਗਰ ਅਤੇ ਮੁਰਾਦ ਰਾਸ ਦਾ ਮੋਰਚਾ
ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਦੀ ਪਾਰਟੀ ਛੱਡ ਕੇ ਆਏ ਹਾਸ਼ਿਮ ਡੋਗਰ ਅਤੇ ਮੁਰਾਦ ਰਾਸ ਨੇ ਵੀ ਵੱਖਰਾ ਮੋਰਚਾ ਬਣਾਉਣ ਦੀਆਂ ਕੋਸ਼ਿਸ਼ਾਂ ਜਾਰੀ ਕਰ ਦਿੱਤੀਆਂ ਹਨ। ਹਾਲਾਂਕਿ ਹਾਲੇ ਇਹ ਇੱਕ ਛੋਟਾ ਗਰੁੱਪ ਹੈ ਪਰ ਪੀਟੀਆਈ ਨੂੰ ਨੁਕਸਾਨ ਪਹੁੰਚਾਉਣ ਲਈ ਕਾਫੀ ਹੈ। ਇਨ੍ਹਾਂ ਦੋਵਾਂ ਨੇ ਮਿਲ ਕੇ ‘ਡੈਮੋਕਰੇਟਸ’ ਨਾਂ ਦਾ ਨਵਾਂ ਫਰੰਟ ਬਣਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਗਰੁੱਪ ਨੂੰ ਕਰੀਬ 35 ਸਾਬਕਾ ਸੰਸਦ ਮੈਂਬਰਾਂ ਅਤੇ ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਹੈ। ਇਸ ਵਿੱਚ ਕੁਝ ਸੂਬਾਈ ਅਤੇ ਕੇਂਦਰੀ ਮੰਤਰੀ ਵੀ ਹਨ।
No doubt that series of resignations of PTI leaders under arrests & threats from military is a huge challenge for Imran Khan but what about Gen. Asim Munir who in order to defeat Imran Khan has practically imposed martial law in the country? What follows next in Pakistan, No one
— Moeed Pirzada (@MoeedNj) May 24, 2023
ਇਹ ਵੀ ਪੜ੍ਹੋ
ਇਹ ਲੋਕ ਲਗਾਤਾਰ ਮੀਟਿੰਗਾਂ ਕਰਕੇ ਆਪਣੀ ਤਾਕਤ ਵਧਾਉਣ ਵਿੱਚ ਲੱਗੇ ਹੋਏ ਹਨ। ਇਨ੍ਹਾਂ ਦੀਆਂ ਕੋਸ਼ਿਸ਼ਾਂ ਹਨ ਕਿ ਪਾਰਟੀ ਛੱਡ ਚੁੱਕੇ ਲੋਕਾਂ ਨੂੰ ਆਪਣੇ ਨਾਲ ਜੋੜਿਆ ਜਾਵੇ। ਇਸ ਦੇ ਨਾਲ ਹੀ ਪਾਰਟੀ ਵਿੱਚ ਜੋ ਆਗੂ ਸੰਤੁਸ਼ਟ ਨਹੀਂ ਹਨ, ਉਨ੍ਹਾਂ ਨੂੰ ਵੀ ਨਾਲ ਲਿਆਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਡਾਨ ਦੀ ਖ਼ਬਰ ਮੁਤਾਬਕ ਹਾਲਾਂਕਿ ਉਨ੍ਹਾਂ ਨੇ ਅਜੇ ਤੱਕ ਇਹ ਨਹੀਂ ਦੱਸਿਆ ਹੈ ਕਿ ਉਨ੍ਹਾਂ ਨਾਲ ਕਿੰਨੇ ਲੋਕ ਜੁੜੇ ਹਨ। ਪਰ ਇਹ ਸਪੱਸ਼ਟ ਕੀਤਾ ਹੈ ਕਿ ਹੁਣ ਤੱਕ ਕੋਈ ਵੀ ਮਹਿਲਾ ਆਗੂ ਨਾਲ ਨਹੀਂ ਆਈ ਹੈ।
ਅਜੇ ਤੱਕ ਨਾਵਾਂ ਦਾ ਖੁਲਾਸਾ ਨਹੀਂ
ਮੋਰਚੇ ਦੀ ਅਗਵਾਈ ਕਰ ਰਹੇ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਮੁਰਾਦ ਰਾਸ ਨੇ ਡਾਨ ਨੂੰ ਦੱਸਿਆ ਕਿ ਇਹ ਸਪੱਸ਼ਟ ਹੈ ਕਿ ਉਹ ਸੱਤਾਧਾਰੀ ਪਾਰਟੀ ਨਾਲ ਹੱਥ ਨਹੀਂ ਮਿਲਾਉਣਗੇ। ਅਸੀਂ ਕਈ ਮੀਟਿੰਗਾਂ ਕੀਤੀਆਂ ਹਨ, ਪਰ ਫਿਲਹਾਲ ਕਿਸੇ ਦੇ ਨਾਂ ਦਾ ਖੁਲਾਸਾ ਨਹੀਂ ਕਰਾਂਗੇ। ਮੌਜੂਦਾ ਸਥਿਤੀ ਵਿੱਚ ਉਨ੍ਹਾਂ ਲਈ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਕਿਸੇ ‘ਤੇ ਦਬਾਅ ਨਹੀਂ ਪਾ ਰਹੇ ਹਾਂ ਅਤੇ ਲੋਕ ਆਪਣੇ-ਆਪ ਉਨ੍ਹਾਂ ਨਾਲ ਜੁੜ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਦੂਜੀਆਂ ਪਾਰਟੀਆਂ ਪੀਐਮਐਲ-ਕਿਊ ਅਤੇ ਜਹਾਂਗੀਰ ਖ਼ਾਨ ਤਰੀਨ ਗਰੁੱਪ ਦੇ ਆਗੂ ਵੀ ਸਾਡੇ ਨਾਲ ਸੰਪਰਕ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਪਰ ਅਸੀਂ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦਿੱਤਾ। ਅਗਲੇ 2-3 ਦਿਨਾਂ ਵਿੱਚ ਅਸੀਂ ਆਪਣੇ ਮੋਰਯੇ ਸਬੰਧੀ ਜਾਣਕਾਰੀ ਜਨਤਕ ਕਰਾਂਗੇ।
ਹੋਰ ਪਾਰਟੀਆਂ ਵੀ ਤੋੜ ਰਹੀਆਂ
ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਫਸੇ ਇਮਰਾਨ ਖ਼ਾਨ ਉੱਤੇ ਫੌਜ ਅਤੇ ਸਰਕਾਰ ਦੋਵੇਂ ਸ਼ਿਕੰਜਾ ਕੱਸਣ ਵਿੱਚ ਲੱਗੇ ਹੋਏ ਹਨ। ਹਾਲਾਂਕਿ ਉਹ ਅਦਾਲਤ ਦੀ ਮੋਹਰਬਾਨੀ ਨਾਲ ਹਾਲੇ ਤੱਕ ਬਚਦੇ ਆ ਰਹੇ ਹਨ। ਹੁਣ ਉਨ੍ਹਾਂ ਦੀ ਪਾਰਟੀ ਛੱਡਣ ਵਾਲੇ ਆਗੂਆਂ ‘ਤੇ ਦੂਸਰੀਆਂ ਪਾਰਟੀਆਂ ਵੀ ਨਜ਼ਰ ਰੱਖ ਰਹੀਆਂ ਹਨ। ਕਈ ਸੀਨੀਅਰ ਆਗੂ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਰਹੇ ਹਨ। ਪੀਐਮਐਲ-ਕਿਊ ਦੇ ਇੱਕ ਨੇਤਾ ਨੇ ਦੱਸਿਆ ਕਿ ਪੀਓਕੇ ਦੇ ਕਥਿਤ ਪ੍ਰਧਾਨ ਮੰਤਰੀ ਤਨਵੀਰ ਇਲਿਆਸ ਨੇ ਦਾਅਵਾ ਕੀਤਾ ਸੀ ਕਿ ਉਹ ਆਪਣੇ ਨਾਲ 10 ਤੋਂ 15 ਲੋਕਾਂ ਨੂੰ ਲਿਆ ਰਿਹਾ ਹੈ। ਪਾਰਟੀ ਪ੍ਰਧਾਨ ਚੌਧਰੀ ਸ਼ੁਜਾਤ ਆਲਮ ਨੇ ਵੀ ਕਿਹਾ ਸੀ ਕਿ ਜੇਕਰ ਅਜਿਹਾ ਹੈ ਤਾਂ ਉਨ੍ਹਾਂ ਦਾ ਸਵਾਗਤ ਹੈ।
ਹਾਲਾਂਕਿ, ਬਾਅਦ ਵਿੱਚ ਉਹ ਤਰੀਨ ਗਰੁੱਪ ਵਿੱਚ ਸ਼ਾਮਲ ਹੋ ਗਏ। ਪੀਓਕੇ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਤਨਵੀਰ ਇਲਿਆਸ ਨੇ ਪਾਰਟੀ ਛੱਡਣ ਦਾ ਫੈਸਲਾ ਕੀਤਾ ਸੀ। ਪੀਐਮਐਲ-ਕਿਊ ਤੋਂ ਇਲਾਵਾ ਪੀਪੀਪੀ ਅਤੇ ਤਰੀਨ ਗਰੁੱਪ ਨੇ ਵੀ ਆਪਣੇ ਦਰਵਾਜ਼ੇ ਖੋਲ੍ਹੇ ਹੋਏ ਹਨ। ਬਿਲਾਵਲ ਭੁੱਟੋ ਦੀ ਪੀਪੀਪੀ ਪਾਰਟੀ ਇਸ ਵੇਲੇ ਸੱਤਾਧਾਰੀ ਪਾਰਟੀ ਨਾਲ ਹੈ। ਇਹ ਪਾਰਟੀਆਂ ਦਾਅਵਾ ਕਰ ਰਹੀਆਂ ਹਨ ਕਿ ਉਨ੍ਹਾਂ ਦੇ ਨਾਲ ਰਹਿ ਕੇ ਹੀ ਤੁਸੀਂ ਸੁਰੱਖਿਅਤ ਰਾਜਨੀਤੀ ਕਰ ਸਕੋਗੇ।
ਰੁਕ ਨਹੀਂ ਰਿਹਾ ਵਿਛੋੜੇ ਦਾ ਸਿਲਸਿਲਾ
ਪੀਟੀਆਈ ਤੋਂ ਆਗੂਆਂ ਦੇ ਜਾਣ ਦਾ ਸਿਲਸਿਲਾ ਰੁਕ ਨਹੀਂ ਰਿਹਾ। ਇੱਕ ਦਿਨ ਪਹਿਲਾਂ ਐਤਵਾਰ ਨੂੰ ਪੰਜਾਬ ਦੇ ਸਾਬਕਾ ਵਿਧਾਨ ਸਭਾ ਮੈਂਬਰ ਚੌਧਰੀ ਰਜ਼ਾ ਨਸਰੁੱਲਾ ਘੁੰਮਣ ਅਤੇ ਆਇਸ਼ਾ ਇਕਬਾਲ ਵੀ ਪਾਰਟੀ ਛੱਡ ਚੁੱਕੇ ਹਨ। ਦੋਵਾਂ ਨੇ 9 ਮਈ ਨੂੰ ਹੋਈ ਹਿੰਸਾ ਦੀ ਆਲੋਚਨਾ ਕੀਤੀ ਹੈ। ਘੁੰਮਣ ਨੇ ਕਿਹਾ ਕਿ ਉਹ 21 ਸਾਲ ਸਿਆਸਤ ਕਰਨ ਤੋਂ ਬਾਅਦ ਬਰੇਕ ਲੈ ਰਹੇ ਹਨ। ਜਦਕਿ ਆਇਸ਼ਾ ਇਕਬਾਲ ਨੇ ਹਿੰਸਾ ਆਧਾਰਿਤ ਰਾਜਨੀਤੀ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਉਹ ਚੰਗੇ ਲਈ ਪਾਰਟੀ ਛੱਡ ਰਹੀ ਹੈ।
1996 ਵਿਚ ਹੋਇਆ ਸੀ ਪਾਰਟੀ ਦਾ ਗਠਨ
ਸਾਲ 1996 ‘ਚ ਪਾਰਟੀ ਬਣਾਉਣ ਤੋਂ ਬਾਅਦ ਇਮਰਾਨ ਨੂੰ ਸ਼ੁਰੂਆਤ ‘ਚ ਸਫਲਤਾ ਨਹੀਂ ਮਿਲੀ। 1997 ਵਿੱਚ ਵੀ ਇੱਕ ਵੀ ਸੀਟ ਨਹੀਂ ਮਿਲੀ ਅਤੇ 2002 ਵਿੱਚ ਸਿਰਫ ਇਮਰਾਨ ਜਿੱਤੇ ਸਨ। ਪਰ 2007 ਤੋਂ ਪਾਰਟੀ ਨੇ ਪ੍ਰਭਾਵ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ 2018 ਵਿੱਚ ਸਰਕਾਰ ਬਣਾਉਣ ਵਿੱਚ ਕਾਮਯਾਬ ਹਾਸਿਲ ਕੀਤੀ। 2018 ਵਿੱਚ, ਪਾਰਟੀ ਨੂੰ 1.69 ਕਰੋੜ ਵੋਟਾਂ ਮਿਲੀਆਂ, ਜੋ ਪਾਕਿਸਤਾਨ ਦੇ ਇਤਿਹਾਸ ਵਿੱਚ ਇੱਕ ਰਿਕਾਰਡ ਹੈ।
ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ