Pakistan Update: ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੂਰੈਸ਼ੀ ਵੀ ਗ੍ਰਿਫ਼ਤਾਰ, ਇਮਰਾਨ ਖ਼ਾਨ 8 ਦਿਨਾਂ ਲਈ NAB ਦੀ ਰਿਮਾਂਡ ‘ਤੇ, ਪ੍ਰਦਰਸ਼ਨ ਜਾਰੀ

Updated On: 

10 May 2023 17:47 PM

ਇਮਰਾਨ ਦੀ ਗ੍ਰਿਫਤਾਰੀ 'ਤੇ ਰੋਕ ਲਗਾਉਣ ਵਾਲੀ ਪਟੀਸ਼ਨ ਸੁਪਰੀਮ ਕੋਰਟ ਤੋਂ ਖਾਰਜ ਹੋ ਗਈ ਹੈ। ਉਨ੍ਹਾਂ ਨੂੰ 8 ਦਿਨ ਦੀ NAB ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਗੁਆਂਢੀ ਦੇਸ਼ ਵਿੱਚ ਪ੍ਰਦਰਸ਼ਨ ਹੋ ਰਿਹਾ ਹੈ। ਪੀਟੀਆਈ ਸਮਰਥਕ ਸੜਕਾਂ 'ਤੇ ਏਕੇ-47 ਨਾਲ ਗੋਲੀਬਾਰੀ ਕਰ ਰਹੇ ਹਨ।

Pakistan Update: ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੂਰੈਸ਼ੀ ਵੀ ਗ੍ਰਿਫ਼ਤਾਰ, ਇਮਰਾਨ ਖ਼ਾਨ 8 ਦਿਨਾਂ ਲਈ NAB ਦੀ ਰਿਮਾਂਡ ਤੇ, ਪ੍ਰਦਰਸ਼ਨ ਜਾਰੀ
Follow Us On

ਪਾਕਿਸਤਾਨ ਨਿਊਜ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਤੋਂ ਬਾਅਦ ਬੁੱਧਵਾਰ ਨੂੰ ਉਨ੍ਹਾਂ ਦੇ ਕਰੀਬੀ ਅਤੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੂਰੈਸ਼ੀ ( Shah Mahmood Qureshi) ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਉੱਧਰ, ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਦੀ ਪਟੀਸ਼ਨ ਨੂੰ ਖਾਰਜ ਕਰਦਿਆਂ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ 8 ਦਿਨਾਂ ਲਈ ਨੈਸ਼ਨਲ ਅਕਾਊਂਟੇਬਿਲਿਟੀ ਬਿਊਰੋ (NAB) ਦੀ ਰਿਮਾਂਡ ਤੇ ਭੇਜ ਦਿੱਤਾ ਹੀ। ਉੱਥੇ ਹੀ ਪੁਲਿਸ ਵੱਲੋਂ ਲਾਹੌਰ ਵਿੱਚ ਇਮਰਾਨ ਖਾਨ ਦੇ ਘਰ ਦੇ ਬਾਹਰ ਆਪਰੇਸ਼ਨ ਚਲਾਉਂਦਿਆਂ ਘਰ ਦੇ ਸਾਹਮਣੇ ਵਾਲੇ ਪਾਰਕ ਨੂੰ ਖਾਲੀ ਕਰਵਾ ਲਿਆ।

ਸੁਪਰੀਮ ਕੋਰਟ ਵੱਲੋਂ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਇਮਰਾਨ ਖਾਨ ਦੇ ਵਕੀਲ ਨੇ ਦਾਅਵਾ ਕੀਤਾ ਹੈ ਕਿ ਇਮਰਾਨ ਖਾਨ ਦੀ ਛਾਤੀ ਵਿੱਚ ਦਰਦ ਸ਼ੁਰੂ ਹੋ ਗਿਆ ਹੈ। ਦੱਸ ਦੇਈਏ ਕਿ ਇਮਰਾਨ ਖਾਨ ਨੂੰ ਮੰਗਲਵਾਰ ਨੂੰ ਅਲ-ਕਾਦਿਰ ਟਰੱਸਟ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪੂਰੇ ਦੇਸ਼ ‘ਚ ਹਿੰਸਾ ਭੜਕ ਗਈ ਹੈ। ਪੀਟੀਆਈ ਸਮਰਥਕ ਸੜਕਾਂ ‘ਤੇ ਉਤਰ ਆਏ ਹਨ। ਫੌਜ ਦੇ ਕੋਰ ਕਮਾਂਡਰ ਦੇ ਘਰ ਦੀ ਭੰਨਤੋੜ ਕੀਤੀ ਗਈ ਅਤੇ ਫਿਰ ਅੱਗ ਲਗਾ ਦਿੱਤੀ ਗਈ। ਨਾਲ ਹੀ ਸਮਰਥਕਾਂ ਵੱਲੋਂ ਸੜਕ ਤੇ ਏਕੇ-47 ਨਾਲ ਅੰਨ੍ਹੇਵਾਹ ਗੋਲੀਬਾਰੀ ਵੀ ਕੀਤੀ ਜਾ ਰਹੀ ਹੈ।

ਸੁਪਰੀਮ ਕੋਰਟ ਤੋਂ ਇਮਰਾਨ ਖਾਨ ਨੂੰ ਝਟਕਾ

ਇਮਰਾਨ ਖਾਨ ਨੂੰ ਸੁਪਰੀਮ ਕੋਰਟ ਤੋਂ ਝਟਕਾ ਲੱਗਾ ਹੈ। NAB ਦੀ ਗ੍ਰਿਫਤਾਰੀ ਸਬੰਧੀ ਹਾਈਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਪਟੀਸ਼ਨ ‘ਚ ਗ੍ਰਿਫਤਾਰੀ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ। ਹਾਲਾਂਕਿ ਸੁਪਰੀਮ ਕੋਰਟ ਨੇ ਇਮਰਾਨ ਦੀ ਪਾਰਟੀ ਪੀਟੀਆਈ ਵੱਲੋਂ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ।

ਪੇਸ਼ਾਵਰ ਵਿੱਚ ਚਾਰ ਲੋਕਾਂ ਦੀ ਮੌਤ

ਪਾਕਿਸਤਾਨੀ ਪੱਤਰਕਾਰ ਇਫ਼ਤਿਖਾਰ ਫਿਰਦੌਸ ਨੇ ਦੱਸਿਆ ਹੈ ਕਿ ਪੇਸ਼ਾਵਰ ‘ਚ ਚਾਰ ਲੋਕਾਂ ਦੀ ਮੌਤ ਹੋਈ ਹੈ, ਜਦਕਿ ਕਈ ਦਰਜਨ ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਕਈ ਲਾਸ਼ਾਂ ਅਤੇ ਜ਼ਖਮੀਆਂ ਨੂੰ ਲੇਡੀ ਰੀਡਿੰਗ ਹਸਪਤਾਲ ਲਿਜਾਇਆ ਗਿਆ ਹੈ। ਪੱਤਰਕਾਰ ਨੇ ਦੱਸਿਆ ਕਿ ਪੇਸ਼ਾਵਰ ਵਿੱਚ ਹਾਲਾਤ ਵਿਗੜਦੇ ਜਾ ਰਹੇ ਹਨ।

ਈਧੀ ਫਾਊਂਡੇਸ਼ਨ ਦੀ ਐਂਬੂਲੈਂਸ ਸਾੜੀ

ਈਧੀ ਫਾਊਂਡੇਸ਼ਨ ਦੇ ਬੁਲਾਰੇ ਨੇ ਇਕ ਬਿਆਨ ‘ਚ ਕਿਹਾ ਕਿ ਪੇਸ਼ਾਵਰ ਦੇ ਜੀਟੀ ਰੋਡ ‘ਤੇ ਜਿਨਾਹ ਪਾਰਕ ਨੇੜੇ ਇਕ ਐਂਬੂਲੈਂਸ ਨੂੰ ਅੱਗ ਲਾ ਦਿੱਤੀ ਗਈ। ਇਹ ਐਂਬੂਲੈਂਸ ਈਧੀ ਫਾਊਂਡੇਸ਼ਨ ਨਾਲ ਜੁੜੀ ਹੋਈ ਸੀ। ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਜਾ ਰਿਹਾ ਹੈ। ਇਸ ਅੱਗ ‘ਚ ਕਿਸੇ ਦੀ ਮੌਤ ਨਹੀਂ ਹੋਈ ਹੈ।

ਪੇਸ਼ਾਵਰ ਵਿੱਚ 2 ਦੀ ਮੌਤ, ਏਕੇ-47 ਨਾਲ ਗੋਲੀਬਾਰੀ

ਪੇਸ਼ਾਵਰ ‘ਚ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਹੋਈ ਹੈ। ਇਸ ਝੜਪ ‘ਚ 4 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 9 ਲੋਕ ਜ਼ਖਮੀ ਦੱਸੇ ਜਾ ਰਹੇ ਹਨ।ਪ੍ਰਦਰਸ਼ਨਕਾਰੀਆਂ ਨੂੰ ਏਕੇ-47 ਨਾਲ ਗੋਲੀਬਾਰੀ ਕਰਦੇ ਵੀ ਦੇਖਿਆ ਗਿਆ ਹੈ। ਲੰਘ ਰਹੀ ਐਂਬੂਲੈਂਸ ਤੋਂ ਮਰੀਜ਼ ਨੂੰ ਉਤਾਰ ਦਿੱਤਾ ਗਿਆ।

ਪੇਸ਼ਾਵਰ ‘ਚ ਰੇਡੀਓ ਪਾਕਿਸਤਾਨ ਦੀ ਇਮਾਰਤ ‘ਤੇ ਹਮਲਾ

ਰੇਡੀਓ ਪਾਕਿਸਤਾਨ ਦੇ ਡਾਇਰੈਕਟਰ ਜਨਰਲ ਤਾਹਿਰ ਹੁਸੈਨ ਨੇ ਕਿਹਾ ਹੈ ਕਿ ਪੇਸ਼ਾਵਰ ‘ਚ ਰੇਡੀਓ ਦੀ ਇਮਾਰਤ ‘ਤੇ ਹਮਲਾ ਹੋਇਆ ਹੈ। ਇਕ ਬਿਆਨ ‘ਚ ਉਨ੍ਹਾਂ ਕਿਹਾ ਕਿ ਕਈ ਬਦਮਾਸ਼ਾਂ ਨੇ ਇਮਾਰਤ ‘ਤੇ ਹਮਲਾ ਕੀਤਾ। ਇਸ ਦੌਰਾਨ ਮੁੱਖ ਗੇਟ ਟੁੱਟ ਗਿਆ। ਹਮਲੇ ਦੀ ਵੀਡੀਓ ਵੀ ਸਾਹਮਣੇ ਆਈ ਹੈ।

ਤੋਸ਼ਾਖਾਨਾ ਮਾਮਲੇ ‘ਚ ਇਮਰਾਨ ਦੋਸ਼ੀ ਕਰਾਰ

ਇਮਰਾਨ ਖਾਨ ਨੂੰ ਅਦਾਲਤ ਤੋਂ ਵੱਡਾ ਝਟਕਾ ਲੱਗਾ ਹੈ। ਤੋਸ਼ਾਖਾਨਾ ਮਾਮਲੇ ‘ਚ ਇਮਰਾਨ ਖਾਨ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਮਰਾਨ ਖਾਨ ‘ਤੇ ਦੋਸ਼ ਆਇਦ ਕੀਤੇ ਗਏ ਹਨ। ਜਲਦੀ ਹੀ ਉਨ੍ਹਾਂ ਦੀ ਸਜ਼ਾ ਤੇ ਫੈਸਲਾ ਲਿਆ ਜਾਵੇਗਾ।

ਦਰਅਸਲ, ਮਕਸੂਦ ਚਪੜਾਸੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਉਨ੍ਹਾਂ ਦੇ ਪਰਿਵਾਰ ਦੇ ਖਿਲਾਫ ਮਨੀ ਲਾਂਡਰਿੰਗ ਮਾਮਲੇ ਵਿੱਚ ਮੁੱਖ ਗਵਾਹ ਸੀ। ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ। ਉਸ ਸਮੇਂ ਇਮਰਾਨ ਖਾਨ ਨੇ ਦਾਅਵਾ ਕੀਤਾ ਸੀ ਕਿ ਸ਼ਰੀਫ ਦੇ ਪਰਿਵਾਰ ਨੇ ਮਕਸੂਦ ਚਪਰਾਸੀ ਨੂੰ ਨਸ਼ੀਲਾ ਪਦਾਰਥ ਦਿੱਤਾ ਸੀ ਅਤੇ ਦਿਲ ਦਾ ਦੌਰਾ ਪੈਣ ਦਾ ਰੂਪ ਦੇ ਦਿੱਤਾ ਹੈ।

ਲਾਹੌਰ ‘ਚ ਪੁਲਿਸ ਸਟੇਸ਼ਨ ‘ਤੇ ਹਮਲਾ

ਲਾਹੌਰ ਪੁਲਿਸ ਦਾ ਕਹਿਣਾ ਹੈ ਕਿ ਇਮਰਾਨ ਖਾਨ ਦੀ ਪੀਟੀਆਈ ਪਾਰਟੀ ਦੇ ਸਮਰਥਕਾਂ ਨੇ ਸ਼ਹਿਰ ਦੇ ਸ਼ਦਮਾਨ ਪੁਲਿਸ ਸਟੇਸ਼ਨ ‘ਤੇ ਹਮਲਾ ਕੀਤਾ ਹੈ। ਇਸ ਹਮਲੇ ਵਿੱਚ ਥਾਣੇ ਦੇ ਮੁੱਖ ਗੇਟ ਨੂੰ ਨੁਕਸਾਨ ਪਹੁੰਚਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਵੱਡੀ ਗਿਣਤੀ ‘ਚ ਇੱਥੇ ਪੁੱਜੇ ਸਨ ਅਤੇ ਉਨ੍ਹਾਂ ਨੇ ਥਾਣੇ ‘ਤੇ ਹਮਲਾ ਕਰ ਦਿੱਤਾ।

ਖੈਬਰ ਪਖਤੂਨਖਵਾ ਵਿੱਚ ਫੌਜ ਤਾਇਨਾਤ

ਪਾਕਿਸਤਾਨੀ ਫੌਜ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਖੈਬਰ ਪਖਤੂਨਖਵਾ ਸੂਬੇ ‘ਚ ਫੌਜ ਤਾਇਨਾਤ ਕੀਤੀ ਹੈ। ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਇੱਥੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ।

ਇਮਰਾਨ ਨੂੰ ਸਤਾਇਆ ਮਾਰੇ ਜਾਣ ਦਾ ਡਰ

ਇਸਲਾਮਾਬਾਦ ਹਾਈ ਕੋਰਟ ‘ਚ ਇਮਰਾਨ ਖਾਨ ਨੇ ਕਿਹਾ ਕਿ ਉਹ ਪਿਛਲੇ 24 ਘੰਟਿਆਂ ਤੋਂ ਵਾਸ਼ਰੂਮ ਨਹੀਂ ਗਏ ਹਨ। ਇਮਰਾਨ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਡਾਕਟਰ ਨੂੰ ਬੁਲਾਇਆ ਜਾਵੇ। ਇਮਰਾਨ ਨੇ ਕਿਹਾ, ‘ਮੈਨੂੰ ਡਰ ਹੈ ਕਿ ਕਿਤੇ ਮੈਨੂੰ ਵੀ ਮਕਸੂਦ ਚਪੜਾਸੀ ਵਾਂਗ ਨਾ ਮਾਰ ਦਿੱਤਾ ਜਾਵੇ। ਉਹ ਇੱਕ ਤਰ੍ਹਾਂ ਦਾ ਟੀਕਾ ਲਗਾਉਂਦੇ ਹਨ ਅਤੇ ਫਿਰ ਵਿਅਕਤੀ ਹੌਲੀ-ਹੌਲੀ ਮਰ ਜਾਂਦਾ ਹੈ।

ਪੰਜਾਬ ਵਿੱਚ ਫੌਜ ਤਾਇਨਾਤ

ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਵਿਗੜਦੇ ਹਾਲਾਤ ‘ਤੇ ਕਾਬੂ ਪਾਉਣ ਲਈ ਫੌਜ ਨੂੰ ਤਾਇਨਾਤ ਕੀਤਾ ਗਿਆ ਹੈ। ਫੌਜ ਨੇ ਇੱਥੇ ਲਗਭਗ 1000 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਹਿੰਸਕ ਪ੍ਰਦਰਸ਼ਨ ‘ਚ ਕਰੀਬ 130 ਪੁਲਿਸ ਕਰਮਚਾਰੀ ਵੀ ਜ਼ਖਮੀ ਹੋ ਗਏ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ