Subscribe to
Notifications
Subscribe to
Notifications
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਨੂੰ ਰਾਜਧਾਨੀ ਇਸਲਾਮਾਬਾਦ ‘ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਵਕੀਲ ਫੈਜ਼ਲ ਚੌਧਰੀ ਨੇ ਸਾਬਕਾ ਪ੍ਰਧਾਨ ਮੰਤਰੀ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ। ਪਾਕਿਸਤਾਨ ਰੇਂਜਰਾਂ ਨੇ ਇਮਰਾਨ ਖਾਨ ਨੂੰ ਇਸਲਾਮਾਬਾਦ ਹਾਈ ਕੋਰਟ ਦੇ ਬਾਹਰੋਂ ਗ੍ਰਿਫਤਾਰ ਕੀਤਾ ਹੈ। ਇਮਰਾਨ ਨੂੰ ‘ਕਾਦਿਰ ਟਰੱਸਟ ਕੇਸ’ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਪੀਟੀਆਈ ਨੇਤਾ ਇਮਰਾਨ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਗੁੱਸੇ ‘ਚ ਆ ਗਏ ਹਨ। ਪੀਟੀਆਈ ਨੇ ਇਮਰਾਨ ਦੀ ਗ੍ਰਿਫਤਾਰੀ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ।
ਇਸਲਾਮਾਬਾਦ ਦੇ ਆਈਜੀ ਨੇ ਕੀਤੀ ਗ੍ਰਿਫਤਾਰੀ ਦੀ ਤਸਦੀਕ
ਉੱਧਰ, ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਇਸਲਾਮਾਬਾਦ ਪੁਲਿਸ ਨੇ ਬਿਆਨ ਵੀ ਜਾਰੀ ਕੀਤਾ ਹੈ। ਇਸਲਾਮਾਬਾਦ ਦੇ ਆਈਜੀ ਨੇ ਦੱਸਿਆ ਕਿ ਇਮਰਾਨ ਨੂੰ ਕਾਦਿਰ ਟਰੱਸਟ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਫਿਲਹਾਲ ਸਥਿਤੀ ਆਮ ਵਾਂਗ ਹੈ। ਆਈਜੀ ਨੇ ਦੱਸਿਆ ਕਿ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉੱਧਰ, ਪੀਟੀਆਈ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਵਿੱਚ, ਦੱਸਿਆ ਗਿਆ ਹੈ ਕਿ ਹਾਈ ਕੋਰਟ ਦੇ ਬਾਹਰ ਗ੍ਰਿਫਤਾਰੀ ਦੇ ਦੌਰਾਨ ਹੋਈ ਝੜਪ ਵਿੱਚ ਇਮਰਾਨ ਦੇ ਵਕੀਲ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ।
ਇਮਰਾਨ ਦੀ ਪਾਰਟੀ ਦੇ ਨੇਤਾਵਾਂ ਨੇ ਕੀ ਕਿਹਾ?
ਪੀਟੀਆਈ ਦੇ ਉਪ ਪ੍ਰਧਾਨ ਫਵਾਦ ਚੌਧਰੀ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਆਉਣ ਦੀ ਅਪੀਲ ਕੀਤੀ ਹੈ। ਇਸਲਾਮਾਬਾਦ ਹਾਈ ਕੋਰਟ ‘ਚ ਹਮਲਾ ਹੋਇਆ ਹੈ। ਇਮਰਾਨ ਖਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੀ ਗ੍ਰਿਫਤਾਰੀ ਨਿਆਂ ਪ੍ਰਣਾਲੀ ਨੂੰ ਬੰਦ ਕਰਨ ਦੇ ਬਰਾਬਰ ਹੈ। ਫਵਾਦ ਚੌਧਰੀ ਨੇ ਇਕ ਟਵੀਟ ‘ਚ ਕਿਹਾ ਕਿ ਹਾਈਕੋਰਟ ਨੂੰ ਰੇਂਜਰਾਂ ਨੇ ਘੇਰ ਲਿਆ ਹੈ ਅਤੇ ਵਕੀਲਾਂ ‘ਤੇ ਤਸ਼ੱਦਦ ਕੀਤੀ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਮਰਾਨ ਖਾਨ ਦੀ ਕਾਰ ਨੂੰ ਚਾਰੋਂ ਪਾਸਿਓਂ ਘੇਰ ਲਿਆ ਗਿਆ ਸੀ।
ਪੀਟੀਆਈ ਆਗੂ ਅਜ਼ਹਰ ਮਸ਼ਵਾਨੀ ਨੇ ਦੋਸ਼ ਲਾਇਆ ਕਿ ਇਮਰਾਨ ਨੂੰ ਅਦਾਲਤ ਦੇ ਬਾਹਰ ਰੇਂਜਰਾਂ ਨੇ ‘ਅਗਵਾ’ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਪਾਰਟੀ ਨੇ ਤੁਰੰਤ ਪ੍ਰਭਾਵ ਨਾਲ ਦੇਸ਼ ਭਰ ਵਿੱਚ ਪ੍ਰਦਰਸ਼ਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਦੇ ਇਕ ਹੋਰ ਨੇਤਾ ਨੇ ਦੱਸਿਆ ਕਿ ਇਮਰਾਨ ਖਾਨ ‘ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਉਨ੍ਹਾਂ (ਰੇਂਜਰਾਂ) ਨੇ ਖਾਨ ਸਾਹਿਬ ਨਾਲ ਕੁੱਟਮਾਰ ਕੀਤੀ ਹੈ। ਉਨ੍ਹਾਂ ਨੇ ਖਾਨ ਸਾਹਿਬ ਨਾਲ ਕੁਝ ਕੀਤਾ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ