ਸਿੰਧ ਦੇ 190 ਹਿੰਦੂਆਂ ਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਭਾਰਤ ਜਾਉਣ ਤੋਂ ਰੋਕਿਆ
ਪਾਕਿਸਤਾਨ ਵਿੱਚ ਤਕਰੀਬਨ 22 ਲੱਖ ਹਿੰਦੂ ਰਹਿੰਦੇ ਹਨ, ਜਿਨ੍ਹਾਂ ਚੋਂ ਜ਼ਿਆਦਾਤਰ ਸੂਬਾ ਸਿੰਧ ਵਿੱਚ ਵੱਸਦੇ ਹਨ। ਉਨ੍ਹਾਂ ਦਾ ਸਭਿਆਚਾਰ ਅਤੇ ਭਾਸ਼ਾ ਉੱਥੇ ਦੇ ਮੁਸਲਮਾਨ ਬਾਸ਼ਿੰਦਿਆਂ ਨਾਲ ਮਿਲਦੇ-ਜੁਲਦੇ ਹਨ। ਉਹ ਕੱਟੜਪੰਥੀਆਂ ਦੇ ਹੱਥੀਂ ਜ਼ੁਲਮਾਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ।
ਇਸਲਾਮਾਬਾਦ : ਪਾਕਿਸਤਾਨੀ ਅਧਿਕਾਰੀਆਂ ਵੱਲੋਂ ਉਥੇ ਸੂਬਾ ਸਿੰਧ ਦੇ ਰਹਿਣ ਵਾਲੇ 190 ਹਿੰਦੂਆਂ ਨੂੰ ਭਾਰਤ ਜਾਣ ਤੋਂ ਉਸ ਵੇਲੇ ਰੋਕ ਦਿੱਤਾ ਗਿਆ ਜਦੋਂ ਇਹ ਲੋਕੀ ਪੜੋਸੀ ਮੁਲਕ ਵਿੱਚ ਜਾਣ ਦੇ ਆਪਣੇ ਮਕਸਦ ਬਾਰੇ ਕੋਈ ਤਸੱਲੀਬਖਸ਼ ਜਵਾਬ ਨਹੀਂ ਸੀ ਦੇ ਰਹੇ। ਇਸ ਗੱਲ ਦੀ ਜਾਣਕਾਰੀ ਇੱਥੇ ਮੀਡੀਆ ਵਿੱਚ ਆ ਰਹੀਆਂ ਖਬਰਾਂ ਵਿੱਚ ਦਿੱਤੀ ਗਈ ਹੈ।
ਭਾਰਤ ਜਾਣ ਦੀ ਨਹੀਂ ਮਿਲੀ ਇਜਾਜਤ
ਮੰਗਲਵਾਰ ਨੂੰ ਸੂਬਾ ਸਿੰਧ ਦੇ ਅੰਦਰੂਨੀ ਇਲਾਕਿਆਂ ਤੋਂ ਬੱਚਿਆਂ ਅਤੇ ਮਹਿਲਾਵਾਂ ਸਮੇਤ ਕਈ ਹਿੰਦੂ ਪਰਿਵਾਰ ਭਾਰਤ ਵਿੱਚ ਆਪਣੀਆਂ ਤੀਰਥ ਯਾਤਰਾਵਾਂ ਕਰਨ ਲਈ ਧਾਰਮਿਕ ਦੌਰੇ ਤੇ ਭਾਰਤ ਵੱਲ ਜਾਣ ਦੇ ਮਕਸਦ ਨਾਲ ਵਾਘਾ ਸਰਹੱਦ ਤੇ ਪੁੱਜੇ ਸਨ। ਪਰ ਉਥੇ ਪਾਕਿਸਤਾਨ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਹਨਾਂ ਨੂੰ ਭਾਰਤ ਜਾਣ ਦੀ ਇਜਾਜ਼ਤ ਨਹੀਂ ਦਿੱਤੀ, ਕਿਉਂਕ ਹਿੰਦੂ ਪਰਿਵਾਰ ਆਪਣੇ ਭਾਰਤ ਦੇ ਦੌਰੇ ‘ਤੇ ਜਾਣ ਦਾ ਸਹੀ ਮਕਸਦ ਉਹਨਾਂ ਅਧਿਕਾਰੀਆਂ ਨੂੰ ਦੱਸਣ ਵਿੱਚ ਨਾਕਾਮ ਰਹੇ।
ਭਾਰਤ ਜਾਣ ਵਾਲੇ ਪਾਕਿਸਤਾਨ ਜਲਦੀ ਨਹੀਂ ਆਉਂਦੇ
ਪਾਕਿਸਤਾਨੀ ਸੂਤਰਾਂ ਦੇ ਹਵਾਲੇ ਤੋਂ ਮੀਡੀਆ ਰਿਪੋਰਟ ਵਿੱਚ ਦੱਸਿਆ ਗਿਆ ਕਿ ਹਿੰਦੂ ਪਰਿਵਾਰ ਆਮਤੌਰ ਤੇ ਧਾਰਮਿਕ ਯਾਤਰਾ ਕਰਨ ਲਈ ਵੀਜ਼ਾ ਲੈ ਕੇ ਭਾਰਤ ਚਲੇ ਤਾਂ ਜਾਂਦੇ ਹਨ, ਪਰ ਉਥੋਂ ਮੁੜ ਵਾਪਸ ਪਾਕਿਸਤਾਨ ਜਲਦੀ ਨਹੀਂ ਆਉਂਦੇ। ਮੀਡੀਆ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਪਹਿਲਾਂ ਵੀ ਪਾਕਿਸਤਾਨ ਤੋਂ ਭਾਰਤ ਗਏ ਵੱਡੀ ਗਿਣਤੀ ਵਿੱਚ ਹਿੰਦੂ ਰਾਜਸਥਾਨ ਅਤੇ ਦਿੱਲੀ ‘ਚ ਖਾਨਾਬਦੋਸ਼ ਬਣ ਕੇ ਰਹਿ ਰਹੇ ਹਨ।
‘ਸੈਂਟਰ ਫ਼ਾਰ ਪੀਸ ਐਂਡ ਜਸਟਿਸ ਪਾਕਿਸਤਾਨ’ ਦੀ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਕਿ ਪਾਕਿਸਤਾਨ ‘ਚ 22,10,566 ਅਲਪਸੰਖਿਅਕ ਹਿੰਦੂ ਰਹਿੰਦੇ ਹਨ, ਜੋ ਪਾਕਿਸਤਾਨ ਦੀ ਕੁਲ 18,60,90,601 ਆਬਾਦੀ ਦਾ ਸਿਰਫ 1.18 ਫ਼ੀਸਦ ਹਿੱਸਾ ਹਨ।
ਘੱਟ-ਗਿਣਤੀ ਭਾਈਚਾਰਿਆਂ ਦੀ ਹਾਲਤ ਖ਼ਰਾਬ
ਪਾਕਿਸਤਾਨ ਵਿੱਚ ਰਹਿਣ ਵਾਲੀ ਹਿੰਦੂ ਆਬਾਦੀ ਸਮੇਤ ਉਥੇ ਵੱਸਣ ਵਾਲੇ ਅਲਪਸੰਖਿਅਕ ਸਮੁਦਾਇਆਂ ਦੀ ਹਾਲਤ ਬੇਹਦ ਖ਼ਰਾਬ ਹੈ, ਕਿਉਂਕਿ ਉਹ ਜਿਆਦਾਤਰ ਗਰੀਬ ਹਨ ਅਤੇ ਉਹਨਾਂ ਨੂੰ ਪਾਕਿਸਤਾਨ ਦੀ ਵਿਧਾਨਕ ਵਿਵਸਥਾ ਵਿੱਚ ਜਿਆਦਾ ਅਹਿਮੀਅਤ ਵੀ ਨਹੀਂ ਦਿੱਤੀ ਜਾਂਦੀ।
ਪਾਕਿਸਤਾਨ ਦੀ ਜ਼ਿਆਦਾਤਰ ਹਿੰਦੂ ਜਨਤਾ ਉੱਥੇ ਦੇ ਸੂਬਾ ਸਿੰਧ ਵਿੱਚ ਵੱਸਦੀ ਹੈ ਜਿੱਥੇ ਉਨ੍ਹਾਂ ਦਾ ਸਭਿਆਚਾਰ, ਰੀਤ ਰਿਵਾਜ ਅਤੇ ਭਾਸ਼ਾ ਉੱਥੇ ਦੇ ਮੁਸਲਮਾਨ ਬਾਸ਼ਿੰਦਿਆਂ ਨਾਲ ਮਿਲਦੀ-ਜੁਲਦੀ ਹੈ। ਹਿੰਦੂ ਪਰਿਵਾਰ ਉਥੇ ਕੱਟੜਪੰਥੀਆਂ ਦੇ ਹੱਥੀਂ ਜ਼ੁਲਮਾਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ।