ਇਜ਼ਰਾਈਲ ਨੂੰ ਭਾਰਤੀ ਹੁਨਰਮੰਦ ਭਾਰਤੀ ਕਾਮਿਆਂ ਦੀ ਭਾਲ, ਤਨਖਾਹ 1.37 ਲੱਖ ਰੁਪਏ ਤੋਂ ਵੀ ਜਿਆਦਾ
ਇਜ਼ਰਾਈਲ ਵਿੱਚ ਜੰਗ ਕਾਰਨ ਬੁਨਿਆਦੀ ਢਾਂਚੇ ਨੂੰ ਹੋਏ ਨੁਕਸਾਨ ਦੀ ਮੁਰੰਮਤ ਕਰਨ ਲਈ, ਇਜ਼ਰਾਈਲ ਸਰਕਾਰ ਨੇ ਭਾਰਤ ਸਰਕਾਰ ਤੋਂ ਲਗਭਗ ਇੱਕ ਲੱਖ ਮਜ਼ਦੂਰਾਂ ਦੀ ਭਰਤੀ ਕਰਨ ਦਾ ਪ੍ਰਸਤਾਵ ਰੱਖਿਆ ਹੈ। ਇਸ ਤਹਿਤ ਭਾਰਤ ਤੋਂ ਕਰੀਬ 10 ਮਜ਼ਦੂਰਾਂ ਨੂੰ ਇਜ਼ਰਾਈਲ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਜਿਨ੍ਹਾਂ ਮਜ਼ਦੂਰਾਂ ਦੀ ਚੋਣ ਕੀਤੀ ਜਾਵੇਗੀ, ਉਨ੍ਹਾਂ ਨੂੰ ਲਗਭਗ 1,40,000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ।
ਇਜ਼ਰਾਈਲ ਅਤੇ ਅੱਤਵਾਦੀ ਸੰਗਠਨ ਹਮਾਸ ਵਿਚਾਲੇ ਚੱਲ ਰਹੇ ਸੰਘਰਸ਼ ਦੇ ਦੌਰਾਨ ਉੱਥੇ ਕਈ ਇਮਾਰਤਾਂ ਅਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ। ਅਜਿਹੇ ‘ਚ ਵੱਡੀ ਪੱਧਰ ‘ਤੇ ਮਜ਼ਦੂਰਾਂ ਦੀ ਲੋੜ ਹੈ। ਸੰਘਰਸ਼ ਨੇ ਉੱਥੋਂ ਦੇ ਸਥਾਨਕ ਲੋਕਾਂ ਨੂੰ ਉਜਾੜ ਦਿੱਤਾ ਹੈ। ਗਾਜ਼ਾ ਪੱਟੀ ਦੇ ਲੋਕ ਕੰਮ ਲਈ ਇਜ਼ਰਾਈਲ ਜਾਣ ਤੋਂ ਅਸਮਰੱਥ ਹਨ, ਜਿਸ ਕਾਰਨ ਉਸਾਰੀ ਕਾਰਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।
ਇਸ ਮੰਗ ਦੇ ਜਵਾਬ ਵਿੱਚ, ਇਜ਼ਰਾਈਲ ਨੇ ਲਗਭਗ ਇੱਕ ਲੱਖ ਕਾਮਿਆਂ ਦੀ ਭਰਤੀ ਕਰਨ ਦੀ ਤਜਵੀਜ਼ ਦੇ ਨਾਲ, ਭਾਰਤ ਸਰਕਾਰ ਨੂੰ ਵੱਡੀ ਗਿਣਤੀ ਵਿੱਚ ਉਸਾਰੀ ਕਾਮੇ ਭੇਜਣ ਦੀ ਬੇਨਤੀ ਕੀਤੀ ਹੈ। ਇਸ ਪਹਿਲਕਦਮੀ ਦੇ ਹਿੱਸੇ ਵਜੋਂ ਉੱਤਰ ਪ੍ਰਦੇਸ਼ ਤੋਂ ਦਸ ਹਜ਼ਾਰ ਨਿਰਮਾਣ ਮਜ਼ਦੂਰਾਂ ਨੂੰ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਮਜ਼ਦੂਰ ਪਹਿਲਾਂ ਹੀ ਕੰਮ ਲਈ ਇਜ਼ਰਾਈਲ ਜਾਣ ਲਈ ਰਾਜ਼ੀ ਹੋ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਸੂਬੇ ਦੇ ਕਰੀਬ 10,000 ਨਿਰਮਾਣ ਮਜ਼ਦੂਰਾਂ ਨੂੰ ਇਜ਼ਰਾਈਲ ਭੇਜਿਆ ਜਾਣਾ ਹੈ।
ਇਜ਼ਰਾਈਲ ਕਿਉਂ ਭੇਜਿਆ ਜਾ ਰਿਹਾ ਹੈ?
ਉਸਾਰੀ ਦੇ ਕੰਮ ਲਈ ਇਜ਼ਰਾਈਲ ਭੇਜੇ ਜਾਣ ਵਾਲੇ ਮਜ਼ਦੂਰਾਂ ਨੂੰ ਘੱਟੋ-ਘੱਟ ਇੱਕ ਸਾਲ ਅਤੇ ਵੱਧ ਤੋਂ ਵੱਧ 5 ਸਾਲ ਲਈ ਠੇਕਾ ਦਿੱਤਾ ਜਾਵੇਗਾ। ਚਿਣਾਈ, ਟਾਈਲਿੰਗ, ਪੱਥਰ ਵਿਛਾਉਣ ਅਤੇ ਲੋਹੇ ਦੀ ਵੈਲਡਿੰਗ ਵਿੱਚ ਨਿਪੁੰਨ ਇਨ੍ਹਾਂ ਕਾਮਿਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਦੇ ਨਾਂ ਅਗਲੇਰੀ ਕਾਰਵਾਈ ਲਈ ਸਰਕਾਰ ਨੂੰ ਸੌਂਪ ਦਿੱਤੇ ਗਏ ਹਨ। ਉਨ੍ਹਾਂ ਨੂੰ ਹਰੀ ਝੰਡੀ ਮਿਲਣ ਤੋਂ ਬਾਅਦ ਉਨ੍ਹਾਂ ਦਾ ਪਾਸਪੋਰਟ, ਵੀਜ਼ਾ ਅਤੇ ਹੋਰ ਲੋੜੀਂਦੇ ਪ੍ਰਬੰਧ ਸਬੰਧਤ ਅਧਿਕਾਰੀਆਂ ਵੱਲੋਂ ਕੀਤੇ ਜਾਣਗੇ।
ਇਸ ਉਮਰ ਦੇ ਕਾਮਿਆਂ ਨੂੰ ਇਜ਼ਰਾਈਲ ਭੇਜਿਆ ਜਾ ਰਿਹਾ
ਜਿਹੜੇ ਮਜ਼ਦੂਰ ਭੇਜੇ ਜਾਣਗੇ, ਉਨ੍ਹਾਂ ਨੂੰ ਪ੍ਰਤੀ ਮਹੀਨਾ ਲਗਭਗ 1,40,000 ਰੁਪਏ ਦਿੱਤੇ ਜਾਣਗੇ। ਕੰਪਨੀ ਪਹਿਲਾਂ ਕਾਮਿਆਂ ਦੀ ਇੰਟਰਵਿਊ ਲਵੇਗੀ ਅਤੇ ਫਿਰ ਉਨ੍ਹਾਂ ਦੀ ਚੋਣ ਕੀਤੀ ਜਾਵੇਗੀ। ਇਜ਼ਰਾਈਲ ਜਾਣ ਵਾਲੇ ਉਸਾਰੀ ਕਾਮਿਆਂ ਨੂੰ ਲੇਬਰ ਡਿਪਾਰਟਮੈਂਟ ਕੋਲ ਤਿੰਨ ਸਾਲਾਂ ਲਈ ਰਜਿਸਟਰਡ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਉਮਰ 21 ਤੋਂ 45 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਜ਼ਰਾਈਲ ਜਾਣ ਵਾਲੇ ਕਾਮਿਆਂ ਨੂੰ ਆਪਣੇ ਸਫ਼ਰ ਦੇ ਖਰਚੇ ਖੁਦ ਚੁੱਕਣੇ ਪੈਣਗੇ।