ਕੈਪਟਨ ਸਮਿਤ ਨੂੰ ਮਾਰ ਕੇ ਇਜ਼ਰਾਈਲ ਦੀ ਉੱਚੀ ਇਮਾਰਤ ਨਾਲ ਜਹਾਜ਼ ਟਕਰਾਉਣਾ ਸੀ… Flydubai ਮਾਮਲੇ ਚ ਵੱਡਾ ਖੁਲਾਸਾ
Flydubai Plane Attack: Flydubai ਜਹਾਜ਼ ਚ ਓਮਾਨੀ ਕੋ-ਪਾਇਲਟ ਨੇ ਭਾਰਤੀ ਕੈਪਟਨ ਸੂਮਿਤ ਮਛਾਰ 'ਤੇ ਕੀਤਾ ਹਮਲਾ, ਜਹਾਜ਼ ਕਰੈਸ਼ ਕਰਨ 'ਤੇ ਇੰਜਣ ਬੰਦ ਕਰਨ ਦੀ ਕੀਤੀ ਕੋਸ਼ਿਸ਼; ਯਾਤਰੀਆਂ ਨੇ ਪਲੇਨ ਨੂੰ ਬਚਾ ਲਿਆ।
ਤੇਲ ਅਵੀਵ ਤੋਂ US ਬੇਸ ਤੱਕ ਕਰੈਸ਼ ਦੇ ਕਈ ਪਲਾਨ,
ਫਲਾਈਦੁਬਈ ਦੇ ਜਹਾਜ਼ ਵਿੱਚ ਭਾਰਤੀ ਕੈਪਟਨ ਸੂਮਿਤ ਮਛਾਰ ‘ਤੇ ਓਮਾਨੀ ਕੋ-ਪਾਇਲਟ ਹਮਾਮ ਅਲ-ਹਮਾਮੀ ਨੇ ਹਮਲਾ ਕੀਤਾ ਸੀ। ਹੁਣ ਇਸ ਘਟਨਾ ਨੂੰ ਲੈ ਕੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਇਟਲੀ ਦੇ ਅਖਬਾਰ ਕੋਰੀਏਰੇ ਡੇਲਾ ਸੇਰਾ ਨੇ ਇਜ਼ਰਾਈਲੀ ਖੁਫੀਆ ਜਾਣਕਾਰੀ ਦੇ ਹਵਾਲੇ ਨਾਲ ਦੱਸਿਆ ਹੈ ਕਿ ਹਮਾਮੀ ਨੇ ਜਹਾਜ਼ ਦੇ ਇੰਜਣ ਬੰਦ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ। ਰਿਪੋਰਟ ਮੁਤਾਬਕ, ਹਮਾਮੀ ਦੀ ਪਹਿਲੀ ਯੋਜਨਾ ਕੈਪਟਨ ਮਛਾਰ ਨੂੰ ਮਾਰ ਕੇ Boeing 737 ਦਾ ਕੰਟਰੋਲ ਆਪਣੇ ਹੱਥ ਵਿੱਚ ਲੈਣ ਦੀ ਸੀ। ਇਸ ਤੋਂ ਬਾਅਦ ਉਹ ਜਹਾਜ਼ ਨੂੰ ਤੇਲ ਅਵੀਵ ਲੈ ਜਾ ਕੇ ਕਿਸੇ ਗਗਨਚੁੰਬੀ ਇਮਾਰਤ ਨਾਲ ਟਕਰਾਉਣਾ ਚਾਹੁੰਦਾ ਸੀ।
ਨਮਾਜ਼ ਪੜ੍ਹਨ ਦਾ ਕੀਤਾ ਨਾਟਕ, ਫਿਰ ਕੁਹਾੜੀ ਨਾਲ ਕੀਤਾ ਹਮਲਾ
ਹਮਾਮੀ ਨੇ ਕਾਕਪਿਟ ਵਿੱਚ ਨਮਾਜ਼ ਪੜ੍ਹਨ ਦਾ ਨਾਟਕ ਕੀਤਾ। ਇਸ ਤੋਂ ਬਾਅਦ ਉਸ ਨੇ ਕਰੈਸ਼ ਐਕਸ (ਕੁਹਾੜੀ) ਕੱਢੀ ਅਤੇ ਪਿੱਛੇ ਤੋਂ ਕੈਪਟਨ ਮਛਾਰ ‘ਤੇ ਹਮਲਾ ਕਰ ਦਿੱਤਾ। ਮਛਾਰ ਦੇ ਸਿਰ ਅਤੇ ਹੱਥ ‘ਤੇ ਗੰਭੀਰ ਸੱਟਾਂ ਲੱਗੀਆਂ ਅਤੇ ਕਾਫ਼ੀ ਖੂਨ ਵਹਿ ਗਿਆ।
ਕੈਪਟਨ ਮਛਾਰ ਨੇ ਕਾਕਪਿਟ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਪਰ ਹਮਾਮੀ ਨੇ ਦਰਵਾਜ਼ਾ ਬੰਦ ਕਰ ਦਿੱਤਾ। ਹਾਲਾਂਕਿ ਮਛਾਰ ਨੇ ਦੁਬਾਰਾ ਦਰਵਾਜ਼ਾ ਖੋਲ੍ਹ ਲਿਆ। ਇਸ ਦੌਰਾਨ ਇੱਕ ਮਹਿਲਾ ਯਾਤਰੀ ਨੇ ਕਾਕਪਿਟ ਤੋਂ ਤੇਜ਼ ਆਵਾਜ਼ਾਂ ਸੁਣੀਆਂ। ਉਸ ਦੀ ਧੀ ਉਸ ਸਮੇਂ ਟਾਇਲਟ ਵਿੱਚ ਸੀ। ਮਹਿਲਾ ਨੇ ਦੂਜੇ ਯਾਤਰੀਆਂ ਅਤੇ ਜਹਾਜ਼ ਵਿੱਚ ਮੌਜੂਦ ਦੋ ਆਫ-ਡਿਊਟੀ ਪਾਇਲਟਾਂ ਨੂੰ ਇਸ ਬਾਰੇ ਦੱਸਿਆ। ਇਸ ਤੋਂ ਬਾਅਦ ਕਈ ਯਾਤਰੀ ਕਾਕਪਿਟ ਤੱਕ ਪਹੁੰਚੇ ਅਤੇ ਉਨ੍ਹਾਂ ਨੇ ਕੈਪਟਨ ਮਛਾਰ ਨੂੰ ਖੂਨ ਨਾਲ ਲੱਥਪੱਥ ਦੇਖਿਆ।
ਹਮਾਮੀ ਨੇ ਹੋਰ ਕਿਹੜੀਆਂ ਯੋਜਨਾਵਾਂ ਬਣਾਈਆਂ ਸਨ?
ਇਜ਼ਰਾਈਲੀ ਮੀਡੀਆ ਰਿਪੋਰਟਾਂ ਮੁਤਾਬਕ, ਅਲ-ਹਮਾਮੀ ਨੇ UAE ਦੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਦੀ ਯੋਜਨਾ ਪਹਿਲਾਂ ਕੈਪਟਨ ਮਛਾਰ ਨੂੰ ਮਾਰਨ ਅਤੇ ਫਿਰ ਜਹਾਜ਼ ਨੂੰ ਆਮ ਤਰੀਕੇ ਨਾਲ ਉਡਾਉਂਦੇ ਰਹਿਣ ਦੀ ਸੀ। ਇਸ ਤੋਂ ਬਾਅਦ ਉਹ ਜਹਾਜ਼ ਨੂੰ ਬੇਨ ਗੁਰਿਓਨ ਏਅਰਪੋਰਟ ਦੀ ਕਿਸੇ ਇਮਾਰਤ ਜਾਂ ਕਿਸੇ ਹੋਰ ਜਹਾਜ਼ ਨਾਲ ਟਕਰਾਉਣਾ ਚਾਹੁੰਦਾ ਸੀ। ਰਿਪੋਰਟ ਮੁਤਾਬਕ, ਇਹ ਹਮਲਾ 9/11 ਵਰਗੇ ਹਮਲੇ ਦੀ ਤਰਜ਼ ਤੇ ਕਰਨ ਦੀ ਯੋਜਨਾ ਸੀ।
ਜੇਕਰ ਬੇਨ ਗੁਰਿਓਨ ਏਅਰਪੋਰਟ ‘ਤੇ ਹਮਲੇ ਦੀ ਯੋਜਨਾ ਨਾਕਾਮ ਹੋ ਜਾਂਦੀ ਤਾਂ ਉਸ ਨੇ ਜਹਾਜ਼ ਨੂੰ ਤੇਲ ਅਵੀਵ ਦੀ ਕਿਸੇ ਗਗਨਚੁੰਬੀ ਇਮਾਰਤ ਨਾਲ ਟਕਰਾਉਣ ਜਾਂ ਜਾਰਡਨ ਵਿੱਚ ਮੌਜੂਦ ਕਿਸੇ ਅਮਰੀਕੀ ਫੌਜੀ ਅੱਡੇ ‘ਤੇ ਕਰੈਸ਼ ਕਰਨ ਦੀ ਵੀ ਯੋਜਨਾ ਬਣਾਈ ਸੀ।
ਇਹ ਵੀ ਪੜ੍ਹੋ
30 ਸਕਿੰਟ ਵਿੱਚ 16 ਹਜ਼ਾਰ ਫੁੱਟ ਹੇਠਾਂ ਆ ਗਿਆ ਜਹਾਜ਼
ਰਿਪੋਰਟ ਮੁਤਾਬਕ, ਜਦੋਂ ਪਹਿਲੀ ਯੋਜਨਾ ਨਾਕਾਮ ਹੁੰਦੀ ਦਿਖੀ ਤਾਂ ਹਮਾਮੀ ਨੇ ਜਹਾਜ਼ ਨੂੰ ਰੇਗਿਸਤਾਨ ਵਿੱਚ ਡੇਗਣ ਦੀ ਕੋਸ਼ਿਸ਼ ਕੀਤੀ। ਉਸ ਨੇ ਆਟੋਪਾਇਲਟ ਬੰਦ ਕਰ ਦਿੱਤਾ ਅਤੇ ਕੰਟਰੋਲ ਸਟਿਕ ਨੂੰ ਅੱਗੇ ਕਰ ਦਿੱਤਾ।
ਜਹਾਜ਼ ਸਿਰਫ਼ 30 ਸਕਿੰਟ ਵਿੱਚ ਕਰੀਬ 16 ਹਜ਼ਾਰ ਫੁੱਟ ਹੇਠਾਂ ਆ ਗਿਆ। ਇਸ ਦੌਰਾਨ ਜਹਾਜ਼ ਦੀਆਂ ਐਮਰਜੈਂਸੀ ਲਾਈਟਾਂ ਵੀ ਜਲ ਰਹੀਆਂ ਸਨ। ਰਿਪੋਰਟ ਮੁਤਾਬਕ, ਇਸ ਤੋਂ ਸੰਕੇਤ ਮਿਲ ਸਕਦਾ ਹੈ ਕਿ ਜਹਾਜ਼ ਦੀ ਮੇਨ ਬਿਜਲੀ ਚਲੀ ਗਈ ਸੀ ਅਤੇ ਉਹ ਬੈਟਰੀ ‘ਤੇ ਚੱਲ ਰਿਹਾ ਸੀ। ਅਜਿਹਾ ਜਨਰੇਟਰ ਬੰਦ ਹੋਣ ਜਾਂ ਦੋਵੇਂ ਇੰਜਣ ਬੰਦ ਹੋਣ ਦੀ ਸਥਿਤੀ ਵਿੱਚ ਹੋ ਸਕਦਾ ਹੈ।
ਜਾਂਚ ਵਿੱਚ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਕੀ ਹਮਾਮੀ ਨੇ ਦੋਵੇਂ ਇੰਜਣਾਂ ਦੇ ਫਿਊਲ ਸਵਿੱਚ ਨੂੰ Run ਤੋਂ Cutoff ਕੀਤਾ ਸੀ।
ਇਸ ਦੌਰਾਨ ਜਹਾਜ਼ ਦੀ ਰਫ਼ਤਾਰ 970 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੀ ਜ਼ਿਆਦਾ ਹੋ ਗਈ ਅਤੇ ਉਸ ਦੇ ਟੇਲ ਰਡਰ (ਦਿਸ਼ਾ ਬਦਲਣ ਵਾਲੇ ਪਿਛਲੇ ਹਿੱਸੇ) ਨੂੰ ਨੁਕਸਾਨ ਪਹੁੰਚਿਆ। ਯਾਤਰੀ ਯਾਨਿਵ ਹਯੂਨ ਨੇ ਕੰਟਰੋਲ ਸਟਿਕ ਨੂੰ ਆਪਣੀ ਵੱਲ ਖਿੱਚ ਕੇ ਜਹਾਜ਼ ਨੂੰ ਹੋਰ ਹੇਠਾਂ ਜਾਣ ਤੋਂ ਰੋਕਿਆ। ਇਸ ਤੋਂ ਬਾਅਦ ਦੋਵੇਂ ਆਫ-ਡਿਊਟੀ ਪਾਇਲਟਾਂ ਨੇ ਜਹਾਜ਼ ਦਾ ਕੰਟਰੋਲ ਸੰਭਾਲ ਲਿਆ।
ਕਰੀਬ 9:25 ਵਜੇ ਜਹਾਜ਼ ਇੱਕ ਵਾਰ ਫਿਰ ਹੇਠਾਂ ਜਾਣ ਲੱਗਾ, ਪਰ ਪਾਇਲਟਾਂ ਨੇ ਇਸ ਨੂੰ ਸੰਭਾਲ ਲਿਆ। ਸਾਊਦੀ ਏਅਰ ਟ੍ਰੈਫਿਕ ਕੰਟਰੋਲ ਨੇ ਜਹਾਜ਼ ਨੂੰ ਵਾਪਸ ਮੋੜਿਆ ਅਤੇ ਬਾਅਦ ਵਿੱਚ ਤਬੂਕ ਵਿੱਚ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ।
ਓਮਾਨੀ ਪਾਇਲਟ ਨੂੰ ਕਿਵੇਂ ਮਿਲੀ ਮਨਜ਼ੂਰੀ?
ਕੈਪਟਨ ਸੂਮਿਤ ਮਛਾਰ ਨੂੰ ਹਸਪਤਾਲ ਲਿਜਾਇਆ ਗਿਆ, ਜਦਕਿ ਹਮਾਮੀ ਨੂੰ ਸਾਊਦੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ। ਇਜ਼ਰਾਈਲ ਨੇ ਇਸ ਘਟਨਾ ਨੂੰ ਅੱਤਵਾਦੀ ਹਮਲਾ ਦੱਸਿਆ ਹੈ।
ਹੁਣ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਓਮਾਨ ਅਤੇ ਇਜ਼ਰਾਈਲ ਵਿਚਕਾਰ ਕੂਟਨੀਤਿਕ ਸਬੰਧ ਨਾ ਹੋਣ ਅਤੇ ਸੁਰੱਖਿਆ ਪਾਬੰਦੀਆਂ ਦੇ ਬਾਵਜੂਦ ਓਮਾਨੀ ਪਾਇਲਟ ਨੂੰ ਤੇਲ ਅਵੀਵ ਜਾਣ ਵਾਲੀ ਫਲਾਈਟ ਉਡਾਉਣ ਦੀ ਮਨਜ਼ੂਰੀ ਕਿਵੇਂ ਮਿਲੀ।
ਨੋਟ: ਇਸ ਖ਼ਬਰ ਵਿੱਚ ਦਿੱਤੀ ਗਈ ਜਾਣਕਾਰੀ ਵੱਖ-ਵੱਖ ਮੀਡੀਆ ਰਿਪੋਰਟਾਂ ਅਤੇ ਜਾਂਚ ਨਾਲ ਜੁੜੇ ਦਾਅਵਿਆਂ ‘ਤੇ ਆਧਾਰਿਤ ਹੈ। ਟੀਵੀ9 ਭਾਰਤਵਰਸ਼ ਪੰਜਾਬੀ ਇਸ ਦੀ ਸੁਤੰਤਰ ਤੌਰ ਤੇ ਪੁਸ਼ਟੀ ਨਹੀਂ ਕਰਦਾ।
