ਸੀਰੀਆ ‘ਚ ਭੁਚਾਲ ਤੋਂ ਬਾਅਦ ਮਲਬੇ ਥੱਲੇ ਦੱਬੀ ਮ੍ਰਿਤਕ ਮਾਂ ਦੇ ਗਰਭਨਾਲ ਜੁੜੇ ਨਵਜਾਤ ਦੀ ਬਚਾਈ ਜਾਨ
ਕਸਬਾ ਜਿੰਦਰਿਸ ਵਿੱਚ ਹੀ ਅਜਿਹਾ ਇੱਕ ਹੋਰ ਅਜੂਬਾ ਸੋਮਵਾਰ ਸ਼ਾਮ ਵੇਖਣ ਨੂੰ ਮਿਲਿਆ ਜਿੱਥੇ ਭੂਚਾਲ ਵਿੱਚ ਢਹਿ ਇੱਕ ਹੋਰ ਇਮਾਰਤ ਦੇ ਮਲਬੇ ਥੱਲਿਓਂ ਬਾਹਰ ਕੱਢ ਕੇ ਇੱਕ ਹੋਰ ਬੱਚੀ ਦੀ ਜਾਨ ਬਚਾਈ ਗਈ ਹੈ।
ਜਿੰਦਰਿਸ (ਸੀਰੀਆ) :ਸੀਰੀਆ ਵਿੱਚ ਆਏ ਵਿਨਾਸ਼ਕਾਰੀ ਭੂਚਾਲ ਵਿੱਚ ਉਥੇ ਕਈ ਇਮਾਰਤਾਂ ਜ਼ਮੀਂਦੋਜ਼ ਹੋਇਆਂ, ਜਿਹਨਾਂ ਦੇ ਮਲਬੇ ਹੇਠਾਂ ਦੱਬ ਕੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੋਈ ਹੈ। ਪਰ ਸੀਰੀਆ ਦੇ ਹੀ ਉੱਤਰ-ਪੱਛਮ ਕਸਬੇ ਵਿੱਚ ਇੱਕ ਪੰਜ ਮੰਜ਼ਿਲਾ ਇਮਾਰਤ ਢੈਣ ਮਗਰੋਂ ਓਸਦੇ ਮਲਬੇ ਥੱਲੇ ਦੱਬੀ ਇੱਕ ਨਵਜਾਤ ਬੱਚੀ ਦਾ ਬਾਸ਼ਿੰਦਿਆਂ ਨੂੰ ਪਤਾ ਲੱਗਿਆ ਸੀ। ਉਥੇ ਮੌਜੂਦ ਰਿਸ਼ਤੇਦਾਰਾਂ ਅਤੇ ਡਾਕਟਰ ਵੱਲੋਂ ਦੱਸਿਆ ਗਿਆ ਕਿ ਭੂਚਾਲ ਦੌਰਾਨ ਮਲਬੇ ਹੇਠਾਂ ਦੱਬੀ ਉਸ ਦੀ ਮਾਂ ਨੇ ਇਸ ਬੱਚੀ ਨੂੰ ਜਨਮ ਦਿੱਤਾ ਹੋਣਾ, ਅਤੇ ਜਦੋਂ ਇਸ ਨਵਜਾਤ ਬੱਚੀ ਨੂੰ ਉਥੋਂ ਬਾਹਰ ਕੱਢਿਆ ਗਿਆ ਤਾਂ ਓਸ ਦੀ ਗਰਭਨਾਲ ਅਪਣੀ ਮਾਂ ਅਫ਼ਰਾ ਅਬੂ ਹਾਦਿਆ ਨਾਲ ਜੁੜੀ ਹੋਈ ਸੀ।
ਰਿਸ਼ਤੇਦਾਰਾਂ ਵੱਲੋਂ ਦੱਸਿਆ ਗਿਆ ਕਿ ਸੋਮਵਾਰ ਨੂੰ ਆਏ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ ਹੁਣ ਸੀਰੀਆ ਦੇ ਕਸਬਾ ਜਿੰਦਰਿਸ ਵਿੱਚ ਅਪਣੇ ਪਰਿਵਾਰ ਵਿੱਚ ਇਹ ਨਵਜਾਤ ਹੀ ਜਿੰਦਾ ਬੱਚੀ ਹੈ।
ਭੂਚਾਲ ਮਗਰੋਂ 10 ਘੰਟਿਆਂ ਤੋਂ ਵੀ ਵੱਧ ਸਮੇਂ ਬਾਅਦ ਕੱਢਿਆ ਨਵਜਾਤ ਬੱਚੀ ਨੂੰ
ਇਸ ਨਵਜਾਤ ਬੱਚੀ ਨੂੰ ਸੋਮਵਾਰ ਬਾਅਦ ਦੁਪਹਿਰ ਆਏ ਭੂਚਾਲ ਮਗਰੋਂ 10 ਘੰਟਿਆਂ ਤੋਂ ਵੀ ਵੱਧ ਸਮੇਂ ਬਾਅਦ ਮਲਬੇ ‘ਚੋਂ ਬਾਹਰ ਕੱਢਿਆ ਗਿਆ ਸੀ। ਉਸ ਦੇ ਪਰਿਵਾਰ ਦੀ ਇੱਕ ਪੜ੍ਹੋਸਨ ਨੇ ਉਸ ਦੀ ਗਰਭਨਾਲ ਕੱਟੀ ਸੀ ਅਤੇ ਉਸ ਤੋਂ ਬਾਅਦ ਓਸ ਨੂੰ ਆਨਨ ਫਾਨਨ ਵਿੱਚ ਨਜ਼ਦੀਕੀ ਕਸਬਾ ਅਫਰੀਨ ਵਿੱਚ ਬੱਚਿਆਂ ਦੇ ਅਸਪਤਾਲ ‘ਚ ਭਰਤੀ ਕਰਾਇਆ ਜਿੱਥੇ ਡਾਕਟਰ ਹਨੀ ਮਾਰੂਫ਼ ਹੋਰਾਂ ਨੇ ਦੱਸਿਆ ਕਿ ਹੁਣ ਇਸ ਬੱਚੀ ਨੂੰ ਇਨਕੂਬੇਟਰ ਵਿੱਚ ਰੱਖਿਆ ਗਿਆ ਹੈ। ਮਲਬੇ ਹੇਠਾਂ ਦੱਬਣ ਕਰਕੇ ਉਸ ਦੇ ਸਰੀਰ ਤੇ ਰਗੜਾਂ ਆਈਆਂ ਹਨ ਪਿੱਠ ਤੇ ਚੋਟਾਂ ਲੱਗਿਆਂ ਹਨ ਪਰ ਹੁਣ ਉਸ ਦੀ ਹਾਲਤ ਠੀਕ ਹੈ। ਡਾਕਟਰ ਮਾਰੂਫ ਦੇ ਮੁਤਾਬਿਕ, ਲੱਗਦਾ ਹੈ ਕਿ ਇਸ ਬੱਚੀ ਨੂੰ ਮਲਬੇ ਚੋਂ ਬਾਹਰ ਕੱਢਣ ਤੋਂ ਕਰੀਬ ਤਿੰਨ ਘੰਟੇ ਪਹਿਲਾਂ ਉਸ ਦੀ ਮਾਂ ਨੇ ਓਸ ਨੂੰ ਜਨਮ ਦਿੱਤਾ ਹੋਣਾ।
ਇੱਕ ਹੋਰ ਬੱਚੀ ਨੂੰ ਜ਼ਿੰਦਾ ਕੱਢਿਆ
ਕਸਬਾ ਜਿੰਦਰਿਸ ਵਿੱਚ ਹੀ ਅਜਿਹਾ ਇੱਕ ਹੋਰ ਅਜੂਬਾ ਸੋਮਵਾਰ ਸ਼ਾਮ ਨੂੰ ਵੇਖਣ ਨੂੰ ਮਿਲਿਆ, ਜਿੱਥੇ ਭੂਚਾਲ ਵਿੱਚ ਢਹਿ ਇੱਕ ਹੋਰ ਇਮਾਰਤ ਦੇ ਮਲਬੇ ਥੱਲਿਓਂ ਇੱਕ ਹੋਰ ਨੌਨਿਹਾਲ ਬੱਚੀ ਨੂੰ ਜ਼ਿੰਦਾ ਬਾਹਰ ਕੱਢਿਆ ਗਿਆ। ਇਸ ਵਾਕੇ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਉੱਥੇ ਬਚਾਅ ਅਭਿਆਨ ਚਲਾ ਰਹੇ ‘ਵ੍ਹਾਈਟ ਹੈਲਮੇਟ’ ਨਾਂ ਦੀ ਐਮਰਜੈਂਸੀ ਸਰਵਿਸ ਦੇ ਕਰਮਚਾਰੀਆਂ ਨੂੰ ਉਥੇ ਮਲਬੇ ਵਿੱਚ ਮੁੜੇਤੁੜੇ ਸਰੀਏ ਦੇ ਆਲੇ ਦੁਆਲੇ ਫਸੀ ਇੱਕ ਛੋਟੀ ਜਿਹੀ ਬੱਚੀ ਨੂਰ ਨਜ਼ਰ ਆਉਂਦੀ ਹੈ। ਉਸ ਦਾ ਅੱਧਾ ਸ਼ਰੀਰ ਮਲਬੇ ਥੱਲੇ ਦੱਬਿਆ ਹੋਇਆ ਹੈ ਅਤੇ ਬਚਾਅ ਦਲ ਦਾ ਕਰਮਚਾਰੀ ਉਸਨੂੰ ਕਹਿ ਰਿਹਾ ਹੈ, ‘ਤੁਹਾਡੇ ਪਿਤਾ ਇੱਥੇ ਹਨ, ਡਰਨਾ ਨਹੀਂ, ਅਪਣੇ ਪਿਤਾ ਨਾਲ ਗੱਲ ਕਰੋ।’ ਇਸ ਤੋਂ ਬਾਅਦ ਇਕ ਬਚਾਵ ਕਰਮਚਾਰੀ ਉਸ ਨੂੰ ਮਲਬੇ ਦੇ ਥੱਲਿਉਂ ਬਾਹਰ ਕੱਢ ਕੇ ਉਸ ਦੇ ਸਿਰ ਨੂੰ ਬੜੇ ਆਰਾਮ ਨਾਲ ਅਪਣੇ ਹੱਥਾਂ ਵਿੱਚ ਲੈ ਕੇ ਉਸ ਦੀਆਂ ਅੱਖਾਂ ਦੇ ਆਲੇ-ਦੁਆਲੇ ਧੂਲਮਿੱਟੀ ਹਟਾਉਂਦਾ ਨਜ਼ਰ ਆਉਂਦਾ ਹੈ।