ਇਟਲੀ: ਗੁਰਦੁਆਰੇ ਬਾਹਰ ਦੋ ਸੇਵਦਾਰਾਂ ਦਾ ਕਤਲ, ਨਗਰ ਕੀਰਤਨ ਦੀ ਚੱਲ ਰਹੀਆਂ ਸਨ ਤਿਆਰੀਆਂ

Updated On: 

19 Apr 2026 15:10 PM IST

ਮ੍ਰਿਤਕਾਂ ਦੀ ਪਛਾਣ 48 ਸਾਲਾ ਰਜਿੰਦਰ ਸਿੰਘ ਤੇ 48 ਸਾਲਾ ਗੁਰਮੀਤ ਸਿੰਘ ਵਜੋਂ ਹੋਈ ਹੈ। ਦੋਵੇਂ ਲੰਬੇ ਸਮੇਂ ਤੋਂ ਗੁਰਦੁਆਰਾ ਸਾਹਿਬ 'ਚ ਸੇਵਾਦਾਰਾਂ ਵਜੋਂ ਸੇਵਾ ਨਿਭਾ ਰਹੇ ਸਨ। ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਹਮਲਾਵਰ ਭਾਰਤੀ ਮੂਲ ਦਾ ਹੈ। ਘਟਨਾ ਤੋਂ ਬਾਅਦ, ਪੁਲਿਸ ਨੇ ਇਲਾਕੇ ਨੂੰ ਘੇਰ ਲਿਆ ਹੈ ਤੇ ਦੋਸ਼ੀਆਂ ਦੀ ਭਾਲ ਜਾਰੀ ਹੈ।

ਇਟਲੀ: ਗੁਰਦੁਆਰੇ ਬਾਹਰ ਦੋ ਸੇਵਦਾਰਾਂ ਦਾ ਕਤਲ, ਨਗਰ ਕੀਰਤਨ ਦੀ ਚੱਲ ਰਹੀਆਂ ਸਨ ਤਿਆਰੀਆਂ

ਇਟਲੀ ਦੇ ਸ਼ਹਿਰ ਕੋਵੋ ‘ਚ ਇੱਕ ਦੁਖਦਾਈ ਘਟਨਾ ਵਾਪਰੀ ਹੈ, ਜਿੱਥੇ ਦੋ ਸਿੱਖ ਸੇਵਾਦਾਰਾਂ ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਦੋਂ ਕਿ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਹਮਲਾਵਰਾਂ ਨੇ ਲਗਭਗ 10 ਰਾਉਂਡ ਫਾਇਰ ਕੀਤੇ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ‘ਚੋਂ ਦੋ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਤੀਜਾ ਜ਼ਖਮੀ ਵਿਅਕਤੀ ਇਸ ਸਮੇਂ ਇਲਾਜ ਅਧੀਨ ਹੈ।

ਮ੍ਰਿਤਕਾਂ ਦੀ ਪਛਾਣ 48 ਸਾਲਾ ਰਜਿੰਦਰ ਸਿੰਘ ਤੇ 48 ਸਾਲਾ ਗੁਰਮੀਤ ਸਿੰਘ ਵਜੋਂ ਹੋਈ ਹੈ। ਦੋਵੇਂ ਲੰਬੇ ਸਮੇਂ ਤੋਂ ਗੁਰਦੁਆਰਾ ਸਾਹਿਬ ‘ਚ ਸੇਵਾਦਾਰਾਂ ਵਜੋਂ ਸੇਵਾ ਨਿਭਾ ਰਹੇ ਸਨ। ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਹਮਲਾਵਰ ਭਾਰਤੀ ਮੂਲ ਦਾ ਹੈ। ਘਟਨਾ ਤੋਂ ਬਾਅਦ, ਪੁਲਿਸ ਨੇ ਇਲਾਕੇ ਨੂੰ ਘੇਰ ਲਿਆ ਹੈ ਤੇ ਦੋਸ਼ੀਆਂ ਦੀ ਭਾਲ ਜਾਰੀ ਹੈ।

ਦੱਸਿਆ ਜਾ ਰਿਹਾ ਹੈ ਕਿ 18 ਅਪ੍ਰੈਲ ਨੂੰ ਵਿਸਾਖੀ ਨੂੰ ਲੈ ਕੇ ਹੋਣ ਵਾਲੇ ਨਗਰ ਕੀਰਤਨ ਲਈ ਗੁਰਦੁਆਰਾ ਸਾਹਿਬ ‘ਚ ਤਿਆਰੀਆਂ ਜ਼ੋਰਾਂ ‘ਤੇ ਸਨ। ਸ਼ਨੀਵਾਰ ਰਾਤ, ਲਗਭਗ 11:50 ਵਜੇ ਜਦੋਂ ਸੰਗਤ ਗੁਰਦੁਆਰੇ ਤੋਂ ਬਾਹਰ ਆ ਰਹੀ ਸੀ ਤਾਂ ਇੱਕ ਕਾਰ ‘ਚ ਆਏ ਹਮਲਾਵਰ ਨੇ ਅਚਾਨਕ ਗੋਲੀਬਾਰੀ ਕਰ ਦਿੱਤੀ। ਇਸ ਤੋਂ ਬਾਅਦ ਹੋਈ ਹਫੜਾ-ਦਫੜੀ ਦੌਰਾਨ, ਦੋਵੇਂ ਸੇਵਾਦਾਰ ਗੋਲੀਆਂ ਨਾਲ ਜ਼ਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ।

ਇਸ ਗੋਲੀਬਾਰੀ ਦੀ ਘਟਨਾ ‘ਚ ਇੱਕ ਤੀਜਾ ਵਿਅਕਤੀ ਵੀ ਜ਼ਖਮੀ ਹੋ ਗਿਆ ਤੇ ਉਸ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਗੋਲੀਬਾਰੀ ਤੋਂ ਬਾਅਦ ਹਮਲਾਵਰ ਇੱਕ ਕਾਰ ‘ਚ ਮੌਕੇ ਤੋਂ ਭੱਜ ਗਿਆ, ਜਿਸ ਨਾਲ ਇਲਾਕੇ ‘ਚ ਦਹਿਸ਼ਤ ਤੇ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ।

ਘਟਨਾ ਦੇ ਮੱਦੇਨਜ਼ਰ, ਕੋਵੋ ‘ਚ ਹੋਣ ਵਾਲਾ ਨਗਰ ਕੀਰਤਨ ਰੱਦ ਕਰ ਦਿੱਤਾ ਗਿਆ ਹੈ। ਮੁੱਢਲੀ ਪੁਲਿਸ ਜਾਂਚ ਤੋਂ ਪਤਾ ਚਲਿਆ ਹੈ ਕਿ ਇਹ ਮਾਮਲਾ ਨਿੱਜੀ ਰੰਜ਼ਿਸ ਨਾਲ ਜੁੜਿਆ ਹੋ ਸਕਦਾ ਹੈ।

Follow Us